ਲਾਲਪੁਰਾ ਦੀ ਚੋਣ ਕਰਦਿਆਂ ਪੰਜਾਬ ਅਤੇ ਸਿੱਖ ਭਾਈਚਾਰੇ ਨੂੰ ਨੁਮਾਇੰਦਗੀ ਦੇਣ ਲਈ ਜੇ ਪੀ ਨੱਢਾ, ਨਰਿੰਦਰ ਮੋਦੀ ਅਤੇ ਅਮਿੱਤ ਸ਼ਾਹ ਦਾ ਕੀਤਾ ਧੰਨਵਾਦ
ਅੰਮ੍ਰਿਤਸਰ 17 ਅਗਸਤ ( ਪਵਿੱਤਰ ਜੋਤ ) : ਭਾਰਤੀ ਜਨਤਾ ਪਾਰਟੀ ਵੱਲੋਂ ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਨੂੰ ਪਾਰਟੀ ਦੇ ਦੋ ਸਭ ਤੋਂ ਪ੍ਰਮੁੱਖ ਤੇ ਮਹਤਵਪੂਰਨ ਸੰਸਥਾਵਾਂ ਭਾਜਪਾ ਦੇ ਸੰਸਦੀ ਬੋਰਡ ਅਤੇ ਕੇਂਦਰੀ ਚੋਣ ਕਮੇਟੀ ਲਈ ਚੋਣ ਕਰਦਿਆਂ ਵੱਡੀ ਜ਼ਿੰਮੇਵਾਰੀ ਸੌਂਪਣ ਲਈ ਭਾਜਪਾ ਦੇ ਸਿੱਖ ਆਗੂਆਂ ਅਤੇ ਸਿੱਖ ਭਾਈਚਾਰੇ ਨੇ ਜ਼ੋਰਦਾਰ ਸਵਾਗਤ ਕੀਤਾ ਹੈ ਅਤੇ ਇਸ ਚੋਣ ਲਈ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦਾ ਧੰਨਵਾਦ ਕੀਤਾ ਹੈ। ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਵੱਲੋਂ ਜਾਰੀ ਬਿਆਨ ’ਚ ਭਾਜਪਾ ਬੁੱਧੀਜੀਵੀ ਸੈਲ ਦੇ ਕੋਆਰਡੀਨੇਟਰ ਅਤੇ ਸਾਬਕਾ ਵਾਇਸ ਚਾਂਸਲਰ ਡਾ: ਜਸਵਿੰਦਰ ਸਿੰਘ ਢਿੱਲੋਂ, ਸਾਬਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ, ਕੌਮੀ ਆਗੂ ਸੁਖਮਿੰਦਰ ਸਿੰਘ ਗਰੇਵਾਲ, ਰਘਬੀਰ ਸਿੰਘ ਸਾਥੀ, ਯਾਦਵਿੰਦਰ ਸਿੰਘ ਬੁੱਟਰ, ਭਾਜਪਾ ਬੁਲਾਰੇ ਕੁਲਦੀਪ ਸਿੰਘ ਕਾਹਲੋਂ, ਪ੍ਰੋ: ਸਰਚਾਂਦ ਸਿੰਘ ਖਿਆਲਾ, ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਅਮਰਜੀਤ ਸਿੰਘ ਵਿਕਰਾਂਤ, ਰਾਜਾ ਸੁਰਿੰਦਰ ਸਿੰਘ ਜ਼ੀਰਕਪੁਰ, ਮੁੜ ਵਸੇਬਾ ਅਤੇ ਬੰਦੋਬਸਤ ਸੰਗਠਨ (ਰਾਸੋ) ਦੇ ਚੇਅਰਪਰਸਨ ਕਮਲਜੀਤ ਕੌਰ ਗਿੱਲ, ਬੁਲਾਰਾ ਡਾ: ਸੁਰਿੰਦਰ ਕੌਰ ਕੰਵਲ, ਸਤਿੰਦਰ ਸਿੰਘ ਮਾਕੋਵਾਲ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਸੰਤੋਖ ਸਿੰਘ ਗੁੰਮਟਾਲਾ ਕੌਮੀ ਜਨਰਲ ਸਕੱਤਰਐਸੀ ਵਿੰਗ, ਸਰਬਜੀਤ ਸਿੰਘ ਸੀਕੇਡੀ, ਸਿੱਖ ਚਿੰਤਕ ਡਾ: ਸੂਬਾ ਸਿੰਘ, ਨਿਸ਼ਾਨੇ ਸਿੱਖੀ ਦੇ ਪ੍ਰਧਾਨ ਡਾ: ਆਰ ਪੀ ਐਸ ਬੋਪਾਰਾਏ, ਬਖ਼ਸ਼ੀਸ਼ ਸਿੰਘ ਪਠਾਨਕੋਟ, ਗਗਨਦੀਪ ਸਿੰਘ ਜੰਡਿਆਲਾ, ਡਾ: ਸਲਵਿੰਦਰ ਸਿੰਘ ਜੰਡਿਆਲਾ, ਕੰਵਰ ਜਗਦੀਪ ਸਿੰਘ ਅਤੇ ਅਰਵਿੰਦ ਸ਼ਰਮਾ ਰਈਆ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ 11 ਮੈਂਬਰੀ ਨਵੇਂ ਸੰਸਦੀ ਬੋਰਡ ਅਤੇ 15 ਮੈਂਬਰੀ ਨਵੀਂ ਕੇਂਦਰੀ ਚੋਣ ਕਮੇਟੀ ਦੇ ਪੁਨਰਗਠਨ ਮੌਕੇ ਸ: ਇਕਬਾਲ ਸਿੰਘ ਲਾਲਪੁਰਾ ਦੀ ਸਭ ਤੋਂ ਮਹੱਤਵਪੂਰਨ ਇਨ੍ਹਾਂ ਦੋਹਾਂ ਸੰਸਥਾਵਾਂ ਦੀ ਵਕਾਰੀ ਜ਼ਿੰਮੇਵਾਰੀ ਲਈ ਚੋਣ ਕਰਦਿਆਂ ਪੰਜਾਬ ਅਤੇ ਸਿੱਖ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਗਈ ਅਤੇ ਪੰਜਾਬ ਅਤੇ ਸਿੱਖ ਭਾਈਚਾਰੇ ਦਾ ਕੌਮੀ ਪੱਧਰ ’ਤੇ ਮਾਣ ਵਧਾਇਆ ਹੈ। ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਉਕਤ ਐਲਾਨ ਨਾਲ ਸਿੱਖ ਭਾਈਚਾਰੇ ’ਚ ਖ਼ੁਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸ: ਲਾਲਪੁਰਾ ਦੇ ਤਜਰਬਿਆਂ ਤੋਂ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸੰਸਦੀ ਬੋਰਡ ਪਾਰਟੀ ਦੀ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਹੈ। ਰਾਸ਼ਟਰੀ ਪੱਧਰ ‘ਤੇ ਜਾਂ ਕਿਸੇ ਸੂਬੇ ‘ਚ ਗੱਠਜੋੜ ਦੀ ਗੱਲ ਹੁੰਦੀ ਹੈ ਤਾਂ ਸੰਸਦੀ ਬੋਰਡ ਦਾ ਫ਼ੈਸਲਾ ਅੰਤਿਮ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਰਾਜਾਂ ਵਿੱਚ ਵਿਧਾਨ ਪ੍ਰੀਸ਼ਦ ਜਾਂ ਵਿਧਾਨ ਸਭਾ ਵਿੱਚ ਆਗੂ ਚੁਣਨ ਦਾ ਕੰਮ ਵੀ ਇਹੀ ਬੋਰਡ ਕਰਦਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮੇਟੀ ਭਾਜਪਾ ਦੀ ਦੂਜੀ ਸਭ ਤੋਂ ਤਾਕਤਵਰ ਸੰਸਥਾ ਹੈ। ਚੋਣ ਕਮੇਟੀ ਦੇ ਮੈਂਬਰ ਲੋਕ ਸਭਾ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦਾ ਫ਼ੈਸਲਾ ਕਰਦੇ ਹਨ। ਅਤੇ ਇਹ ਵੀ ਤੈਅ ਕਰਦੀ ਹੈ ਕਿ ਕੌਣ ਸਿੱਧੇ ਤੌਰ ‘ਤੇ ਚੋਣ ਰਾਜਨੀਤੀ ਵਿੱਚ ਆਵੇਗਾ ਅਤੇ ਕਿਸ ਨੂੰ ਇਸ ਰਾਜਨੀਤੀ ਤੋਂ ਬਾਹਰ ਰੱਖਿਆ ਜਾਵੇਗਾ। ਚੋਣ ਮਾਮਲਿਆਂ ਦੀਆਂ ਸਾਰੀਆਂ ਸ਼ਕਤੀਆਂ ਪਾਰਟੀ ਦੀ ਚੋਣ ਕਮੇਟੀ ਕੋਲ ਰਹਿੰਦੀਆਂ ਹਨ।