ਭਗਤ ਪੂਰਨ ਸਿੰਘ ਜੀ ਦਾ 118ਵਾਂ ਜਨਮ ਦਿਹਾੜਾ ਮਨਾਇਆ ਗਿਆ

0
39

ਅੰਮ੍ਰਿਤਸਰ 4 ਜੂਨ (ਰਾਜਿੰਦਰ ਧਾਨਿਕ) : ਪਿੰਗਲਵਾੜਾ ਸੰਸਥਾ ਦੀ ਮੁਖ ਬ੍ਰਾਂਚ ਦੇ ਗੁਰਦੁਆਰਾ ਸਾਹਿਬ ਵਿਖੇ ਭਗਤ ਪੂਰਨ ਸਿੰਘ ਜੀ ਦਾ 118ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਹ ਸਮਾਗਮ ਭਗਤ ਜੀ ਦੇ ਮਨੁੱਖਤਾ ਅਤੇ ਦੀਨ-ਦੁਖੀਆਂ ਪ੍ਰਤੀ ਕੀਤੇ ਕਾਰਜਾਂ ਨੂੰ ਸਮਰਪਿਤ ਕੀਤਾ ਗਿਆ ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿਚ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਪਿੰਗਲਵਾੜੇ ਦੇ ਸਪੈਸ਼ਲ ਅਤੇ ਦੂਜੇ ਬੱਚਿਆਂ ਵਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਦਵਾਰਾ ਕੀਤਾ ਗਿਆ । ਇਸ ਤੋਂ ਬਾਅਦ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ । ਇਸ ਤੋਂ ਬਾਅਦ ਸਕੂਲਾਂ ਦੇ ਬੱਚਿਆਂ ਨੇ ਭਗਤ ਜੀ ਦੇ ਮਨੁੱਖਤਾ ਅਤੇ ਵਾਤਾਵਰਣ ਲਈ ਕੀਤੇ ਕਾਰਜਾਂ ਤੇ ਚਾਨਣ ਪਾਇਆ । ਇਸ ਮੌਕੇ ਉੱਘੇ ਕਿਸਾਨ ਲੀਡਰ ਸ੍ਰ. ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਕਿਸਾਨ ਸਾਥੀਆਂ ਨਾਲ ਉਚੇਚੇ ਤੌਰ ਤੇ ਹਾਜਰੀ ਭਰੀ ਅਤੇ ਆਪਣੇ ਸੰਬੋਧਨ ਵਿਚ ਭਗਤ ਪੂਰਨ ਸਿੰਘ ਜੀ ਨਾਲ 1960 ਤੋਂ ਲਗਾਤਾਰ ਰਹੇ ਸੰਪਰਕ ਬਾਰੇ ਜਾਣਕਾਰੀ ਦਿਤੀ ਤੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਭਗਤ ਪੂਰਨ ਸਿੰਘ ਅਤੇ ਉਹ ਇਕੋ ਪਿੰਡ ਦੇ ਵਸਨੀਕ ਰਹੇ ਹਨ ।
ਡਾ. ਇੰਰਜੀਤ ਕੌਰ ਮੁੱਖ ਸੇਵਾਦਾਰ ਨੇ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਭਗਤ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਤੇ ਚਾਨਣਾ ਪਾਇਆ । ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਭਗਤ ਜੀ ਹਮੇਸ਼ਾ ਵਾਤਾਵਰਨ ਦੀ ਸੰਭਾਲ ਉੱਪਰ ਜੋਰ ਦਿੰਦੇ ਸਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਪ੍ਰੇਰਨਾ ਦਿੰਦੇ ਸਨ । ਪੂਰੇ ਸੰਸਾਰ ਵਿਚ ਘੱਟ ਰਹੀ ਆਕਸੀਜਨ ਅਤੇ ਇਸ ਨਾਲ ਬੇਹਾਲ ਲੋਕਾਈ ਨੂੰ ਜੋ ਤਕਲੀਫਾਂ ਅੱਜ ਹੋ ਰਹੀਆਂ ਹਨ, ਉਹ ਵਾਤਾਵਰਨ ਅਤੇ ਰੁੱਖਾਂ ਨੂੰ ਨਾ ਸੰਭਾਲਨ ਦਾ ਨਤੀਜਾ ਹੈ । ਉਨ੍ਹਾਂ ਨੇ ਮਨੁੱਖਤਾ ਦਵਾਰਾ ਕੁਦਰਤੀ ਸੋਮਿਆਂ ਨਾਲ ਖਿਲਵਾੜ ਕਰਨ ਨਾਲ ਪੈਦਾ ਹੋਏੇ ਭਿਆਣਕ ਖਤਰਿਆਂ ਬਾਰੇ ਜਾਣਕਾਰੀ ਦਿੱਤੀ ।
ਇਸ ਮੌਕੇ ਡਾ. ਇੰਦਰਜੀਤ ਕੌਰ ਮੁਖ ਸੇਵਾਦਾਰ ਪਿੰਗਲਵਾੜਾ ਸੰਸਥਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ । ਗੁਰਦੁਆਰਾ ਸਾਹਿਬ ਵਿਚ ਭੋਗ ਅਤੇ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ । ਉਪਰੰਤ ਪਿੰਗਲਵਾੜਾ ਦੇ ਸਕੂਲੀ ਬੱਚਿਆਂ ਵਲੋਂ ਯੋਗਾ ਦਾ ਪ੍ਰਦਰਸ਼ਨ ਕੀਤਾ ਗਿਆ ।
ਇਸ ਪ੍ਰੋਗਰਾਮ ਦਾ ਸੰਚਾਲਨ ਮਾਸਟਰ ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਦਵਾਰਾ ਕੀਤਾ ਗਿਆ । ਇਸ ਪ੍ਰੋਗਰਾਮ ਵਿਚ ਸ੍ਰ. ਮੁਖਤਾਰ ਸਿੰਘ ਆਨਰੇਰੀ ਸਕੱਤਰ, ਸ੍ਰ. ਰਾਜਬੀਰ ਸਿੰਘ ਮੈਂਬਰ, ਸ੍ਰ. ਹਰਜੀਤ ਸਿੰਘ ਅਰੋੜਾ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰ. ਜੈ. ਸਿੰਘ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਸ੍ਰ. ਰਜਿੰਦਰਪਾਲ ਸਿੰਘ ਡਾਇਰੈਕਟਰ ਗੂੰਗੇ-ਬੋਲਿਆਂ ਦਾ ਸਕੂਲ, ਸ੍ਰ. ਗੁਰਨੈਬ ਸਿੰਘ ਵਿੱਦਿਅਕ ਸਲਾਹਕਾਰ, ਸ੍ਰ. ਨਰਿੰਦਰਪਾਲ ਸਿੰਘ ਸੋਹਲ, ਸ਼੍ਰੀ. ਯੋਗੇਸ਼ ਸੂਰੀ, ਸ਼੍ਰੀ ਤਿਲਕ ਰਾਜ ਜਨਰਲ ਮੈਨੇਜਰ, ਸ੍ਰ. ਹਰਪਾਲ ਸਿੰਘ ਸੰਧੂ ਕੇਅਰ ਟੇਕਰ ਅਤੇ ਕਈ ਹੋਰ ਸਖਸ਼ੀਅਤਾਂ ਉਚੇਚੇ ਤੌਰ ਤੇ ਹਾਜਿਰ ਸਨ ।

NO COMMENTS

LEAVE A REPLY