ਛਾਤੀ ਅਤੇ ਟੀਵੀ ਦੇ ਮਰੀਜ਼ਾਂ ਨੂੰ ਹਲਕ ਤਰ ਕਰਨ ਲਈ ਨਹੀਂ ਮਿਲ ਰਿਹਾ ਪੀਣਯੋਗ ਪਾਣੀ
______
ਅੰਮ੍ਰਿਤਸਰ,6 ਜੁਲਾਈ (ਪਵਿੱਤਰ ਜੋਤ)- ਗਰਮੀ ਦੀ ਤੱਪਸ ਦੇ ਵਿੱਚ ਪਿਆਸਿਆਂ ਨੂੰ ਪਿਆਸ ਬੁਝਾਉਣ ਲਈ ਜਿਥੇ ਸਮਾਜਿਕ,ਧਾਰਮਿਕ ਅਤੇ ਦਾਨੀ ਸੱਜਣ ਠੰਢੇ ਮਿੱਠੇ ਜਲ ਦੀ ਛਬੀਲ ਲਗਾ ਕੇ ਸੇਵਾ ਕਰ ਰਹੇ ਹਨ। ਉਥੇ ਸਰਕਾਰੀ ਹਸਪਤਾਲਾਂ ਵਿਚ ਪਹੁੰਚਣ ਵਾਲੇ ਮਰੀਜ ਦੋ ਕੁੱਟ ਪਾਣੀ ਦੇ ਨਾਲ ਆਪਣਾ ਹਲਕ ਤਰ ਕਰਨ ਲਈ ਬੇਵੱਸ ਨਜ਼ਰ ਆ ਰਹੇ ਹਨ। ਅਜਿਹੇ ਹਾਲਾਤ ਸਰਕਾਰੀ ਟੀ.ਬੀ ਹਸਪਤਾਲ ਵਿਚ ਦੇਖਣ ਨੂੰ ਮਿਲ ਰਹੇ ਹਨ। ਓ.ਪੀ.ਡੀ ਦੀ ਵਿਭਾਗ ਦੇ ਅੰਦਰ ਕਿਸੇ ਦਾਨੀ ਸੱਜਣ ਵੱਲੋਂ ਲਗਾਈ ਠੰਡੇ ਜਲ ਦੀ ਮਸ਼ੀਨ ਦੇ ਕੋਲ ਜਾ ਕੇ ਮਰੀਜ਼ ਅਤੇ ਉਸਦੇ ਰਿਸ਼ਤੇਦਾਰ ਪਿਆਸ ਬੁਝਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਨਿਰਾਸ਼ਾ ਹੱਥ ਲਗਦੀ ਹੈ। ਕਿਉਂਕਿ ਪਿਛਲੇ ਕਈ ਸਮੇਂ ਤੋਂ ਉਹ ਮਸ਼ੀਨ ਕੰਮ ਨਹੀਂ ਕਰ ਰਹੀ ਹੈ।ਓ.ਪੀ.ਡੀ ਦੇ ਬਾਹਰ ਇਕ ਪਾਣੀ ਦੀ ਟੂਟੀ ਲੱਗੀ ਹੈ ਪਰ ਉਸਦੇ ਆਲੇ-ਦੁਆਲੇ ਇੰਨੀ ਗੰਦਗੀ ਹੈ ਕਿ ਬਦਬੂ ਦੇ ਚੱਲਦਿਆਂ ਕੋਈ ਪਾਣੀ ਨਹੀਂ ਪੀ ਸਕਦਾ। ਛਾਤੀ ਅਤੇ ਟੀ.ਬੀ ਦੀ ਬੀਮਾਰੀਆਂ ਨਾਲ ਸਬੰਧਤ ਮਰੀਜ਼ਾਂ ਨੂੰ ਖਾਂਸੀ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ। ਜਿਸ ਦੇ ਚੱਲਦਿਆਂ ਪਾਣੀ ਦੀ ਸਖ਼ਤ ਜ਼ਰੂਰਤ ਦੀ ਲੋੜ ਪੈਂਦੀ ਹੈ। ਪੰਜਾਬ ਸਰਕਾਰ ਮੁਹੱਲਿਆਂ ਵਿੱਚ ਸਿਹਤ ਕਲੀਨਿਕ ਬਣਾਉਣ ਦੇ ਦਾਅਵੇ ਅਤੇ ਵਾਅਦੇ ਕਰਦੀ ਹੈ। ਉਸ ਤੋਂ ਪਹਿਲਾਂ ਸਰਕਾਰ ਨੂੰ ਸਰਕਾਰੀ ਹਸਪਤਾਲਾਂ ਦੀ ਸਾਰ ਲੈਣੀ ਜ਼ਰੂਰੀ ਹੈ। ਸਹੂਲਤਾਂ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਹਨ,ਤਾਂ ਮੁਹੱਲਾ ਕਲੀਨਿਕਾਂ ਦਾ ਤਾਂ ਰੱਬ ਹੀ ਰਾਖਾ ਹੋਵੇਗਾ।
ਪਾਣੀ ਨੂੰ ਲੈ ਕੇ ਧਿਆਨ ਰੱਖਾਂਗੇ-ਡਾ.ਪਾਂਧੀ
_____
ਟੀ.ਬੀ ਹਸਪਤਾਲ ਦੇ ਪ੍ਰਮੁੱਖ ਡਾ.ਨਵੀਂਨ ਪਾਂਧੀ ਨੇ ਕਿਹਾ ਕਿ ਓ.ਪੀ.ਡੀ ਵਾਲੀ ਪਾਣੀ ਦੀ ਮਸ਼ੀਨ ਖਰਾਬ ਹੈ। ਹਸਪਤਾਲ ਦੇ ਬਾਹਰ ਕਮਲ ਮੈਡੀਕਲ ਸਟੋਰ ਦੇ ਕਰੀਬ ਦਾਨੀ ਸੱਜਣ ਵੱਲੋਂ ਪਾਣੀ ਦੀ ਮਸ਼ੀਨ ਲਗਾਈ ਗਈ ਹੈ। ਹਸਪਤਾਲ ਦੇ ਅੰਦਰ ਪਾਣੀ ਮੁੱਹਈਆ ਕਰਵਾਉਣ ਲਈ ਪੂਰਾ ਧਿਆਨ ਰੱਖਿਆ ਜਾਵੇਗਾ।