ਆਪ ਵਲੋਂ ਪੰਜਾਬ ‘ਚ ਦਿੱਲੀ ਵਰਗੇ ਮਾਡਲ ਸਕੂਲ ਅਤੇ ਵਿਸ਼ਵ ਪਧਰੀ ਸਿਹਤ ਸਹੂਲਤਾਂ ਦੇਣਾ ਸੁਪਨਾ ਲੱਗਦਾ ਹੈ: ਅਸ਼ਵਨੀ ਸ਼ਰਮਾ

0
16

ਪੰਜਾਬ ਦੇ ਸਰਕਾਰੀ ਸਕੂਲ ਅਤੇ ਹਸਪਤਾਲ ਦੋਨੋਂ ਹੀ ਬਹੁਤ ਮਾੜੀ ਹਾਲਤ ਵਿੱਚ, ਬੱਚਿਆਂ ਅਤੇ ਜਨਤਾ ਦੇ ਨਾਲ ਮਾਨ ਕਰ ਰਹੇ ਹਨ ਖਿਲਵਾੜ: ਅਸ਼ਵਿਨੀ ਸ਼ਰਮਾ

 

ਚੰਡੀਗੜ/ਅੰਮ੍ਰਿਤਸਰ: 3 ਅਗਸਤ ( ਪਵਿੱਤਰ ਜੋਤ) : ਬੀ.ਜੇ.ਪੀ. ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਸਿੱਖਿਆ ਦੇਣ ਦਾ ਝੂਠਾ ਵਾਦਾ ਹਾਸੋਹੀਣਾ ਲੱਗਦਾ ਹੈI ਕਿਉਂਕਿ ਪਿੰਡਾਂ ਵਿੱਚ ਚੱਲ ਰਹੇ ਪ੍ਰਾਇਮਰੀ ਸਕੂਲਾਂ ਵਿੱਚ ਉਥੇ ਦੇ ਲੋਕਾਂ ਵਲੋਂ ਤਾਲਾ ਲਾਇਆ ਜਾ ਰਿਹਾ ਹੈ, ਕਿਉਂਕਿ ਉਥੇ ਦੋ ਅਧਿਆਪਕਾਂ ਵਲੋਂ 200 ਤੋਂ ਵੱਧ ਵਿਦਿਆਰਥੀਆਂ ਨੂੰ ਪੜਾਇਆ ਜਾ ਰਿਹਾ ਹੈ। ਬਦਕਿਸਮਤੀ ਨਾਲ ਆਮ ਆਦਮੀ ਪਾਰਟੀ ਚੋਣ ਪ੍ਰਚਾਰ ਵਿੱਚ ਇੰਨੀ ਰੁੱਝੀ ਹੋਈ ਹੈ ਕਿ ਇਸ ਸਾਲ ਵਿਧਾਨ ਸਭਾ ਚੋਣਾਂ ਦੌਰਾਨ ‘ਸਰਕਾਰੀ ਸਕੂਲਾਂ ਵਿੱਚ ਚੰਗੀ ਸਿੱਖਿਆ’ ਦੇ ਕੀਤੇ ਵਾਅਦੇ ਨੂੰ ਵੀ ਭੁੱਲ ਗਈ ਹੈ।

                ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਲੋਕਾਂ ਨੇ ‘ਆਪ’ ਦੇ ਹੱਕ ‘ਚ ਵੋਟਾਂ ਪਾ ਕੇ ਕੇਜਰੀਵਾਲ ਅਤੇ ਭਗਵੰਤ ਮਾਨ ‘ਤੇ ਭਰੋਸਾ ਜਤਾਇਆ ਸੀ, ਉਥੇ ਹੀ ਇਹ ਜੋੜੀ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਅਤੇ ਭੈਅ ਮੁਕਤ ਸ਼ਾਸਨ ਦੇਣ ‘ਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਪੰਜਾਬ ਦੀਆਂ ਅਖ਼ਬਾਰਾਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਤਰਸਯੋਗ ਹਾਲਤ ਬਾਰੇ ਖ਼ਬਰਾਂ ਨਾਲ ਭਰੀਆਂ ਰਹਿੰਦੀਆਂ ਹਨ। ਅਸ਼ਵਨੀ ਸ਼ਰਮਾ ਨੇ ਸਵਾਲ ਕੀਤਾ ਕਿ ਸਾਡੇ ਬੱਚਿਆਂ ਦੇ ਭਵਿੱਖ ਨਾਲ ਕੋਈ ਸਿਆਸਤ ਕਿਵੇਂ ਕਰ ਸਕਦਾ ਹੈ? ਅਧਿਆਪਕਾਂ ਨੂੰ ਕਿਉਂ ਬਾਹਰ ਰੱਖਿਆ ਗਿਆ?

        ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁਕਤਸਰ ਵਿੱਚ ਇੱਕ ਹੀ ਅਧਿਆਪਕ 175 ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਹੈ ਅਤੇ ਖਾਣਾ ਖੁਆ ਰਿਹਾ ਹੈ। ਇਹ ‘ਆਪ’ ਸਰਕਾਰ ਵਲੋਂ ਕੀਤੀ ਜਾ ਰਹੀ ਪੂਰੀ ਤਰਾਂ ਇਸ਼ਨਿੰਦਾ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਾਡੇ ਬੱਚੇ ਕਿਸੇ ਕੰਪੀਟੀਸ਼ਨ ‘ਚ ਮੁਕਾਬਲਾ ਕਿਵੇਂ ਕਰ ਸਕਦੇ ਹਨ? ਜਦੋਂ ਕਿ ਮੁੱਢਲੀਆਂ ਜਮਾਤਾਂ ਵਿੱਚ ਪੜ੍ਹਾਉਣ ਲਈ ਉੱਥੇ ਕੋਈ ਅਧਿਆਪਕ ਨਹੀਂ ਹੈ। ਇਹ ਬਹੁਤ ਹੀ ਗੰਭੀਰ ਸਥਿਤੀ ਹੈ। ਸ਼ਰਮਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹਨ ਕਿ ਸਕੂਲਾਂ ਨੂੰ ਤੁਰੰਤ ਅਧਿਆਪਕ ਮੁਹੱਈਆ ਕਰਵਾਏ ਜਾਣ। ਸਾਡੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦੇ ਭਵਿਖ ਨਾਲ ਨਾ ਖੇਡੋ।

                ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ‘ਤੇ ਵਿਅੰਗ ਕਸਦਿਆਂ ਕਿਹਾ ਕਿ ਸਿਹਤ ਇੱਕ ਗੰਭੀਰ ਮੁੱਦਾ ਹੈ ਅਤੇ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਇਸ ‘ਚ ਸੁਧਾਰ ਹੋਵੇਗਾ। ਹਾਲਾਂਕਿ ਸਥਿਤੀ ਇਸ ਦੇ ਬਿਲਕੁਲ ਉਲਟ ਹੈ, ਪੰਜਾਬ ਦਾ ਸਿਹਤ ਢਾਂਚਾ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਚੁੱਕਾ ਹੈ ਅਤੇ ਪੰਜਾਬ ਦੇ ਸਿਹਤ ਮੰਤਰੀ ਸੀਨੀਅਰ ਡਾਕਟਰਾਂ ਦਾ ਅਪਮਾਨ ਕਰਦੇ ਫਿਰਦੇ ਹਨ। ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਲੋਕ ਪਿੰਡਾਂ ਵਿੱਚ ਰਹਿੰਦੇ ਹਨ ਅਤੇ ਪੇਂਡੂ ਡਿਸਪੈਂਸਰੀਆਂ ਦੀ ਹਾਲਤ ਬਹੁਤ ਮਾੜੀ ਹੈ। ਸੂਬੇ ਵਿੱਚ ਸਿਹਤ ਅਤੇ ਸਿੱਖਿਆ ਦਾ ਬੁਨਿਆਦੀ ਢਾਂਚਾ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ।

                ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਦੋ ਅਹਿਮ ਸਹੂਲਤਾਂ ਸਕੂਲ ਅਤੇ ਸਿਵਲ ਹਸਪਤਾਲ ਦੇਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਲੋਕ ਮਹਿੰਗੇ ਪ੍ਰਾਈਵੇਟ ਸਕੂਲਾਂ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਦਾ ਖਰਚਾ ਚੁੱਕਣ ‘ਚ ਅਸਮਰਥ ਹਨ। ਭਗਵੰਤ ਮਾਨ ਸਰਕਾਰ ਆਪਣੇ ਦੋਵੇਂ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹੀ ਹੈ।

                ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਦੀ ਟੀਮ ਦੀ ਰਾਜਨੀਤੀ ਵਿੱਚ ਕੋਈ ਨੈਤਿਕਤਾ-ਅਨੈਤਿਕਤਾ ਨਹੀਂ ਹੈ ਅਤੇ ਇਹ ਚੋਣਾਂ ਦੌਰਾਨ ਆਪਣੇ ਧੋਖੇ ਨਾਲ ਵੋਟਰਾਂ ਨੂੰ ਲੁਭਾਉਣ ਦਾ ਕੰਮ ਕਰਦੀ ਹੈ। ਪਰ ਹੁਣ ਸੂਬੇ ਦੀ ਜਨਤਾ ਆਮ ਆਦਮੀ ਪਾਰਟੀ ਦੇ ਝੂਠ ਨੂੰ ਚੰਗੀ ਤਰ੍ਹਾਂ ਪਛਾਣ ਚੁੱਕੀ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਇਸਦਾ ਜਵਾਬ ਦੇਣ ਦਾ ਮਨ ਬਣਾ ਚੁੱਕੀ ਹੈ।

NO COMMENTS

LEAVE A REPLY