ਅੰਮ੍ਰਿਤਸਰ 28 ਫਰਵਰੀ (ਪਵਿੱਤਰ ਜੋਤ) — ਬਾਗਬਾਨੀ ਵਿਭਾਗ ਅੰਮ੍ਰਿਤਸਰ ਦੇ ਪੀਅਰ ਅਸਟੇਟ ਵੱਲੋ ਨਾਖ ਦੀ ਸਫਲ ਕਾਸ਼ਤ ਕਰਨ ਬਾਰੇ ਟਰੇਨਿੰਗ ਲਗਾਈ ਗਈ ਜਿਸ ਵਿੱਚ ਕਾਫੀ ਕਿਸਾਨਾਂ ਨੇ ਭਾਗ ਲਿਆ। ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਵੱਲੋ ਪੀਅਰ ਅਸਟੇਟ ਅਧੀਨ ਕੀਤੀਆ ਜਾ ਰਹੀਆਂ ਗਤੀਵਿਧੀਆ ਅਤੇ ਵਿਭਾਗ ਵੱਲੋ ਚਲਾਈਆ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ । ਸਹਾਇਕ ਡਾਇਰੈਕਟਰ ਬਾਗਬਾਨੀ ਪੀਅਰ ਅਸਟੇਟ ਜਸਪਾਲ ਸਿੰਘ ਢਿੱਲੋਂ ਵੱਲੋਂ ਨਾਖ ਦੀ ਮੌਜੂਦਾ ਸਥਿਤੀ, ਮਹੱਤਤਾ ਅਤੇ ਭਵਿੱਖ ਵਿੱਚ ਹੋਣ ਵਾਲੇ ਰਕਬੇ ਦੇ ਵਿਸਥਾਰ ਬਾਰੇ ਦੱਸਿਆ। ਇਸ ਤੋ ਇਲਾਵਾ ਪੀਅਰ ਅਸਟੇਟ ਦੀ ਮਸ਼ੀਨਰੀ ਬਾਰੇ ਦੱਸਿਆ ਅਤੇ ਜਿਮੀਦਾਰਾਂ ਨੂੰ ਅਪੀਲ ਕੀਤੀ ਕਿ ਪੀਅਰ ਅਸਟੇਟ ਦੀ ਰਜਿਸਟਰੇਸ਼ਨ ਕਰਵਾ ਕੇ ਮੈਂਬਰ ਬਣਿਆ ਜਾਵੇ।
ਬਾਗਬਾਨੀ ਵਿਕਾਸ ਅਫਸਰ ਜਤਿੰਦਰ ਸਿੰਘ ਵੱਲੋਂ ਨਾਖ ਦੇ ਬਾਗ ਦੀ ਵਿਉਂਤ ਬੰਦੀ ਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਡਾ. ਸਵਰੀਤ ਖਹਿਰਾ ਨੇ ਨਾਖ ਦੇ ਬੂਟਿਆਂ ਦੀ ਕਾਂਟਛਾਂਟ ਅਤੇ ਬਹੁਤ ਹੀ ਜਰੂਰੀ ਨੁਕਤਿਆਂ ਬਾਰੇ ਦੱਸਿਆ। ਡਾ: ਪਰਮਿੰਦਰ ਕੌਰ ਨੇ ਨਾਖ ਦੇ ਕੀੜੇ ਮਕੌੜਿਆਂ ਅਤੇ ਬੀਮਾਰੀਆਂ ਦੀ ਪਹਿਚਾਣ, ਉਹਨਾਂ ਦੇ ਨੁਕਸਾਨ, ਰੋਕਥਾਮ ਅਤੇ ਮੰਡੀਕਰਨ ਬਾਰੇ ਜਾਣਕਾਰੀ ਦਿੱਤੀ।
ਕਿਰਨਬੀਰ ਕੌਰ ਬਾਗਬਾਨੀ ਵਿਕਾਸ ਅਫਸਰ ਵੱਲੋਂ ਨਾਖ ਦੀ ਪ੍ਰੋਸੈਸਿੰਗ ਬਾਰੇ ਦੱਸਿਆ। ਜਿਮੀਦਾਰਾਂ ਵੱਲੋ ਕਾਫੀ ਸਵਾਲ ਕੀਤੇ ਗਏ ਜਿਸ ਦਾ ਜਵਾਬ ਮਾਹਿਰਾਂ ਵੱਲੋ ਦਿੱਤਾ ਗਿਆ। ਇਸ ਸਮੇਂ ਬਾਗਾਂ ਲਈ ਲੇਆਉਟ,ਕਾਂਟਛਾਂਟ/ਸਿਧਾਈ,ਮਿੱਟੀ ਸੈਂਪਲਾਂ ਵਾਸਤੇ ਪੀਅਰ ਅਸਟੇਟ ਵੱਲੋਂ ਤਿਆਰ ਕੀਤੀਆਂ ਬਾਗਬਾਨੀ ਫੀਲਡ ਕਿੱਟਾਂ ਜਿਲੇ ਦੇ ਸਮੂਹ ਬਾਗਬਾਨੀ ਵਿਕਾਸ ਅਫਸਰਾਂ ਨੂੰ ਦਿੱਤੀਆਂ ਗਈਆਂ। ਇਸ ਮੌਕੇ ਸੁਖਵਿੰਦਰ ਸਿੰਘ ਬਾਗਬਾਨੀ ਵਿਕਾਸ ਅਫਸਰ ਅਤੇ ਕਰਨਲ ਸਤਬੀਰ ਸਿੰਘ,ਗੁਰਬੀਰ ਸਿੰਘ,ਸਵਿੰਦਰਪਾਲ ਸਿੰਘ ਛੀਨਾਂ, ਹਰਪ੍ਰੀਤ ਸਿੰਘ ਆਦਿ ਬਾਗਬਾਨ ਹਾਜਿਰ ਸਨ। ਜਤਿੰਦਰ ਸਿੰਘ ਬਾਗਬਾਨੀ ਵਿਕਾਸ ਅਫਸਰ ਵੱਲੋ ਮਾਹਿਰਾਂ ਅਤੇ ਜਿਮੀਦਾਰਾਂ ਦਾ ਧੰਨਵਾਦ ਕੀਤਾ ਗਿਆ।