ਭਾਜਪਾ ਨੌਜਵਾਨਾਂ ਦੇ ਭਵਿੱਖ ਨਾਲ ਕਰ ਰਹੀ ਹੈ ਖਿਲਵਾੜ- ਕਰਮਜੀਤ ਸਿੰਘ ਰਿੰਟੂ
__________
ਹਲਕਾ ਪੱਛਮੀ ਦੇ ਕੌਂਸਲਰਾਂ ਨੇ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਦਾ ਸਾੜਿਆ ਪੁਤਲਾ
__________
ਅੰਮ੍ਰਿਤਸਰ,30 ਜੂਨ (ਪਵਿੱਤਰ ਜੋਤ)- ਮੇਅਰ ਕਰਮਜੀਤ ਸਿੰਘ ਰਿੰਟੂ ਦੀ ਅਗਵਾਈ ਵਿੱਚ ਅਗਨੀਪਥ ਯੋਜਨਾ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਦੇ ਹੋਏ ਭਾਜਪਾ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਹਲਕਾ ਪੱਛਮੀ ਦੇ ਇਲਾਕੇ ਗਵਾਲ ਮੰਡੀ ਵਿਖੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕੌਂਸਲਰਾਂ,ਵਰਕਰਾਂ ਵੱਲੋਂ ਕਾਲੇ ਬੈਨਰ ਲੈ ਕੇ ਨਰਿੰਦਰ ਮੋਦੀ ਦੇ ਖਿਲਾਫ ਨਾਅਰੇਬਾਜੀ ਕਰਦਿਆਂ ਅਗਨੀਪਥ ਯੋਜਨਾ ਨੂੰ ਕਾਲਾ ਕਾਨੂੰਨ ਕਰਾਰ ਦਿੰਦੇ ਹੋਏ ਵਾਪਸ ਲੈਣ ਦੀ ਮੰਗ ਕੀਤੀ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਲਈ ਸ਼ਰਮ ਵਾਲੀ ਗੱਲ ਹੈ ਕਿ ਉਹ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। 30 ਹਜ਼ਾਰ ਮਹੀਨਾ ਦੀ ਨੌਕਰੀ ਦੇ ਚਾਰ ਸਾਲ ਬਾਅਦ ਨੌਜਵਾਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਅਗਨੀਪਥ ਦਾ ਮਤਲਬ ਹੈ ਕਿ ਅੱਗ ਦਾ ਮਾਰਗ,ਜਿਸ ਤੇ ਨੌਜਵਾਨਾਂ ਨੂੰ ਭਰਤੀ ਕਰਕੇ ਚਾਰ ਸਾਲ ਬਾਅਦ ਉਨ੍ਹਾਂ ਦੇ ਭਵਿੱਖ ਦੇ ਅੱਗੇ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਜਾਵੇਗਾ। ਜਦ ਕਿ ਪੂਰੀ ਡਿਊਟੀ ਕਰਕੇ ਸੇਵਾਮੁਕਤ ਹੋਇਆ ਸੈਨਿਕ ਪੈਨਸ਼ਨ,ਕੰਟੀਨ ਸਹੂਲਤ,ਮੈਡੀਕਲ ਸਹਾਇਤਾ, ਟੈਕਸ ਅਤੇ ਉਨ੍ਹਾਂ ਦੇ ਬੱਚਿਆਂ ਲਈ ਵਿਸ਼ੇਸ਼ ਛੋਟ ਮਿਲਦੀ ਹੈ। ਜਦ ਕਿ ਚਾਰ ਸਾਲ ਤੋਂ ਬਾਅਦ ਘਰਾਂ ਨੂੰ ਵਾਪਸ ਪਰਤਣ ਵਾਲੇ ਬੱਚੇ ਇਹਨਾਂ ਸਹੂਲਤਾਂ ਤੋਂ ਵਾਂਝੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰੈਗੂਲਰ ਭਰਤੀ ਕੀਤੀ ਗਈ ਆਮ ਆਦਮੀ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਤੇ ਕੌਂਸਲਰ ਪਰਮੋਦ ਬੱਬਲਾ,ਸੰਜੀਵ ਟਾਂਗਰੀ,ਸ਼ਵੀ ਢਿੱਲੋਂ,ਸੁਖਦੀਪ ਸੋਨੀ,ਦਵਿੰਦਰ ਪਹਿਲਵਾਨ, ਜੀ.ਐਸ ਕਾਲੀਆ,ਡਿੰਪਲ ਅਰੋੜਾ,ਵਿੱਕੀ ਕੁਮਾਰ ਨਰਿੰਦਰ ਭੋਗਲ,ਲਹਿਰੀ ਨਿਸ਼ਾਨ ਸਿੰਘ,ਗੁਰਦੇਵ ਜੱਜੀ,ਨਿੱਕਾ ਇੰਦਰਪੁਰੀ ਵੀ ਮੌਜੂਦ ਸਨ।