ਇਕ ਪਾਸੇ ਜਨਤਾ ਨੂੰ ਮੁਫਤ ਬਿਜਲੀ ਦੇਣ ਦਾ ਕਰਦੇ ਹਨ ਐਲਾਨ, ਦੂਜੇ ਪਾਸੇ ਸੁਰੱਖਿਆ ਦੇ ਨਾਂ ‘ਤੇ ਪੈਸੇ ਕਰ ਰਹੇ ਹਨ ਵਸੂਲ : ਗੁਪਤਾ

0
21

 

‘ਆਪ’ ਸਰਕਾਰ ਨੇ ਬਿਜਲੀ ਵਿਭਾਗ ਰਾਹੀਂ ਜਨਤਾ ਨੂੰ ਲੁੱਟਣ ਦਾ ਨਵਾਂ ਤਰੀਕਾ ਕੱਢਿਆ ਹੈ: ਜੀਵਨ ਗੁਪਤਾ

ਚੰਡੀਗੜ੍ਹ/ਅੰਮ੍ਰਿਤਸਰ, 27 ਜੂਨ (ਪਵਿੱਤਰ ਜੋਤ) :  ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਵਿੱਚ ਮੋਟੀ ਸੁਰੱਖਿਆ ਰਾਸ਼ੀ ਵਸੂਲ ਕਰਨ ਲਈ ਭੇਜੇ ਗਏ ਬਿਜਲੀ ਦੇ ਬਿਲਾਂ ‘ਤੇ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ 1 ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਮੁਫਤ ਦੇਣ ਦਾ ਐਲਾਨ ਕਰਕੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫੇਰ ਮੂਰਖ ਬਣਾਇਆ ਗਿਆ ਹੈ, ਜਨਤਾ ਨੂੰ ਬਿਜਲੀ ਦੇ ਬਿੱਲਾਂ ਵਿੱਚ ਮੋਟੀਆਂ ਰਕਮਾਂ ਭੇਜੀਆਂ ਜਾ ਰਹੀਆਂ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ਆ ਰਹੇ ਬਿੱਲਾਂ ਵਿੱਚ 20,000 ਤੋਂ 25,000 ਹਜ਼ਾਰ ਰੁਪਏ ਸਕਿਓਰਿਟੀ ਦੇ ਨਾਂ ’ਤੇ ਲਾ ਕੇ ਬਿਲ ਭੇਜੇ ਜਾ ਰਹੇ ਹਨ। ਜਦੋਂ ਲੋਕ ਇਸ ਸਬੰਧੀ ਬਿਜਲੀ ਵਿਭਾਗ ਕੋਲ ਜਾ ਕੇ ਸਪਸ਼ਟੀਕਰਣ ਪੁੱਛਦੇ ਹਨ ਅਤੇ ਕਹਿੰਦੇ ਹਨ ਕਿ ਜਦੋਂ ਬਿਜਲੀ ਵਿਭਾਗ ਨੇ ਸਾਡਾ ਮੀਟਰ ਲਗਾਇਆ ਸੀ ਤਾਂ ਉਸ ਸਮੇਂ ਸੁਰੱਖਿਆ ਰਾਸ਼ੀ ਜਮ੍ਹਾਂ ਕਰਵਾਈ ਗਈ ਸੀ ਤਾਂ ਬਿਜਲੀ ਵਿਭਾਗ ਦੇ ਕਰਮਚਾਰੀ ਉਨ੍ਹਾਂ ਨੂੰ ਕਹਿੰਦੇ ਹਨ ਕਿ ਜੇਕਰ ਤੁਹਾਡੇ ਕੋਲ ਕੋਈ ਰਸੀਦ ਹੈ ਤਾਂ ਲੈ ਕੇ ਆਓ ਅਤੇ ਦਿਖਾਓ, ਨਹੀਂ ਤਾਂ ਇਹ ਰਕਮ ਤੁਹਾਨੂੰ ਜਮ੍ਹਾਂ ਕਰਵਾਉਣੀ ਪਵੇਗੀ।
ਜੀਵਨ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਦੇ ਘਰਾਂ ਵਿੱਚ ਬਿਜਲੀ ਦੇ ਮੀਟਰ ਲਗਾਉਣ ਲਈ ਬਿਜਲੀ ਵਿਭਾਗ ਨੂੰ ਦਰਖਾਸਤ ਦਿੱਤੀ ਜਾਂਦੀ ਹੈ ਤਾਂ ਉਸ ਸਮੇਂ ਹੋਰ ਖਰਚਿਆਂ ਤੋਂ ਇਲਾਵਾ ਬਿਜਲੀ ਵਿਭਾਗ ਵੱਲੋਂ ਮੀਟਰਾਂ ਲਈ ਵਸੂਲੀ ਜਾਣ ਵਾਲੀ ਸਕਿਉਰਿਟੀ ਦੀ ਰਕਮ ਵੀ ਜਮ੍ਹਾ ਕਰਵਾ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਖਪਤਕਾਰ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਵਿਭਾਗ ਵੱਲੋਂ ਕਿਸੇ ਵੀ ਖਪਤਕਾਰ ਦੇ ਘਰ ਬਿਜਲੀ ਮੀਟਰ ਲਗਾਇਆ ਜਾਂਦਾ ਹੈ। ਇੰਨਾ ਹੀ ਨਹੀਂ, ਬਿਜਲੀ ਵਿਭਾਗ ਹਰ ਮਹੀਨੇ ਖਪਤਕਾਰ ਤੋਂ ਉਸ ਦੇ ਮੀਟਰ ਲਈ ਬਿਜਲੀ ਦੇ ਬਿੱਲ ਰਾਹੀਂ ਇੱਕ ਪੱਕਾ ਕਿਰਾਇਆ ਅਤੇ ਹੋਰ ਖਰਚੇ ਵੀ ਵਸੂਲਦਾ ਹੈ, ਜਿਸ ਦਾ ਸਾਰਾ ਵੇਰਵਾ ਬਿੱਲ ਵਿੱਚ ਲਿਖਿਆ ਹੁੰਦਾ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ‘ਚ ਪਿਛਲੇ ਕਈ ਸਾਲਾਂ ਤੋਂ ਚੁੰਗੀ ਟੈਕਸ ਖਤਮ ਕਰ ਦਿੱਤਾ ਗਿਆ ਹੈ, ਜਦੋਂ ਕਿ ਬਿਜਲੀ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਬਿੱਲਾਂ ‘ਚ ਇਹ ਚੁੰਗੀ ਟੈਕਸ ਵਸੂਲਿਆ ਜਾ ਰਿਹਾ ਹੈ ਅਤੇ ਇਹ ਬਿੱਲ ‘ਚ ਵੀ ਸਪੱਸ਼ਟ ਲਿਖਿਆ ਹੁੰਦਾ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਲੋਕਾਂ ਨੂੰ 300 ਯੂਨਿਟ ਮੁਫਤ ਦੇਣ ਦੇ ਐਲਾਨ ਦੇ ਨਾਲ ਹੀ ਪੰਜਾਬ ਸਰਕਾਰ ਨੇ ਲੋਕਾਂ ਦੀ ਲੁੱਟ ਦਾ ਨਵਾਂ ਤਰੀਕਾ ਲੱਭ ਲਿਆ ਹੈ। ਕਿਉਂਕਿ ਬਿਜਲੀ ਵਿਭਾਗ ਖਪਤਕਾਰ ਨੂੰ ਨਵਾਂ ਕੁਨੈਕਸ਼ਨ ਦੇਣ ਸਮੇਂ ਖਪਤਕਾਰ ਵੱਲੋਂ ਜਮਾਂ ਕਰਵਾਏ ਗਏ ਪੈਸਿਆਂ ਦੀ ਜੋ ਰਸੀਦ ਦਿੰਦਾ ਹੈ, ਉਸ ਵਿੱਚ ਕਿਸ ਲਈ ਕਿੰਨੇ ਪੈਸੇ ਲਏ ਗਏ ਹਨ ਉਸਦਾ ਕੋਈ ਵੇਰਵਾ ਨਹੀਂ ਹੁੰਦਾ। ਇਸ ਲਈ, ਕੋਈ ਵੀ ਮੌਜੂਦਾ ਜਾਂ ਪੁਰਾਣਾ ਖਪਤਕਾਰ ਸੁਰੱਖਿਆ ਦੀ ਰਕਮ ਲਈ ਰਸੀਦ ਪੇਸ਼ ਨਹੀਂ ਕਰ ਸਕਦਾ ਹੈ। ਇਸ ਲਈ ਉਹ ਬਿਜਲੀ ਵਿਭਾਗ ਵੱਲੋਂ ਵਸੂਲੀ ਜਾਣ ਵਾਲੀ ਸੁਰੱਖਿਆ ਰਾਸ਼ੀ ਜਮ੍ਹਾਂ ਕਰਵਾਉਣ ਲਈ ਮਜਬੂਰ ਹੋਵੇਗਾ।
ਜੀਵਨ ਗੁਪਤਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਬਿਜਲੀ ਖਪਤਕਾਰਾਂ ਦੀ ਇਸ ਲੁੱਟ ਨੂੰ ਬੰਦ ਨਾ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਨੂੰ ਨਾਲ ਲੈ ਕੇ ਸੜਕਾਂ ‘ਤੇ ਉਤਰਨ ਤੋਂ ਗੁਰੇਜ਼ ਨਹੀਂ ਕਰੇਗੀ।

NO COMMENTS

LEAVE A REPLY