ਅੰਮ੍ਰਿਤਸਰ/ ਬੁਢਲਾਡਾ (ਦਵਿੰਦਰ ਸਿੰਘ ਕੋਹਲੀ) : ਪਿਛਲੇ ਦਿਨੀਂ ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਦੋ ਹੋਰ ਲੋੜਵੰਦਾਂ ਨੂੰ ਰੁਜ਼ਗਾਰ ਦੇਣ ਲਈ ਰੇੜੀਆਂ ਬਣਾ ਕੇ ਦਿੱਤੀਆਂ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦਸਿਆ ਕਿ ਸੰਸਥਾ ਪਹਿਲਾਂ ਵੀ ਕਈ ਲੋੜਵੰਦਾਂ ਦੀ ਰੇੜੀਆਂ ਜਾਂ ਹੋਰ ਢੰਗਾਂ ਨਾਲ ਕੰਮ ਸ਼ੁਰੂ ਕਰਨ ਵਿਚ ਮਦਦ ਕੀਤੀ ਹੈ, ਜਿਸਦੀ ਲਾਗਤ ਉਸਨੇ ਬਿਨਾਂ ਵਿਆਜ ਤੋਂ ਕਿਸ਼ਤਾਂ ਰਾਹੀਂ ਵਾਪਸ ਕਰਨੀ ਹੁੰਦੀ ਹੈ। ਉਹਨਾਂ ਦਸਿਆ ਕਿ ਸੰਸਥਾ ਵਲੋਂ 200 ਤੋਂ ਵੱਧ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਸਮੇਤ ਅਨੇਕਾਂ ਸਮਾਜ ਭਲਾਈ ਕਾਰਜ ਕੀਤੇ ਜਾਂਦੇ ਹਨ। ਕੁਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਵਿਰਕ ਨੇ ਦਸਿਆ ਕਿ ਇਸ ਮੌਕੇ ਦੁਬਾਰਾ ਵਿਧਾਇਕ ਬਣਨ ਉਪਰੰਤ ਪਹਿਲੀ ਵਾਰ ਸੰਸਥਾ ਦਫਤਰ ਪਹੁੰਚਣ ਤੇ ਪ੍ਰਿੰਸੀਪਲ ਬੁੱਧ ਰਾਮ ਜੀ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ ਇਲਾਕੇ ਦੀਆਂ ਮੁਸਕਲਾਂ ਸਬੰਧੀ ਮੰਗ ਪੱਤਰ ਵੀ ਦਿੱਤਾ। ਉਹਨਾਂ ਦਸਿਆ ਕਿ ਮੱਖ ਮੰਗਾਂ ਵਿਚ ਸੜਕਾਂ ਦੀ ਮੁਰੰਮਤ, ਸ਼ੁੱਧ ਪਾਣੀ ਦੀ ਸਪਲਾਈ,ਫਾਇਰਬਰਗੇਡ ਦੀ ਲੋੜ, ਹਸਪਤਾਲ ਵਿਚ ਅਲਟਰਾਸਾਊਂਡ ਅਤੇ ਡਾਇਲੈਸਿਸ ਸਿਸਟਮ ਦਾ ਪ੍ਰਬੰਧ, ਨਵੇਂ ਵਧੀਆ ਪਾਰਕ ਦਾ ਨਿਰਮਾਣ ਆਦਿ ਸ਼ਾਮਲ ਹਨ।ਇਸ ਮੌਕੇ ਸੰਸਥਾ ਦੇ ਸਮੂਹ ਮੈਂਬਰ ਹਾਜ਼ਰ ਸਨ।