ਬੁਢਲਾਡਾ, 23 ਅਗਸਤ:-(ਦਵਿੰਦਰ ਸਿੰਘ ਕੋਹਲੀ)-ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 25 ਅਗਸਤ ਤੋਂ 8 ਸਤੰਬਰ 2022 ਤੱਕ ਸਿਹਤ ਵਿਭਾਗ ਵੱਲੋਂ ਅੱਖਾਂ ਦਾਨ ਦਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਆਸ਼ਾ, ਏ.ਐਨ.ਐਮ, ਸਿਹਤ ਸੁਪਰਵਾਇਜਰ, ਬਲਾਕ ਐਜੁਕੈਟਰਾਂ ਵੱਲੋਂ ਜ਼ਿਲ੍ਹਾ ਪੱਧਰ ’ਤੇ ਜਾਗਰੂਕ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਅੱਜ ਸਾਡੇ ਦੇਸ ਅੰਦਰ 15 ਮਿਲੀਅਨ ਲੋਕਾਂ ਨੂੰ ਅੱਖਾਂ ਦੀ ਲੋੜ ਹੈ ਜੋ ਕਿ ਕਿਸੇ ਹਾਦਸੇ ਕਾਰਨ ਜਾਂ ਬਚਪਨ ਸਮੇਂ ਅੰਨੇਪਣ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਘਾਟਾ ਅਸੀਂ ਤਾਂ ਹੀ ਪੂਰਾ ਕਰ ਸਕਦੇ ਹਾਂ, ਜੇਕਰ ਅਸੀਂ ਅੱਖਾਂ ਦਾਨ ਕਰਨ ਦਾ ਇਹ ਸੁਨੇਹਾ ਘਰ-ਘਰ ਤੱਕ ਪਹੁੰਚਾਈਏ। ਅਸੀਂ ਖੁਦ ਵੀ ਅੱਖਾਂ ਦਾਨ ਕਰੀਏ ਅਤੇ ਜਨ ਸਮੂਹ ਨੂੰ ਵੀ ਇਸ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰੀਏ।
ਉਨ੍ਹਾਂ ਕੁਪੋਸਣ ਕਾਰਨ ਅੱਖਾਂ ‘ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਸਬੰਧੀ ਜਾਣੂ ਕਰਵਾਉਂਦਿਆਂ ਕਿਹਾ ਕਿ ਮੋਬਾਇਲ ਫੋਨ ਅਤੇ ਕੰਪਿਊਟਰ ਦੀ ਲੋੜ ਅਨੁਸਾਰ ਹੀ ਵਰਤੋਂ ਕੀਤੀ ਜਾਵੇ, ਹਨੇਰੇ ਵਿਚ ਮੋਬਾਇਲ ਦੀ ਵਰਤੋਂ ਕਰਨ ਤੋਂ ਗੁਰੇਜ ਕੀਤਾ ਜਾਵੇ, ਕਿਉਂਕਿ ਇਸ ਨਾਲ ਰੈਟੀਨਾ ਤੇ ਬਹੁਤ ਮਾੜਾ ਅਸਰ ਪੈਂਦਾ ਹੈ, ਜਿਸ ਦਾ ਬਾਅਦ ਵਿਚ ਕੋਈ ਇਲਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੀ ਰੋਸ਼ਨੀ ਬਰਕਰਾਰ ਰੱਖਣ ਲਈ ਆਪਣੀ ਖੁਰਾਕ ਵਿਚ ਵਿਟਾਮਿਨ ‘ਏ‘ ਭਰਪੂਰ ਖੁਰਾਕ ਨੂੰ ਜਰੂਰ ਸਾਮਿਲ ਕਰਨਾਂ ਚਾਹੀਦਾ ਹੈ।
ਅੱਖਾਂ ਦੇ ਮਾਹਿਰ ਡਾ. ਤਮੰਨਾ ਸੰਘੀ ਨੇ ਦੱਸਿਆ ਕਿ ਕਿਸੇ ਵੀ ਉਮਰ ਵਿਚ ਅੱਖਾਂ ਦਾਨ ਕੀਤੀਆ ਜਾ ਸਕਦੀਆਂ ਹਨ। ਜੇਕਰ ਕਿਸੇ ਵਿਅਕਤੀ ਦੇ ਦੂਰ ਦੀ ਐਨਕ ਲੱਗੀ ਹੋਵੇ, ਲੈੰਨਜ ਪਾਇਆ ਹੋਵੇ ਤਾਂ ਵੀ ਉਹ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ। ਕੇਵਲ ਕੈਂਸਰ, ਏਡਜ ਅਤੇ ਦਿਮਾਗੀ ਬੁਖਾਰ ਦੇ ਵਿਚ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ।