ਆਪ ਸਰਕਾਰ ਦੇ ਲੋਕਾਂ ਦੇ ਰਕਸ਼ਕ ਬਣੇ, ਲੋਕਾਂ ਦੇ ਭਕ੍ਸ਼ਕ: ਜੀਵਨ ਗੁਪਤਾ

0
11

 

ਚੰਡੀਗੜ੍ਹ/ਅੰਮ੍ਰਿਤਸਰ: 12 ਅਗਸਤ (ਪਵਿੱਤਰ ਜੋਤ ):  ਪਿਛਲੇ ਦਿਨੀਂ ਭਗਵੰਤ ਮਾਨ ਸਰਕਾਰ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਦੀ ਗੱਡੀ ਨੂੰ ਅੰਮ੍ਰਿਤਸਰ ਦੇ ਡਬੁਰਜੀ ‘ਚ ਸੜਕ ‘ਤੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਇਕ ਲੇਨ ‘ਚ ਚੱਲ ਰਹੇ ਟਰੱਕ ਡਰਾਈਵਰ ਵਲੋਂ ਰਸਤਾ ਨਾ ਦਿੱਤੇ ਜਾਣ ‘ਤੇ ਕੁਲਤਾਰ ਸੰਧਵਾ, ਉਸਦੇ ਸਾਥੀਆਂ ਅਤੇ ਗਨਮੈਨਾਂ ਵਲੋਂ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ‘ਚ ਸਰਕਾਰ ਬਣਦਿਆਂ ਹੀ ਭਗਵੰਤ ਮਾਨ ਸਰਕਾਰ ਦੇ ਵਿਧਾਇਕਾਂ ਨੇ ਆਪਣਾ ਹੇਕੜੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਜੀਵਨ ਗੁਪਤਾ ਨੇ ਕਿਹਾ ਕਿ ਜਦੋਂ ਲੋਕਾਂ ਦੇ ਰਕਸ਼ਕ ਹੀ ਲੋਕਾਂ ਦੇ ਭਕ੍ਸ਼ਕ ਬਣ ਜਾਵੇ ਤਾਂ ਆਮ ਜਨਤਾ ਕਿੱਥੇ ਜਾਵੇ?
ਜੀਵਨ ਗੁਪਤਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ‘ਆਪ’ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨਾਲ ਦੁਰਵਿਵਹਾਰ ਕੀਤਾ ਜਾ ਚੁੱਕਾ ਹੈ। ਪਿਛਲੇ ਦਿਨੀਂ ਦਸੂਹਾ ਦੇ ‘ਆਪ’ ਵਿਧਾਇਕ ਕਰਮਵੀਰ ਸਿੰਘ ਘੁੰਮਣ ਵੱਲੋਂ ਆਪਣੇ ਸਾਥੀਆਂ ਅਤੇ ਅੰਗ ਰੱਖਿਅਕਾਂ ਸਮੇਤ ਚੌਲਾਂਗ ਟੋਲ ਪਲਾਜ਼ਾ ‘ਤੇ ਉਥੇ ਕੰਮ ਕਰਦੇ ਮੁਲਾਜ਼ਮਾਂ ਨਾਲ ਕੀਤੇ ਗਏ ਗੁੰਡਾਗਰਦੀ ਦੇ ਨੰਗੇ ਨਾਚ ਤੋਂ ਹਰ ਕੋਈ ਜਾਣੂ ਹੈ। ਦੂਜੇ ਪਾਸੇ ਬਾਬਾ ਬਕਾਲਾ ਦੇ ‘ਆਪ’ ਵਿਧਾਇਕ ਦਲਬੀਰ ਸਿੰਘ ਵੱਲੋਂ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਬਿਨਾਂ ਨਿਲਾਮੀ ਤੋਂ ਹੀ ਆਪਣੀ ਗੱਡੀ ‘ਤੇ ਵੀ.ਆਈ.ਪੀ ਨੰਬਰ ਲਗਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਜਦਕਿ ਜਨਤਾ ਨੂੰ ਸਾਫ਼ ਤੌਰ ‘ਤੇ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਹੁਣ ਕਿਸੇ ਦਾ ਡਰ ਨਹੀਂ ਹੈ। ਧਿਆਨ ਰਹੇ ਕਿ ਵੀਆਈਪੀ ਨੰਬਰ ਦੀ ਨਿਲਾਮੀ ਸਰਕਾਰੀ ਵਿਭਾਗ ਵੱਲੋਂ ਕੀਤੀ ਜਾਂਦੀ ਹੈ ਅਤੇ ਜੋ ਵਿਅਕਤੀ ਵੀਆਈਪੀ ਨੰਬਰ ਲਈ ਸਭ ਤੋਂ ਵੱਧ ਬੋਲੀ ਲਗਾਉਂਦਾ ਹੈ, ਉਹ ਆਦਮੀ ਉਹ ਨੰਬਰ ਆਪਣੀ ਕਾਰ ਲਈ ਖਰੀਦਦਾ ਹੈ। ਪਰ ਬਾਬਾ ਬਕਾਲਾ ਦੇ ‘ਆਪ’ ਵਿਧਾਇਕ ਦਲਬੀਰ ਸਿੰਘ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਇਹ ਹਾਲਤ ਸਿਰਫ਼ ‘ਆਪ’ ਵਿਧਾਇਕਾਂ ਜਾਂ ਉਨ੍ਹਾਂ ਦੇ ਮੰਤਰੀਆਂ ਦੇ ਹੀ ਨਹੀਂ ਹਨ, ਬਲਕਿ ਉਨ੍ਹਾਂ ਦੇ ਆਗੂ ਵੀ ਕਿਸੇ ਤੋਂ ਘੱਟ ਨਹੀਂ ਹਨ। ਇਨ੍ਹਾਂ ਦੇ ਆਗੂ ਟਰੱਕ ਯੂਨੀਅਨਾਂ ਅਤੇ ਜ਼ਮੀਨਾਂ ’ਤੇ ਕਬਜ਼ਾ ਕਰ ਰਹੇ ਹਨ। ‘ਆਪ’ ਆਗੂ ਆਪਣੇ ਕਾਰਨਾਮਿਆਂ ‘ਤੇ ਬਿਲਕੁਲ ਵੀ ਸ਼ਰਮਸਾਰ ਨਹੀਂ ਹਨ। ‘ਆਪ’ ਵਿਧਾਇਕਾਂ ਅਤੇ ‘ਆਪ’ ਆਗੂਆਂ ਦੇ ਕਾਰਨਾਮਿਆਂ ‘ਤੇ ਅੱਜ ਤੱਕ ਮੁੱਖ ਮੰਤਰੀ ਭਗਵੰਤ ਮਾਨ ਜਾਂ ਕੇਜਰੀਵਾਲ ਦੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿਕਲਿਆ। ਉਲਟਾ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਵਾਈਸ ਚਾਂਸਲਰ ਡਾ: ਰਾਜ ਬਹਾਦਰ ਦੇ ਨਾਲ ਕੀਤੇ ਗਏ ਦੁਰਵਿਵਹਾਰ ਤੋਂ ਨਾਰਾਜ਼ ਵਾਈਸ ਚਾਂਸਲਰ ਡਾ: ਰਾਜ ਬਹਾਦਰ ਵੱਲੋਂ ਅਸਤੀਫਾ ਦੇਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਨੂੰ ਬਚਾਉਣ ਲਈ ਇੱਕ ਬਹੁਤ ਹੀ ਹੋਨਹਾਰ ਸੀਨੀਅਰ ਡਾਕਟਰ ਦੀ ਬਲੀ ਦੇ ਦਿੱਤੀ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਆਗੂ ਲੋਕਾਂ ਦੇ ਰਕਸ਼ਕ ਨਹੀਂ ਬਲਕਿ ਭਕ੍ਸ਼ਕ ਬਣਦੇ ਜਾ ਰਹੇ ਹਨ। ਅਸਲ ਵਿੱਚ ਸੱਤਾ ਦਾ ਨਸ਼ਾ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।

NO COMMENTS

LEAVE A REPLY