ਕੇਂਦਰ ਸਰਕਾਰ ਨੌਜਵਾਨਾਂ ਨਾਲ ਮਿਲ ਕੇ ‘ਸਵੈ-ਨਿਰਭਰ ਭਾਰਤ’ ਦਾ ਕਰ ਰਹੀ ਨਿਰਮਾਣ, ਦੇਸ਼ ਵਿੱਚੋਂ ਵਿਰੋਧੀ ਅਤੇ ਛੋਟੀਆਂ ਸਿਆਸੀ ਪਾਰਟੀਆਂ ਹੋ ਰਹੀਆਂ ਹਨ ਖ਼ਤਮ: ਭਾਜਪਾ
ਅਸ਼ਵਨੀ ਸ਼ਰਮਾ ਨੇ ਆਗਾਮੀ ਚੋਣਾਂ ਸਬੰਧੀ ਸੀਨੀਅਰ ਭਾਜਪਾ ਵਰਕਰਾਂ ਨਾਲ ਕੀਤੀ ਜਥੇਬੰਦਕ ਮੀਟਿੰਗ
ਅੰਮ੍ਰਿਤਸਰ/ ਲੁਧਿਆਣਾ 17 ਜੁਲਾਈ ( ਪਵਿੱਤਰ ਜੋਤ ) ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਗਾਮੀ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਖੇ ਪਾਰਟੀ ਦੇ ਸੀਨੀਅਰ ਵਰਕਰਾਂ ਨਾਲ ਜਥੇਬੰਦਕ ਮੀਟਿੰਗ ਕੀਤੀ ਅਤੇ ਉਨ੍ਹਾਂ ਨਾਲ ਚੋਣ ਮੰਥਨ ਕੀਤਾ ਅਤੇ ਸਮੱਸਿਆਵਾਂ ਸੁਣੀਆਂ। ਉਨ੍ਹਾਂ ਨੇ ਹਾਜ਼ਰ ਸਮੂਹ ਵਰਕਰਾਂ ਨੂੰ ਆਉਣ ਵਾਲੇ ਦਿਨਾਂ ‘ਚ ਪਾਰਟੀ ਵਲੋਂ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਵਿੱਚ ਹਾਜ਼ਰ ਹੋਣ ਵਾਲੀ ਕੇਂਦਰੀ ਲੀਡਰਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਚੋਣਾਂ ਸਬੰਧੀ ਮਾਰਗਦਰਸ਼ਨ ਕੀਤਾ ਅਤੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਸਾਰਿਆਂ ਨੂੰ ਆਪੋ-ਆਪਣੇ ਜਥੇਬੰਦਕ ਢਾਂਚੇ ਦੀ ਮੁੜ ਜਾਂਚ ਕਰਨ ਅਤੇ ਇਸ ਦੀਆਂ ਕਮੀਆਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਲ ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ, ਰਾਕੇਸ਼ ਰਾਠੌਰ ਆਦਿ ਵੀ ਹਾਜ਼ਰ ਸਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਵਰਕਰਾਂ ‘ਤੇ ਆਧਾਰਿਤ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਵਰਕਰ ਭਾਜਪਾ ਦੀ ਰੀੜ੍ਹ ਦੀ ਹੱਡੀ ਹਨ। ਦੇਸ਼ ਦੇ ਲੋਕਾਂ ਸਮੇਤ ਦੁਨੀਆ ਦੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਦੀ ਕਤਾਰ ਵਿੱਚ ਖੜ੍ਹੇ ਹਰ ਆਖਰੀ ਵਿਅਕਤੀ ਨੂੰ ਸਹੂਲਤਾਂ ਦੇਣ ਲਈ ਦਿਨ-ਰਾਤ ਅਣਥੱਕ ਮਿਹਨਤ ਕੀਤੀ ਹੈ। ਇਹੀ ਕਾਰਨ ਹੈ ਕਿ ਦੇਸ਼ ਦੀ ਜਨਤਾ ਨੇ ਦੂਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਕਮਾਨ ਸੌਂਪੀ ਹੈ, ਕਿਉਂਕਿ ਜਨਤਾ ਜਾਣਦੀ ਹੈ ਕਿ ਭਾਜਪਾ ਜੋ ਵੀ ਕਹੇਗੀ, ਉਸ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦੇਸ਼ ਦੀ ਨੌਜਵਾਨ ਸ਼ਕਤੀ ਨੂੰ ਸਵੈ-ਨਿਰਭਰ ਭਾਰਤ ਬਣਾਉਣ ਲਈ ਨੌਜਵਾਨਾਂ ਨੂੰ ਆਪਣੇ ਦੇਸ਼ ਵਿੱਚ ਨਵੇਂ ਸਟਾਰਟਅੱਪ ਸ਼ੁਰੂ ਕਰਨ ਲਈ ਲਾ ਰਹੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ। ਰਾਜਾਂ ਵਿੱਚ ਛੋਟੀਆਂ ਸਿਆਸੀ ਪਾਰਟੀਆਂ ਦਾ ਰਲੇਵਾਂ ਹੋ ਰਿਹਾ ਹੈ। ਕੇਂਦਰ ‘ਚ ਵਿਰੋਧੀ ਧਿਰ ਖਤਮ ਹੋਣ ਦੇ ਕੰਢੇ ‘ਤੇ ਹੈ ਅਤੇ ਇਸ ਦਾ ਕਾਰਨ ਕਾਂਗਰਸ ਦਾ 70 ਸਾਲਾਂ ਦਾ ਕਾਰਜਕਾਲ ਬਨਾਮ ਭਾਜਪਾ ਦਾ 5 ਸਾਲ ਦਾ ਕਾਰਜਕਾਲ, ਜਿਸ ਦਾ ਜਨਤਾ ਨੇ ਮੰਥਨ ਕਰਕੇ ਕੇਂਦਰ ਦੀ ਸੱਤਾ ਦੂਜੀ ਵਾਰ ਭਾਜਪਾ ਨੂੰ ਸੌਂਪ ਦਿੱਤੀ ਹੈ। ਭਾਜਪਾ ਦੇਸ਼ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰ ਰਹੀ ਹੈ। ਅੱਜ ਭਾਜਪਾ ਦਾ ਲਗਾਤਾਰ ਵਿਸਥਾਰ ਹੋ ਰਿਹਾ ਹੈ, ਪੰਜਾਬ ਵਿੱਚ ਵੀ ਸੰਗਠਨ ਬਹੁਤ ਮਜ਼ਬੂਤ ਹੋਈਆ ਹੈ। ਵਿਰੋਧੀ ਧਿਰ ਦੇ ਦਿੱਗਜ ਆਗੂ ਆਪਣੀਆਂ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਹਿੱਤ ਵਿੱਚ ਲਏ ਗਏ ਸਖ਼ਤ ਫੈਸਲਿਆਂ ਅਤੇ ਲੋਕ ਭਲਾਈ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।
ਅਸ਼ਵਨੀ ਸ਼ਰਮਾ ਨੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੈ ਕੇ ਵਰਕਰਾਂ ਨੂੰ ਲਾਮਬੰਦ ਹੋ ਕੇ ਜਨਤਾ ਵਿੱਚ ਜਾਣ ਦਾ ਸੱਦਾ ਦਿੰਦਿਆਂ ਆਉਣ ਵਾਲੀਆਂ ਚੋਣਾਂ ਵਿਚ ਲੋਕਾਂ ਨੂੰ ‘ਆਪ’ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਝੂਠ ਤੋਂ ਜਾਣੂ ਕਰਵਾ ਕੇ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਕਿਹਾ, ਤਾਂ ਜੋ ਲੋਕਾਂ ਦਾ ਭਾਜਪਾ ‘ਤੇ ਹੋਰ ਵਿਸ਼ਵਾਸ਼ ਮਜਬੂਤ ਹੋਵੇI
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਪੰਜਾਬ ਦੇ ਹਰ ਘਰ ਵਿੱਚ ਦਸਤਕ ਦੇ ਕੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਜਾਣੂ ਕਰਵਾਉਣਗੇ ਅਤੇ ਉਨ੍ਹਾਂ ਨੂੰ ਪਾਰਟੀ ਨਾਲ ਜੋੜ ਕੇ ਭਾਜਪਾ ਪਰਿਵਾਰ ਨੂੰ ਵਧਾਉਣਗੇ ਅਤੇ ਪਾਰਟੀ ਦੇ ਜਨਾਧਾਰ ਦਾ ਹੋਰ ਵਿਸਥਾਰ ਕਰਨਗੇ।