ਸੰਤ ਸਿੰਘ ਸੁੱਖਾ ਸਿੰਘਵਿਦਿਅਕ ਭਵਨ ਮਾਡਰਨ ਸਕੂਲ ਬਟਾਲਾ ਰੋਡ ਵਿਖੇ ਹੋਵੇਗਾ ਸਮਾਗਮ
ਅੰਮ੍ਰਿਤਸਰ , 3 ਅਗਸਤ (ਰਾਜਿੰਦਰ ਧਾਨਿਕ) –ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ 5 ਅਗਸਤ ਨੂੰ ‘ਸਿੰਗਲ ਯੂਜ਼ ਪਲਾਸਟਿਕ’ ਦੀ ਵਰਤੋਂ ’ਤੇ ਸੂਬੇ ’ਚ ਸਖ਼ਤੀ ਨਾਲ ਰੋਕ ਲਗਾਈ ਜਾ ਰਹੀ ਹੈ ਅਤੇ ਇਸ ਸਬੰਧ ਵਿਚ ਉਹ ਸੂਬੇ ਭਰ ਦੇ ਲੋਕਾਂ ਨੂੰ ਵੀਡਿਓ ਕਾਰਨਫਰੰਸ ਜ਼ਰੀਏ ਜਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਨਗੇ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜਿਲ੍ਹੇ ਪੱਧਰ ਦਾ ਸਮਾਗਮ ਸਥਾਨਕ ਸੰਤ ਸਿੰਘ ਸੁੱਖਾ ਸਿੰਘਵਿਦਿਅਕ ਭਵਨ ਮਾਡਰਨ ਸਕੂਲ ਬਟਾਲਾ ਰੋਡ ਵਿਖੇ ਹੋਵੇਗਾ ਅਤੇ ਇਸ ਸਬੰਧ ਵਿਚ ਜ਼ਿਲ੍ਹਾ ਪੱਧਰੀ ਸਮਾਗਮ ਦੇ ਪ੍ਰਬੰਧਾਂ ਲਈ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਪਹਿਲੀ ਜੁਲਾਈ ਤੋਂ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੀਆਂ ਪਲਾਸਟਿਕ ਵਸਤਾਂ ’ਤੇ ਪਾਬੰਦੀ ਲਗਾਈ ਜਾ ਚੁੱਕੀ ਹੈ ਅਤੇ ਹੁਣ ਇਸ ਪਾਬੰਦੀ ਨੂੰ ਲਾਗੂ ਕਰਨ ਦਾ ਸਮਾਂ ਆ ਗਿਆ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ 5 ਜੁਲਾਈ ਨੂੰ ਹੋਣ ਵਾਲੇ ਸਮਾਗਮ ਤੋਂ ਬਾਅਦ ਜਿਲ੍ਹੇ ਵਿਚ ਇਸ ਨੂੰ ਸਖਤੀ ਨਾਲ ਲਾਗੂ ਕਰ ਦਿੱਤਾ ਜਾਵੇਗਾ। ਉਨਾਂ ਇਹ ਹੁਕਮ ਲਾਗੂ ਕਰਵਾਉਣ ਲਈ ਅਧਿਕਾਰੀਆਂ ਨਾਲ ਯੋਜਨਾਬੰਦੀ ਵੀ ਤੈਅ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 19 ਤਰ੍ਹਾਂ ਦੇ ‘ਸਿੰਗਲ ਯੂਜ਼ ਪਲਾਸਟਿਕ’ (ਪਲਾਸਟਿਕ ਦੀਆਂ ਸਟਿਕਸ ਵਾਲੀਆਂ ਈਅਰ ਬੱਡਜ਼, ਗੁਬਾਰਿਆਂ ਲਈ ਪਲਾਸਟਿਕ ਦੀਆਂ ਸਟਿਕਸ, ਪਲਾਸਟਿਕ ਦੇ ਝੰਡੇ, ਕੈਂਡੀ ਸਟਿਕਸ, ਆਈਸ-ਕ੍ਰੀਮ ਸਟਿਕਸ, ਸਜਾਵਟ ਲਈ ਪੋਲੀਸਟੀਰੀਨ (ਥਰਮੋਕੋਲ), ਪਲੇਟਾਂ, ਕੱਪ, ਗਲਾਸ, ਕਟਲਰੀ ਜਿਵੇਂ ਕਿ ਕਾਂਟੇ, ਚਮਚੇ, ਚਾਕੂ, ਪਾਈਪ, ਮਿਠਾਈਆਂ ਦੇ ਡੱਬਿਆਂ, ਇਨਵੀਟੇਸ਼ਨ ਕਾਰਡ, ਸਿਗਰੇਟ ਪੈਕੇਟ ਦੇ ਆਲੇ ਦੁਆਲੇ ਲਪੇਟਣ ਜਾਂ ਪੈਕਿੰਗ ਕਰਨ ਵਾਲੀਆਂ ਫਿਲਮਾਂ, 100 ਮਾਈਕਰੋਨ ਤੋਂ ਘੱਟ ਪਲਾਸਟਿਕ ਜਾਂ ਪੀ.ਵੀ.ਸੀ ਬੈਨਰ, ਸਟਿੱਕਰ ਦੀ ਮੈਨੂਫੈਕਚਰਿੰਗ, ਆਯਾਤ, ਭੰਡਾਰ, ਵਿਤਰਣ, ਵਿਕਰੀ ਅਤੇ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਸ਼੍ਰੀ ਸੂਦਨ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਮੰਤਵ ਇਕ ਵਾਰ ਵਰਤੋ ਵਿਚ ਆਉਣ ਵਾਲੇ ਪਲਾਸਟਿਕ ਤੇ ਲਾਈ ਪਾਬੰਦੀ ਪ੍ਰਤੀ ਜਾਗਰੂਕਤਾ ਦੇ ਨਾਲ ਨਾਲ ਉਨ੍ਹਾਂ ਨੂੰ ਇਸ ਦੇ ਬਦਲ ਵੀ ਦੱਸੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਰਾਜ ਪੱਧਰੀ ਆਨਲਾਈਨ ਸਮਾਗਮ ਇਕ ਤਰਾਂ ਦਾ ਜਾਗਰੂਕਤਾ ਸਮਾਗਮ ਹੈ, ਜਿਸ ਵਿੱਚ ਚੁਣੇ ਹੋਏ ਨੁਮਾਇੰਦਿਆਂ, ਐਨ ਜੀ ਓਜ਼, ਸਕੂਲਾਂ/ਕਾਲਜਾਂ ਦੇ ਪ੍ਰਤੀਨਿਧ, ਕੌਂਸਲਰ, ਬੀ ਡੀ ਪੀ ਓਜ਼, ਸਨਅਤੀ ਇਕਾਈਆਂ ਦੇ ਪ੍ਰਤੀਨਿਧ ਆਦਿ ਸ਼ਾਮਿਲ ਹੋਣਗੇ।