ਅਸ਼ਵਨੀ ਸ਼ਰਮਾ ਨੇ ਸਿਸੋਦੀਆ ਬਾਰੇ ‘ਆਪ’ ਦੇ ਮੰਤਰੀਆਂ ਤੇ ਆਗੂਆਂ ਨੂੰ ਦਿੱਤਾ ਕਰਾਰਾ ਜਵਾਬ
ਚੰਡੀਗੜ੍ਹ/ਅੰਮ੍ਰਿਤਸਰ: 19 ਅਗਸਤ (ਪਵਿੱਤਰ ਜੋਤ ) ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿੱਲੀ ਸਰਕਾਰ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ‘ਤੇ ਸੀ.ਬੀ.ਆਈ ਦੇ ਛਾਪੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਹੋਰ ‘ਆਪ’ ਆਗੂਆਂ ਵੱਲੋਂ ਦਿੱਤੀਆਂ ਜਾ ਰਹੀ ਪ੍ਰਤੀਕਿਰਿਆਂਵਾਂ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਲੋਕ ਇੰਨੇ ਤਿਲਮਿਲਾ ਕਿਉਂ ਰਹੇ ਹਨ? ਜੇਕਰ ਉਨ੍ਹਾਂ ਦੇ ਆਗੂ ਇੰਨੇ ਹੀ ਇਮਾਨਦਾਰ ਹਨ ਤਾਂ ਇਹਨਾਂ ਨੂੰ ਕਿਸ ਗੱਲ ਦਾ ਡਰ ਹੈ? ਸ਼ਰਮਾ ਨੇ ਕਿਹਾ ਕਿ ਹਮੇਸ਼ਾ ਚੋਰ ਹੀ ਸਬ ‘ਤੋਂ ਵੱਧ ਰੋਲਾ ਪਾਉਂਦਾ ਹੈI
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਪ ਨੇਤਾ ਵਾਰ-ਵਾਰ ਸਿਸੋਦੀਆ ਨੂੰ ਸਿੱਖਿਆ ਮੰਤਰੀ ਦੱਸ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ, ਪਰ ਜਨਤਾ ਨੂੰ ਇਹ ਕਿਉਂ ਨਹੀਂ ਦੱਸ ਰਹੇ ਕਿ ਉਨ੍ਹਾਂ ਕੋਲ ਹੋਰ ਕਿਹੜੇ ਵਿਭਾਗ ਹਨ? ਸ਼ਰਮਾ ਨੇ ਕਿਹਾ ਕਿ ਇੱਥੇ ਅਸੀਂ ਸ਼ਰਾਬ ਘੁਟਾਲੇ ਅਤੇ ਇਸਦੀ ਨੀਤੀ ਦੀ ਗੱਲ ਕਰ ਰਹੇ ਹਾਂ, ਸਿੱਖਿਆ ਦੀ ਨਹੀਂ। ਸਿਸੋਦੀਆ ‘ਤੇ ਸ਼ਰਾਬ ਨੀਤੀ ਅਤੇ ਕਰੋੜਾਂ ਦੇ ਘੁਟਾਲੇ ਨੂੰ ਲੈ ਕੇ ਸੀਬੀਆਈ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਇਸ ਛਾਪੇਮਾਰੀ ਦੇ ਹੁਕਮ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਹਨ, ਮੋਦੀ ਸਰਕਾਰ ਵੱਲੋਂ ਨਹੀਂ।
ਦੱਸਣਯੋਗ ਹੈ ਕਿ ਸੀਬੀਆਈ ਦੀ ਇਹ ਛਾਪੇਮਾਰੀ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਅਤੇ ਕਰੋੜਾਂ ਦੇ ਘਪਲੇ ਨੂੰ ਲੈ ਕੇ ਹੋਈ ਹੈ ਅਤੇ ਇਸ ਸੰਬੰਧੀ ਸਿਫ਼ਾਰਿਸ਼ ਵੀ ਦਿੱਲੀ ਦੇ ਉਪ ਰਾਜਪਾਲ ਵੱਲੋਂ ਵੀ ਕੀਤੀ ਗਈ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੀ ਇਮਾਨਦਾਰੀ ਅਤੇ ਭ੍ਰਿਸ਼ਟਾਚਾਰ ਦੇ ਕਈ ਸਬੂਤ ਲੋਕਾਂ ਦੇ ਸਾਹਮਣੇ ਹਨ। ਦਿੱਲੀ ਸਰਕਾਰ ਵਿੱਚ ਕੋਈ ਨੈਤਿਕਤਾ ਨਹੀਂ ਬਚੀ। ਦਿੱਲੀ ਸਰਕਾਰ ਦਿੱਲੀ ਦੀਆਂ ਗਲੀਆਂ-ਗਲੀਆਂ ਵਿੱਚ ਸ਼ਰਾਬ ਵੇਚ ਰਹੀ ਹੈ ਅਤੇ ਇਸ ਦੀ ਆੜ ਵਿੱਚ ਹਜ਼ਾਰਾਂ ਕਰੋੜਾਂ ਦਾ ਘਪਲਾ ਕਰ ਰਹੀ ਹੈ। ਜਿਸ ਦਿਨ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ, ਉਸੇ ਦਿਨ ਦਿੱਲੀ ਸਰਕਾਰ ਨੇ ਆਪਣੀ ਸ਼ਰਾਬ ਨੀਤੀ ਵਾਪਸ ਲੈ ਲਈ। ਜੇਕਰ ਸ਼ਰਾਬ ਨੀਤੀ ਵਿੱਚ ਕੋਈ ਘਪਲਾ ਨਹੀਂ ਸੀ ਤਾਂ ਇਸ ਨੂੰ ਵਾਪਸ ਕਿਉਂ ਲਿਆ ਗਿਆ? ਸੱਚ ਜਨਤਾ ਦੇ ਸਾਹਮਣੇ ਆਉਣਾ ਚਾਹੀਦਾ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਗਏ ਸਨ, ਉਦੋਂ ਵੀ ਕੇਜਰੀਵਾਲ ਨੇ ਜੈਨ ਨੂੰ ਬਰਖਾਸਤ ਨਹੀਂ ਕੀਤਾ ਸੀ। ਕੇਜਰੀਵਾਲ ਦਾ ਕਹਿਣਾ ਹੈ ਕਿ ਉਹ ਆਪਣੀ ਯਾਦਦਾਸ਼ਤ ਗੁਆ ਚੁੱਕੇ ਹਨ। ਸ਼ਰਮਾ ਨੇ ਕਿਹਾ ਕਿ ਭ੍ਰਿਸ਼ਟ ਜਿੰਨਾ ਮਰਜ਼ੀ ਇਮਾਨਦਾਰੀ ਦਾ ਚੋਲਾ ਪਾ ਲਵੇ, ਉਹ ਭ੍ਰਿਸ਼ਟ ਹੀ ਰਹਿੰਦਾ ਹੈ।