ਅੰਮ੍ਰਿਤਸਰ 7 ਜੁਲਾਈ (ਪਵਿੱਤਰ ਜੋਤ) : ਪੰਜਾਬੀ ਮਿਊਜ਼ਿਕ ਇੰਡਸਟਰੀ ਹੁਣ ਨਾ ਸਿਰਫ਼ ਪੰਜਾਬ ਜਾਂ ਭਾਰਤ ਹੀ ਸਗੋਂ ਪੂਰੀ ਦੁਨੀਆ ਵਿਚ ਜਾਣੀ ਜਾਂਦੀ ਹੈ। ਸੰਗੀਤ ਸਾਡੀ ਰੂਹ ਦੀ ਖ਼ੁਰਾਕ ਹੈ। ਇਹ ਮਨ ਨੂੰ ਜੀਵਨ ਦੀ ਭੱਜ ਦੌੜ ਤੋਂ ਸਕੂਨ ਪ੍ਰਦਾਨ ਕਰਦਾ ਹੈ। ਪੰਜਾਬੀ ਜੀਵਨ ਜਾਚ ਤੇ ਸਭਿਆਚਾਰ ਦਾ ਅਨਿੱਖੜਵੇਂ ਅੰਗ ਵਜੋਂ , ਇਹ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਸਾਡੀਆਂ ਰਸਮਾਂ ਰਿਵਾਜ਼ਾਂ ’ਚ ਵਿਦਮਾਨ ਹੈ। ਇਸਲਾਮ ਵਿਚ ਰਾਗ ਵਿਵਰਜਿਤ ਮੰਨਿਆ ਗਿਆ ਹੈ ਪਰ ਸਿੱਖੀ ’ਚ ਕੀਰਤਨ ਨੂੰ ( ਕਲਜੁਗ ਮਹਿ ਕੀਰਤਨੁ ਪ੍ਰਧਾਨਾ) ਪ੍ਰਧਾਨਤਾ ਹਾਸਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ 31 ਰਾਗਾਂ ਵਿਚ ਹਨ। ਕਦੀ ਇਹ ਕਿਹਾ ਜਾਂਦਾ ਸੀ ਕਿ ਜਿਸ ਦੇਸ਼ ਕੌਮ ਦਾ ਵਿਰਸਾ ਅਮੀਰ ਅਤੇ ਗੁਣਾਂ ਨਾਲ ਭਰਪੂਰ ਹੋਵੇ ਉਸ ਦੇਸ਼ ਦਾ ਸਭਿਆਚਾਰ ਵੀ ਸ੍ਰੇਸ਼ਟ ਹੁੰਦਾ ਹੈ। ਭਾਰਤੀ ਸੰਗੀਤ ਪਰੰਪਰਾ, ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਣਾਈ ਹੋਈ ਸਾਡੀ ਅਮੀਰ ਸਭਿਆਚਾਰਕ ਵਿਰਾਸਤ ਹੈ । ਜੀਵਨ ਨੂੰ ਸੇਧ ਅਤੇ ਸਾਨੂੰ ਪਹਿਚਾਣ ਪ੍ਰਦਾਨ ਕਰਨ ਵਾਲੀ ਅਜਿਹੀ ਸੰਸਕ੍ਰਿਤੀ ’ਤੇ ਅਸੀਂ ਸਦੀਆਂ ਤੋਂ ਮਾਣ ਕਰਦੇ ਆ ਰਹੇ ਹਾਂ। ਪਰ ਅਜੋਕੇ ਖਪਤਕਾਰੀ ਦੇ ਦੌਰ ’ਚ ਸਰਮਾਏ ਦੀ ਭੁੱਖ ਅਤੇ ਪ੍ਰਦਰਸ਼ਨਕਾਰੀ ਚਕਾਚੌਂਧ ਨੇ ਇਸ ਪਰਿਪੇਖ ਨੂੰ ਬਦਲ ਕੇ ਰੱਖ ਦਿੱਤਾ ਹੈ। ਭਾਜਪਾ ਨੇਤਾ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਦਸਿਆ ਕਿ ਅੱਜ ਪੰਜਾਬੀ ਸਭਿਆਚਾਰ ਅਤੇ ਅਮੀਰ ਵਿਰਾਸਤ ਨੂੰ ਸਭ ਤੋਂ ਵੱਧ ਖ਼ਤਰਾ ਜੇ ਕਿਸੇ ਤੋਂ ਹੈ ਤਾਂ ਉਹ ਮਿਊਜ਼ਿਕ ਇੰਡਸਟਰੀ ਤੋਂ ਹੈ। ਜੋ ਪਹਿਲਾਂ ਸਾਰਥਿਕ ਸਿਰਜਣਾਤਮਿਕਤਾ’ਤੇ ਜ਼ੋਰ ਦਿੱਤਾ ਜਾਂਦਾ ਸੀ, ਉਹ ਪਿਛਲੇ ਦੋ ਤਿੰਨ ਦਹਾਕਿਆਂ ਵਿੱਚ ਹੀ ਇੱਕ ਬਹੁਤ ਵੱਡਾ ਬਿਜ਼ਨੈੱਸ (ਕਾਰੋਬਾਰ) ਬਣ ਚੁੱਕਾ ਹੈ। ਕੁਝ ਸਰਮਾਏਦਾਰਾਂ ਵੱਲੋਂ ਸੰਗੀਤ ਨੂੰ ਹਥਿਆਰ ਵਾਂਗ ਵਰਤ ਕੇ ਇਕ ਵਿਸ਼ਾਲ ਵਪਾਰਕ ਉਦਯੋਗ ਖੜੀ ਕਰ ਲਈ ਗਈ ਹੈ।
ਪੰਜਾਬ ਦੀ ਭੂਗੋਲਿਕ ਸਥਿਤੀ ਸਦਾ ਵਿਦੇਸ਼ੀ ਹਮਲਾਵਰਾਂ ਦੇ ਰਸਤੇ ਵਿਚ ਆਉਣ ਕਾਰਨ, ਇਸ ਨਿੱਤ ਦੀ ਮੁਹਿੰਮਬਾਜ਼ੀ ਨੇ ਪੰਜਾਬੀਆਂ ਦੇ ਸੁਭਾਅ ਅਤੇ ਮਾਨਸਿਕਤਾ ’ਚ ਬੀਰ ਰਸੀ ਅਤੇ ’ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ’ ਕਹਿ ਬੇਪਰਵਾਹੀ ਭਰ ਦਿੱਤੀ ਸੀ। ਜੋ ਕਿ ਅੱਜ ਵੀ ਇਹ ਗੀਤ ਸੰਗੀਤ ਦੇ ਪ੍ਰਗਟਾਵੇ ’ਚ ਕਿਸੇ ਨਾ ਕਿਸੇ ਰੂਪ ’ਚ ਬਾਦਸਤੂਰ ਜਾਰੀ ਹੈ। ਪਰ ਫ਼ਰਕ ਇਹ ਹੈ ਕਿ ਸਤਾਰ੍ਹਵੀਂ ਅਠਾਰ੍ਹਵੀਂ ਸਦੀ ਦਾ ਵੀਰ ਰਸ ਮਜਲੂਮਾਂ ਦੀ ਰਾਖੀ ਲਈ ਸੀ ਤਾਂ ਅੱਜ ਇਸ ਬੀਰ ਰਸ ਦੀ ਤ੍ਰਿਪਤੀ ਨੂੰ ਭੋਗ ਦਾ ਵਸਤੂ ਬਣਾ ਦਿੱਤਾ ਗਿਆ। ਅਫ਼ਸੋਸ ਕਿ ਅਜੋਕੀ ਗਾਇਕੀ ’ਚ ਪ੍ਰੋ: ਜਸਵੰਤ ਸਿੰਘ ਬਾਜ਼ ਵੱਲੋਂ ਲਿਖੇ ਅਤੇ ਲਖਵਿੰਦਰ ਵਡਾਲੀ ਵੱਲੋਂ ਗਾਏ ਗਏ ਗੀਤ ’ਦੀਵਾ ਨਾ ਬੁਝਾਈਂ ਰਾਤ ਬਾਕੀ ਹੈ’ ’ਸਾਂਵਲ ਰੰਗੀਏ’ ਵਰਗੀ ਕੰਨਾਂ ’ਚ ਰਸ ਘੋਲਦੀ ਮਧੁਰ ਗਾਇਕੀ ਖੰਭ ਲਾ ਕੇ ਉੜ ਚਲੀ ਹੈ। ਅਜੋਕੇ ਗੀਤਾਂ ’ਚ ਪਰੋਸੀ ਜਾ ਰਹੀ ਬੇ ਮਕਸਦ ਹਥਿਆਰਾਂ ਦੀ ਵਰਤੋਂ, ਬੇਲਗ਼ਾਮ ਹਿੰਸਾ, ਨਸ਼ੇ ’ਚ ਧੁੱਤ ਜਵਾਨੀ, ਇਹ ਪੰਜਾਬ ਦਾ ਖ਼ਾਕਾ ਤਾਂ ਬਿਲਕੁਲ ਵੀ ਨਹੀਂ ਸੀ। ਬੇਸ਼ੱਕ ਹਥਿਆਰਾਂ ਜਾਂ ਸ਼ਸਤਰਾਂ ਨਾਲ ਪੀਡੀ ਸਾਂਝ ਪੰਜਾਬੀਆਂ ਦਾ ਸੁਭਾਅ ਹੈ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦਾ ਸੰਕਲਪ ਸਾਨੂੰ ਦਿੱਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਕਰਦਿਆਂ ਸ਼ਸਤਰ (ਕਿਰਪਾਨ) ਨੂੰ ਖ਼ਾਲਸੇ ਦਾ ਵਿਅਕਤੀਗਤ ਜ਼ਰੂਰੀ ਤੇ ਅਨਿੱਖੜਵਾਂ ਅੰਗ ਬਣਾ ਦਿੱਤਾ। ਪਰ ਇਸ ਕਾਰਜ ਨੂੰ ਸੰਪੂਰਨ ਕਰਨ ਵਿਚ ਗੁਰੂ ਨਾਨਕ ਦੇਵ ਜੀ ਨੂੰ ਦਸ ਜਾਮਿਆਂ ’ਚ ਕਰੀਬ ਦੋ ਸੌ ਵਰ੍ਹੇ ਲੱਗੇ। ਕਿਉਂਕਿ ਲੋਕਾਂ ਦੇ ਹੱਥਾਂ ’ਚ ਜ਼ੁਲਮ ਖ਼ਿਲਾਫ਼ ਸ਼ਸਤਰ ਥਮ੍ਹਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਮਰਯਾਦਾ ਦੀ ਪਾਲਣਾ ਪ੍ਰਤੀ ਗੁਰਬਾਣੀ ਉਪਦੇਸ਼ ਰਾਹੀਂ ਮਾਨਸਿਕ ਤੌਰ ’ਤੇ ਤਿਆਰ ਕੀਤਾ ਗਿਆ ਸੀ। ਦਸਮ ਪਿਤਾ ਨੇ ਅੰਮ੍ਰਿਤ ਤਿਆਰ ਕੀਤਾ, ਤਾਂ ਉਹ ਵੀ ਸ਼ਸਤਰ (ਖੰਡਾ ਬਾਟਾ) ਤੇ ਸ਼ਾਸਤਰ (ਗੁਰਬਾਣੀ) ਦਾ ਸੁਮੇਲ ਸੀ। ਪਰ ਅਫ਼ਸੋਸ ਕਿ ਅੱਜ ਇਸ ਨੁਕਤੇ ਨੂੰ ਚਿੰਤਨ ਦਾ ਵਿਸ਼ਾ ਬਣਾਏ ਬਗੈਰ ਅਨੇਕਾਂ ਗਾਇਕਾਂ ਵੱਲੋਂ ਵਧ ਤੋਂ ਵੱਧ ਪੈਸਾ ਕਮਾਉਣ ਦੀ ਲਾਲਸਾ, ਅਖੌਤੀ ਸਟੇਟਸ ਅਤੇ ਫੋਕੀ ਬੱਲੇ-ਬੱਲੇ ਲਈ ਆਪਣੇ ਗਾਣਿਆਂ ਅਤੇ ਵੀਡੀਉ ਰਾਹੀਂ ਅਖੌਤੀ ਜੱਟਵਾਦ, ਹਿੰਸਾ ਉਕਸਾਊ, ਸ਼ਰਾਬ ਤੇ ਹੋਰ ਨਸ਼ਿਆਂ ਤੋਂ ਇਲਾਵਾ ਹਥਿਆਰ ਤੇ ਗੈਂਗਸਟਰਾਂ ਵਾਲੇ ਲਾਈਫ਼ ਸਟਾਈਲ ਨੂੰ ਪ੍ਰਮੋਟ ਕਰਨ, ਨੰਗੇਜ ਤੇ ਔਰਤਾਂ ਖ਼ਿਲਾਫ਼ ਘਟੀਆ ਸ਼ਬਦਾਵਲੀ ਰਾਹੀਂ ਉਨ੍ਹਾਂ ਨੂੰ ਸੈਕਸ ਸਿੰਬਲ (ਭੋਗ ਤੇ ਨੁਮਾਇਸ਼ੀ ਵਸਤੂ) ਬਣਾ ਕੇ ਪੇਸ਼ ਕਰਨ ਵਾਲੀ ਲੱਚਰ ਤੇ ਭੱਦੀ ਸ਼ਬਦਾਵਲੀ ਨੂੰ ਬੇਸ਼ਰਮੀ ਨਾਲ ਪਰੋਸਿਆ ਜਾਣਾ ਅੱਲ੍ਹੜ ਵਰ੍ਹੇਸ ਜਵਾਨੀ ’ਤੇ ਮਾਰੂ ਅਸਰ ਪਾ ਰਿਹਾ ਹੈ। ਅੱਜ ਕਲ ਦੇ ਬਹੁਤੇ ਗੀਤਾਂ ਵਿੱਚ ਅਸਲੀ ਪੰਜਾਬ ਦੀ ਕੋਈ ਝਲਕ ਨਹੀਂ ਦਿਸ ਰਹੀ। ਸੋਸ਼ਲ ਮੀਡੀਆ ’ਤੇ ਪ੍ਰਚਾਰੀ ਜਾ ਰਹੀ ਭੈੜੀ ਤੇ ਭੜਕੀਲੀ ਗਾਇਕੀ ਦੇ ਅਸਰ ਹੇਠ ਫੁਰਕਪੁਣੇ ਵੱਲ ਵੱਧ ਉਲਾਰ ਨੌਜਵਾਨੀ ਆਪਣੇ ਮਸਲਿਆਂ ਤੇ ਸਮਾਜ ਪ੍ਰਤੀ ਸੋਚ ਪੱਖੋਂ ਹੀ ਕੰਗਾਲ ਨਹੀਂ ਹੁੰਦੀ ਜਾ ਰਹੀ ਸਗੋਂ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਨੌਜਵਾਨ ਗੈਂਗਵਾਰ ਤੇ ਨਸ਼ਿਆਂ ਦੇ ਸੇਵਨ ਤੋਂ ਇਲਾਵਾ ਨਸ਼ੇ ਵੇਚਣ ਦੇ ਕਾਰੋਬਾਰ ਵਿੱਚ ਵੀ ਮੋਹਰੀ ਬਣਦੇ ਜਾ ਰਹੇ ਹਨ। ਅਜੋਕੇ ਗੀਤਾਂ ’ਚ ਪੰਜਾਬ ਅਤੇ ਜੱਟਾਂ ਦੀ ਪੇਸ਼ਕਾਰੀ ਇੰਝ ਕੀਤੀ ਜਾ ਰਹੀ ਹੈ ਜਿਵੇਂ ਪੰਜਾਬ ਦੁਨੀਆ ਦੀ ਸਭ ਅਮੀਰ ਸਟੇਟ ਹੋਵੇ, ਜਿੱਥੋਂ ਦੇ ਜੱਟ ਨਜਾਇਜ਼ ਅਸਲਾ ਰੱਖਦੇ, ਵਾਧੂ ਪੈਸਾ, ਵੱਡੀਆਂ ਕਾਰਾਂ, ਸ਼ਰਾਬਾਂ ਪੀਂਦੇ ਤੇ ਨਸ਼ੇੜੀ ਬਣ ਮਸਤੀ ਵਿੱਚ ਜਿਉਂਦੇ ਹਨ। ਪਰ ਅਸਲੀਅਤ ਕਿਸੇ ਤੋ ਛੁਪੀ ਹੋਈ ਤਾਂ ਨਹੀਂ। ਜੱਟ ਕਰਜ਼ੇ ਨਾਲ ਦੱਬੇ ਪਏ ਹਨ ਅਤੇ ਔਸਤਨ ਰੋਜ਼ਾਨਾ 3-4 ਕਿਸਾਨ ਹਾਲਾਤ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਰਹੇ ਹਨ। ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੇ ਗੈਂਗ ਖਾ ਰਹੇ ਹਨ। ਇੱਥੋਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ, ਧਰਤੀ ਬੰਜਰ ਹੋ ਰਹੀ ਹੈ।ਸਭ ਪਾਸੇ ਭ੍ਰਿਸ਼ਟਾਚਾਰ ਹੈ ਅਤੇ ਪੰਜਾਬ ਦੀ ਸਿਆਸਤਦਾਨਾਂ ਤੇ ਕਈ ਨੌਕਰਸ਼ਾਹਾਂ ਵੱਲੋਂ ਦੋਹੀਂ ਹੱਥੀਂ ਲੁੱਟ ਹੋ ਰਹੀ ਹੈ। ਪੰਜਾਬ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ, ਘੱਟੋ ਘਟ ਉਹ ਆਪਣੇ ਬੱਚਿਆਂ ਨੂੰ ਕਨੂੰਨੀ ਜਾਂ ਗੈਰ ਕਨੂੰਨੀ ਢੰਗ ਨਾਲ ਵਿਦੇਸ਼ਾਂ ’ਚ ਅਣਦੱਸੀ ਥਾਂ ਪਲਾਇਨ ਕਰਾਉਣ ਬਾਰੇ ਸੋਚ ਰਹੇ ਹਨ, ਇਹ ਰੁਝਾਨ ਉਸ ਦਿਨ ਤੋਂ ਵਧਿਆ ਜਦ ਆਪਣੇ ਗਾਣਿਆਂ ਤੇ ਵੀਡੀਉਜ਼ ’ਚ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਖ਼ੁਦ ਵੀ ਇਨ੍ਹਾਂ ਹਥਿਆਰਾਂ ਤੇ ਗੈਗਸਟਰਾਂ ਦਾ ਸ਼ਿਕਾਰ ਹੋ ਕੇ ਜਾਨ ਗਵਾ ਬੈਠਾ। ਬੇਸ਼ੱਕ ਉਸ ਦੇ ਦੁਨੀਆ ਤੋਂ ਤੁਰ ਜਾਣ ਨਾਲ ਅੱਜ ਵੀ ਸੋਗ ਦੀ ਲਹਿਰ ਹੈ। ਜਮਹੂਰੀ ਨਿਜ਼ਾਮ ਅਤੇ ਸੱਭਿਅਕ ਸਮਾਜ ’ਚ ਕਿਸੇ ਵੀ ਬੇਕਸੂਰ ਨੂੰ ਕਤਲ ਕਰਨਾ ਸਹੀ ਨਹੀਂ ਠਹਿਰਾਇਆ ਜਾ ਸਕਦਾ। ਇਸ ਗਾਇਕ ਨੇ ਵੀ ਆਪਣੇ ਸਫ਼ਰ ਦੀ ਸ਼ੁਰੂਆਤ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ‘ਜੀਹਨੇ ਦੇੜਨੀਆਂ ਹਿੱਕਾਂ ਉਹ ਲਾਈਸੈਂਸ ਨਹੀਂਓ ਲੈਂਦੇ।’ ਨਾਲ ਕੀਤੀ ਸੀ। ਇਸ ਦੇ ਕਈ ਗੀਤ ਜਿਵੇਂ, ਹੋ ਗਿਆ ਕਤਲ ਤੂਤ ਦੇ ਓਲੇ, ਗੱਭਰੂ ਤੇ ਕੇਸ ਜਿਹੜਾ ਸੰਜੇ ਦੱਤ ‘ਤੇ, ਮਾਫ਼ੀਆ ਸਟਾਈਲ, ਏਕੇ 47, ਆਦਿ ਬਹੁਤ ਸਾਰੇ ਗਾਣੇ ਅਜਿਹੇ ਹਨ ਜਿਸ’ ਚ ਸ਼ਰੇਆਮ ਬੰਦੂਕ ਨੂੰ ਇਸਤੇਮਾਲ ਕੀਤਾ ਗਿਆ । ਇਸੇ ਤਰਾਂ ਹੀ ਪੰਜਾਬ ਦੇ ਅਨੇਕਾਂ ਪ੍ਰਸਿੱਧ ਗਾਇਕਾਂ ਦੇ ਕਾਫੀ ਗੀਤਾਂ ‘ਚ ਹਥਿਆਰ ਦਾ ਜ਼ਿਕਰ ਹੁੰਦਾ ਹੈ। ਜਿਵੇਂ, ਜੱਟ ਖੱਬੀ ਸੀਟ ’ਤੇ ਬੰਦੂਕ ਰੱਖਦਾ’, ਗੈਂਗ ਲੈਂਡ, ਦਾਰੂ ਬੰਦ, ਜੇਲ੍ਹ, ਅੱਠ ਰਫ਼ਲਾਂ, ਚਿੱਟਾ ਕੁੜਤਾ, ਰੈੱਡ ਆਈਜ਼, ਅਧੀਆ, ਹਿੰਟ ਗਾਨ, ਕੁੜੀ ਚਾਕਲੇਟ ਵਰਗੀ, ਚੌਥਾ ਪੈਗ ਲਾ ਕੇ ਉਹਦੀ ਬਾਂਹ ਫੜਨੀ, ਜੇਲ੍ਹਾਂ ਵਿਚੋਂ ਫ਼ੋਨ ਆਉਣਗੇ, ਡੱਬ ਵਿੱਚ ਭਰ ਕੇ ਗਲੌਕ ਰੱਖਦਾ, ਗੈਂਗਸਟਰ ਸੀਨ ਐਂ, ਆਦਿ ‘ਚ ਅਸ਼ਲੀਲਤਾ, ਨਸ਼ੇ, ਕੁੱਟਮਾਰ ਤੇ ਹਥਿਆਰਾਂ ਨੂੰ ਸ਼ਰੇਆਮ ਉਤਸ਼ਾਹਿਤ ਕੀਤਾ ਗਿਆ ਹੈ। ਇਨ੍ਹਾਂ ਗੀਤਾਂ ਦੀ ਸ਼ਬਦਾਵਲੀ ਨਾਲ ਮਾਂ ਬੋਲੀ ਪੰਜਾਬੀ ਦੇ ਸੱਚੇ ਸੁੱਚੇ ਸੇਵਕ ਅਖਵਾਉਣ ਵਾਲੇ ਪੰਜਾਬੀ ਸਭਿਆਚਾਰ ਦੇ ਵਾਰਿਸ ਸਾਡੀ ਨੌਜਵਾਨੀ ਨੂੰ ਕਿੱਧਰ ਲਿਜਾ ਰਹੇ ਹਨ ? ਸਭ ਨੂੰ ਪਤਾ ਹੈ ਕਿ ਪੰਜਾਬ ‘ਚ ਨਸ਼ਿਆਂ ਦਾ ਵਧਣਾ ਅਤੇ ਗੈਂਗ ਕਲਚਰ ਦੇ ਉਥਾਨ ਦਾ ਮੁੱਖ ਕਾਰਨ ਪੰਜਾਬੀ ਗੀਤਾਂ ‘ਚ ਇਨ੍ਹਾਂ ਗੰਨ ਕਾਰਤੂਸ, ਅਸ਼ਲੀਲਤਾ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨਾ ਵੀ ਹੈ। ਯੂਥ ਉਕਤ ਸੁਪਨ ਸੰਸਾਰ ਵਲ ਆਕਰਸ਼ਿਤ ਹੁੰਦਾ ਹੈ। ਤਲਿੱਸਮ ਦੀ ਇਸ ਦੁਨੀਆ ਨੂੰ ਹਾਸਲ ਕਰਨ ਲਈ ਕਈ ਨੌਜਵਾਨ ਮਾਪਿਆਂ ਦੇ ਨੱਕ ਵਿਚ ਦਮ ਕਰੀ ਰੱਖਦੇ ਹਨ, ਜਿਸ ਕਾਰਨ ਕਈ ਪਰਿਵਾਰ ਉੱਜੜ ਗਏ ਹਨ। ਹੋਟਲਾਂ ਪੈਲਸਾਂ ਆਦਿ ਵਿਚ ਅੱਜ ਕਲ ਲੜਕੀਆਂ ਵੱਲੋਂ ਸ਼ਰਾਬ ਦਾ ਵਰਤਾਇਆ ਜਾਣਾ ਪੰਜਾਬੀ ਸਭਿਆਚਾਰ ਦੇ ਰਸਾਤਲ ਵੱਲ ਜਾਣ ਦਾ ਇਕ ਹੋਰ ਸੂਚਕ ਹੀ ਤਾਂ ਹੈ। ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਦੇ ਵੱਖ-ਵੱਖ ਥਾਂਵਾਂ ‘ਤੇ ਵਿਆਹ ਸ਼ਾਦੀਆਂ ਜਾਂ ਹੋਰ ਖ਼ੁਸ਼ੀ ਦੇ ਮੌਕਿਆਂ ‘ਤੇ ਚੌੜ ਵਿਚ ਆ ਚਲਾਈ ਗੋਲੀ ਕਾਰਨ ਜਾਨੀ ਨੁਕਸਾਨ ਹੋ ਚੁੱਕੇ ਹਨ। ਆਖ਼ਰ ਅਜਿਹਾ ਕਿਉਂ ਵਾਪਰ ਰਿਹਾ ਹੈ? ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਲਬਰੇਜ਼ ਸਾਡੀ ਅਣਖ ਨੂੰ ਮਾਰਨ ਲਈ ਜੋ ਲੱਚਰਤਾ, ਹਿੰਸਾ ਤੇ ਆਚਰਣਹੀਣਤਾ ਗੀਤਾਂ ਰਾਹੀਂ ਪਰੋਸੀ ਜਾ ਰਹੀ ਹੈ, ਉਸ ਨੂੰ ਅੱਖਾਂ ਮੀਟ ਕੇ ਬਰਦਾਸ਼ਤ ਕਰਦੇ ਰਹਾਂਗੇ ਤਾਂ ਅਣਖੀ ਤੇ ਮਿਹਨਤੀ ਪੰਜਾਬੀ ਕੌਮ ਦਾ ਭਵਿੱਖ ਤਬਾਹ ਹੋ ਜਾਵੇਗਾ । ਸਾਨੂੰ ਹੁਣ ਸੁਚੇਤ ਹੋਣ ਦੀ ਲੋੜ ਹੈ। ਸਾਡੀ ਨੌਜਵਾਨੀ ਨੂੰ ਤਬਾਹ ਕਰਨ ਵਾਲੀ ਸਮਗਰੀ ਕਬੂਲ ਨਹੀਂ ਕੀਤੀ ਜਾ ਸਕਦੀ। ਗਾਣੇ ’ਚ ਹਿੰਸਾ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਗੈਂਗਸਟਰ ਕਲਚਰ ਨੂੰ ਉਤਸ਼ਾਹਿਤ ਕਰਨ ਵਾਲਿਆਂ ਵਿਰੁੱਧ ਸਖ਼ਤ ਹੋਣ ਦੀ ਲੋੜ ਹੈ। ਹੁਣ ਪੰਜਾਬ ਸਰਕਾਰ ਨੂੰ ਵੀ ਇਨ੍ਹਾਂ ਖ਼ਿਲਾਫ਼ ਵੱਡਾ ਐਕਸ਼ਨ ਲੈਣਾ ਪਵੇਗਾ, ਸਰਜੀਕਲ ਸਟ੍ਰਾਈਕ ਕਰਨੀ ਪਵੇਗੀ। ਫ਼ਿਲਮ ਸੈਂਸਰ ਬੋਰਡ ਦੀ ਤਰਜ਼ ’ਤੇ ਮਿਊਜ਼ਿਕ ਇੰਡਸਟਰੀ ਲਈ ਵੀ ਸੈਂਸਰ ਬੋਰਡ ਬਿਠਾਉਣ ਦੀ ਲੋੜ ਹੈ। ਪੰਜਾਬ ‘ਚ ਨਸ਼ਾ ਖ਼ਤਮ ਕਰਨ ਲਈ ਡਰੱਗ ਮਾਫ਼ੀਆ ਅਤੇ ਗੈਂਗਸਟਰ ਸਭਿਆਚਾਰ ਨੂੰ ਨੱਥ ਪਾਉਣ ਪ੍ਰਤੀ ਨਵਾਂ ਅਤੇ ਅਸਰਦਾਇਕ ਠੋਸ ਪਲੈਨ ’ਤੇ ਅਮਲ ਕਰਨ ਤੋਂ ਪਹਿਲਾਂ ਭੜਕਾਊ ਗਾਣਿਆਂ ਲਈ ਜ਼ਿੰਮੇਵਾਰ ਗਾਇਕਾਂ ਤੇ ਪ੍ਰਮੋਟਰਾਂ ਨੂੰ ਨੱਥ ਪਾਉਣ ਦੀ ਲੋੜ ਹੈ। ਮਾਣਯੋਗ ਸੁਪਰੀਮ ਕੋਰਟ ਨੇ ਭੜਕਾਊ ਗੀਤਾਂ ’ਤੇ ਤਿੱਖੀ ਨਜ਼ਰ ਰੱਖਣ ਲਈ ਭਾਰਤ ਸਰਕਾਰ ਨੂੰ ਕਈ ਵਾਰ ਹਦਾਇਤ ਕੀਤੀ ਹੈ। ਗਾਣਿਆਂ ’ਚ ਲੱਚਰ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨਾ ਅਦਾਲਤੀ ਹੁਕਮਾਂ ਦੀ ਉਲੰਘਣ ਹੈ। ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਬਚਾਉਣ ਲਈ ਗੈਰ ਪੰਜਾਬੀ ਪੰਡਿਤ ਰਾਓ ਧਾਨੇਵਰ ਵਰਗੇ ਕਈ ਸਮਾਜਕ ਕਾਰਕੁਨ ਸਾਡੀ ਲੜਾਈ ਲੜ ਰਹੇ ਹਨ। ਪੰਜਾਬੀਆਂ ਨੂੰ ਵੀ ਆਪਣੀ ਪੀੜੀ, ਸਭਿਆਚਾਰ ਤੇ ਵਿਰਾਸਤ ਨੂੰ ਬਚਾਉਣ ਲਈ ਖ਼ੁਦ ਹਿੰਮਤ ਮਾਰਨੀ ਚਾਹੀਦੀ ਹੈ। ਇਸ ਸਾਰੀ ਪ੍ਰਕ੍ਰਿਆ ਨੂੰ ਸਮਝਦਿਆਂ ਗਾਇਕਾਂ ਦੁਆਰਾ ਆਪਣੇ ਸੌੜੇ ਹਿਤਾਂ ਅਤੇ ਝੂਠੀ ਸ਼ੁਹਰਤ ਲਈ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਾਸਤ ਨੂੰ ਤਬਾਹ ਕਰਨ ਜਾਂ ਨਿਵਾਣਾਂ ਵਲ ਲੈ ਜਾਣ ਤੋਂ ਰੋਕਣ ਲਈ ਸਰਕਾਰਾਂ, ਮਹਿਲਾ ਕਮਿਸ਼ਨਾਂ, ਸਭਿਆਚਾਰਕ ਸੰਸਥਾਵਾਂ ਤੇ ਦੇਸ਼ ਸਮਾਜ ਨਾਲ ਸਰੋਕਾਰ ਰੱਖਣ ਵਾਲਿਆਂ ਨੂੰ ਇਕ ਜੁੱਟ ਹੋਣਾ ਪਵੇਗਾ।