ਏ.ਡੀ.ਸੀ. ਸੁਰਿੰਦਰ ਸਿੰਘ ਨੇ ਕੰਪਨੀ ਬਾਗ ਅਤੇ ਮੁੱਖ ਪ੍ਰਸਾਸ਼ਕ ਪੁੱਡਾ ਨੇ ਜਲਿਆਂਵਾਲਾ ਬਾਗ ਵਿਖੇ ਕੀਤੀ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਅੰਮ੍ਰਿਤਸਰ, 21 ਜੂਨ (ਪਵਿੱਤਰ ਜੋਤ) : ਸਿਹਤਮੰਦ ਜੀਵਨ ਲਈ ਯੋਗ ਅਭਿਆਸ ਨੂੰ ਪ੍ਰੋਤਸਾਹਿਤ ਕਰਨ ਦੇ ਟੀਚੇ ਨਾਲ ਸਹਿਰ ਦੇ ਜਲਿਆਂਵਾਲਾ ਬਾਗ, ਕੰਪਨੀ ਬਾਗ ਅਤੇ ਕਿਲਾ ਗੋਬਿੰਦਗੜ੍ਹਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਜਲਿਆਂਵਾਲਾ ਬਾਗ ਵਿਖੇ ਮਨਾਏ ਗਏ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਮੁੱਖ ਪ੍ਰਸਾਸ਼ਕ ਪੁੱਡਾ ਸ੍ਰੀਮਤੀ ਲਵਜੀਤ ਕੌਰ ਕਲਸੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਐਕਸੀਅਨ ਗੁਰਪ੍ਰੀਤ ਸਿੰਘ, ਡਾ: ਰਣਬੀਰ ਸਿੰਘ ਕੰਗ, ਤੇਜਿੰਦਰ ਰਾਜਾ ਨਹਿਰੂ ਯੁਵਾ ਕੇਂਦਰ ਦੀ ਕੁਆਰਡੀਨੇਟਰ ਮੈਡਮ ਅਕਾਂਸ਼ਾ ਨੇ ਹਿੱਸਾ ਲਿਆ। ਇਸ ਮੌਕੇ ਮੈਡਮ ਲਵਜੀਤ ਕੌਰ ਕਲਸੀ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਯੋਗ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਆਪਣੀ ਜਿੰਦਗੀ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਹੀ ਸਾਡੀ ਸਿਹਤ ਨਿਰੋਗ ਰਹੇਗੀ। ਯੋਗ ਦੌਰਾਨ ਅਧਿਕਾਰੀਆਂ ਅਤੇ ਸਕੂਲੀ ਬੱਚਿਆਂ ਨੇ ਭਾਗ ਲਿਆ ਅਤੇ ਯੋਗ ਦੇ ਆਸਨ ਕੀਤੇ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਵੱਲੋਂ ਕੰਪਨੀ ਬਾਗ ਵਿਖੇ ਜਿਲ੍ਹਾ ਪ੍ਰਸਾਸਨ ਤੇ ਕੇਂਦਰੀ ਯੋਗ ਸੰਸਥਾਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਯੋਗ ਸੈਸਨ ਵਿੱਚ ਯੋਗ ਗੁਰੂਆਂ ਦੀ ਅਗੁਵਾਈ ਹੇਠ ਆਮ ਯੋਗ ਪ੍ਰੋਟੋਕੋਲਸ (ਸੀਵਾਈਪੀ) ਆਸਨਾਂ ਦਾ ਡਿਮੋਨਸਟ੍ਰੇਸ਼ਨ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਐਡੀਸਨਲ ਡਿਪਟੀ ਕਮਿਸਨਰ (ਜੀ) ਸੁਰਿੰਦਰ ਸਿੰਘ (ਪੀ.ਸੀ.ਐੱਸ.) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਲੋਕਾਂ ਨੂੰ ਯੋਗ ਪ੍ਰਤੀ ਜਾਗਰੂਕ ਕਰਨ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਇਹ ਇੱਕ ਚੰਗਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਯੋਗ ਸਾਡੇ ਜੀਵਨ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਸ ਲਈ ਹਰ ਵਿਅਕਤੀ ਨੂੰ ਅੰਤਰਰਾਸਟਰੀ ਯੋਗ ਦਿਵਸ ‘ਤੇ ਕੀਤੀ ਗਈ ਸੁਰੂਆਤ ਨੂੰ ਸਫਲਤਾਪੂਰਵਕ ਅੱਗੇ ਤੋਰਨਾ ਚਾਹੀਦਾ ਹੈ। ਸੁਰਿੰਦਰ ਸਿੰਘ ਨੇ ਕਿਹਾ ਕਿ ਯੋਗ ਲਈ ਲੋਕਾਂ ਨੂੰ ਵੱਧ ਚੜ੍ਹ ਕੇ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਹ ਸਿਹਤਮੰਦ ਜੀਵਨ ਜੀ ਸਕਣ।
ਇਸ ਮੌਕੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਐੱਫ.ਪੀ.ਓ. ਗੁਰਮੀਤ ਸਿੰਘ, (ਆਈ.ਆਈ.ਐੱਸ.) ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਅੰਤਰਰਾਸ਼ਟਰੀ ਯੋਗ ਦਿਵਸ ਨੇ ਨਾ ਸਿਰਫ ਯੋਗ ਦੀ ਲੋਕਪਿ੍ਰਯਤਾ ਨੂੰ ਹੀ ਹੁਲਾਰਾ ਦਿੱਤਾ ਹੈ ਬਲਕਿ ਕਈ ਨਵੇਂ ਖੇਤਰਾਂ ਵਿਚ ਇਸ ਨੂੰ ਅਪਣਾਉਣ ਲਈ ਉਤਸ਼ਾਹਤ ਕਰਦਿਆਂ ਭੂਗੋਲਿਕ ਮੌਜੂਦਗੀ ਤੱਕ ਵਿਸਥਾਰਤ ਵੀ ਕੀਤਾ ਹੈ। ਉਹਨਾਂ ਕਿਹਾ ਕਿ ਯੋਗ ਦੇ ਜਰੀਏ ਕਈ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਅਜਿਹੇ ਵਿਚ ਇਸਦੇ ਫਾਇਦੇ ਸਮਝਦਿਆਂ ਹੋਇਆਂ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਹਰਸਿਮਰਨਜੀਤ ਕੌਰ (ਪੀ.ਸੀ.ਐੱਸ.), ਭਾਰਤੀ ਯੋਗ ਸੰਸਥਾਨ ਦੇ ਮੈਂਬਰ ਸਤੀਸ ਮਹਾਜਨ ਤੇ ਵੀਰੇਂਦਰ ਧਵਨ, ਆਯੂਸ ਮੰਤਰਾਲੇ ਦੇ ਅਧਿਕਾਰੀ ਡਾ. ਅਮਿਤ ਮਹਾਜਨ ਵੀ ਖਾਸ ਤੌਰ ਤੇ ਮੌਜੂਦ ਰਹੇ।
ਕਿਲਾ ਗੋਬਿੰਦਗੜ੍ਹ ਵਿਖੇ ਮਨਾਏ ਗਏ ਯੋਗ ਦਿਵਸ ਮੌਕੇ ਕਮਾਂਡੈਂਟ ਸੀ:ਆਰ:ਪੀ:ਐਫ ਸ੍ਰੀ ਆਰ:ਕੇ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਾਂਡੈਂਟ ਯੋਗੇਸ਼ ਯਾਦਵ, ਸੀਨੀਅਰ ਮੈਡੀਕਲ ਅਫਸਰ ਦਿਨੇਸ਼ ਕੁਮਾਰ, ਸੁਪਰਵਾਈਜਰ ਕਿਲਾ ਗੋਬਿੰਦਗੜ੍ਹ ਹਾਜਰ ਸਨ। ਯੋਗ ਦਿਵਸ ਮੌਕੇ ਯੋਗ ਗੁਰੂਆਂ ਵੱਲੋਂ ਅਧਿਕਾਰੀਆਂ ਅਤੇ ਸਕੂਲੀ ਬੱਚਿਆਂ ਨੂੰ ਯੋਗ ਆਸਨ ਦਾ ਅਭਿਆਸ ਕਰਵਾਇਆ ਗਿਆ।