ਬਲਿਊ ਸਟਾਰ ਓਪਰੇਸ਼ਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਭ ਤੋਂ ਵੱਡੀ ਇਤਿਹਾਸਕ ਗ਼ਲਤੀ : ਪ੍ਰੋ. ਸਰਚਾਂਦ ਸਿੰਘ ਖਿਆਲਾ

0
14

ਅੰਮ੍ਰਿਤਸਰ 4 ਜੂਨ (ਪਵਿੱਤਰ ਜੋਤ) : ਜੂਨ ’84 ਦਾ ਬਲਿਊ ਸਟਾਰ ਓਪਰੇਸ਼ਨ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਸਭ ਤੋਂ ਵੱਡੀ ਇਤਿਹਾਸਕ ਗ਼ਲਤੀ ਸੀ। ਜੋ ਅਨੁਮਾਨ ਤੋਂ ਕਿਤੇ ਜ਼ਿਆਦਾ ਮਹਿੰਗਾ ਸਾਬਤ ਹੋਇਆ ਕਿ ਜਿਸ ਦਾ ਵਿਆਪਕ ਨਕਾਰਾਤਮਿਕ ਸਿੱਟਾ ਅਤੇ ਵਿਨਾਸ਼ਕਾਰੀ ਘਟਨਾਵਾਂ ਦਾ ਪ੍ਰਭਾਵ ਨਾ ਕੇਵਲ ਦੋ ਦਹਾਕਿਆਂ ਤਕ ਜਾਰੀ ਰਿਹਾ ਸਗੋਂ ਅੱਜ ਵੀ ਸਿੱਖ ਮਾਨਸਿਕਤਾ ਵਿਚ ਅਸਹਿ ਪੀੜਾ ਬਣ ਕੇ ਬੈਠਾ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸਿੱਖ ਮਾਨਸਿਕਤਾ ਵਿਚ ਇਹ ਤੀਸਰਾ ਘੱਲੂਘਾਰਾ ਸਦੀਆਂ ਤਕ ਅਭੁੱਲ ਯਾਦ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਅਜ਼ਾਦ ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਕਿ ਕਿਸੇ ਲੋਕ ਲਹਿਰ ਨੂੰ ਦਬਾਉਣ ਦੇ ਨਾਂ ’ਤੇ ਆਪਣੀ ਰਾਜਸੀ ਸਵਾਰਥ ਦੀ ਪੂਰਤੀ ਲਈ ਹਕੂਮਤ ਵੱਲੋਂ ਆਪਣੇ ਹੀ ਲੋਕਾਂ ’ਤੇ ਫ਼ੌਜ ਦੀ ਨਿਲੱਜ ਵਰਤੋਂ ਕੀਤੀ ਗਈ । ਬਰਤਾਨੀਆ ਤੇ ਰੂਸ ਦੀ ਸਹਾਇਤਾ ਨਾਲ ਸਿੱਖ ਕੌਮ ਦੇ ਸਭ ਤੋਂ ਪਵਿੱਤਰ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੌਰਾਨ ਤੋਪਾਂ ਟੈਂਕਾਂ ਅਤੇ ਹਵਾਈ ਸੈਨਾ ਰਾਹੀਂ ਬੰਬ ਬਰਸਾਏ ਗਏ। ਸਿੱਖਾਂ ਦੀ ਪ੍ਰਭੂਸਤਾ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਗਿਆ। ਇਸ ਮੌਕੇ ਪੂਰਵ ਅਨੁਮਾਨ ਤੋਂ ਕਿਤੇ ਵਧ ਹੋਏ ਜਾਨੀ ਮਾਲੀ ਨੁਕਸਾਨ ਉੱਥੋਂ ਤਕ ਹੀ ਸੀਮਤ ਨਾ ਰਿਹਾ ਸਗੋਂ ਨਵੰਬਰ ’84 ’ਚ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦਾ ਨਾ ਧੋਇਆ ਜਾ ਸਕਣ ਵਾਲਾ ਕਾਲਾ ਧੱਬਾ ਵੀ ਕਾਂਗਰਸ ਅਤੇ ਗਾਂਧੀ ਪਰਿਵਾਰ ਦੇ ਮੱਥੇ ਕਲੰਕ ਬਣ ਕੇ ਲੱਗਿਆ। ਦੇਸ਼ ਨੂੰ ਇਕ ਅਜਿਹੇ ਦੌਰ ’ਚੋਂ ਨਿਕਲਣਾ ਪਿਆ, ਸਗੋਂ ਕਿਸੇ ਵੀ ਦੇਸ਼ ਦੇ ਇਤਿਹਾਸ ’ਚ ਇਹ ਆਪਣੀ ਤਰਾਂ ਦਾ ਪਹਿਲਾ ਵਰਤਾਰਾ ਬਣਿਆ ਜਿਸ’ਚ ਦੇਸ਼ ਦੇ ਪ੍ਰਧਾਨ ਮੰਤਰੀ, ਸੈਨਾ ਮੁਖੀ ਅਤੇ ਮੁੱਖ ਮੰਤਰੀ ਵਰਗੇ ਵਕਾਰੀ ਰੁਤਬਿਆਂ ’ਤੇ ਬੈਠੇ ਵਿਅਕਤੀਆਂ ਨੂੰ ਜਾਨਾਂ ਗਵਾਉਣੀਆਂ ਪਈਆਂ। ਇਸ ਵਰਤਾਰੇ ਨਾਲ ਦੇਸ਼ ਅਤੇ ਸਿੱਖ ਕੌਮ ਨੂੰ ਹੋਏ ਨੁਕਸਾਨ ਦੀ ਪੂਰਤੀ ਅੱਜ ਕਰੀਬ ਚਾਰ ਦਹਾਕਿਆਂ ਤਕ ਵੀ ਨਹੀਂ ਕੀਤੀ ਜਾ ਸਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਰਹੂਮ ਸ੍ਰੀਮਤੀ ਇੰਦਰਾ ਗਾਂਧੀ ਪੰਜਾਬ ਅਤੇ ਸਿੱਖਾਂ ਦੀਆਂ ਬੁਨਿਆਦੀ ਮੰਗਾਂ ਜਿਸ ’ਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਅਤੇ ਦਰਿਆਈ ਪਾਣੀਆਂ ਦੀ ਵੰਡ ਦੇ ਮਸਲਿਆਂ ਨੂੰ ਸੁਲਝਾਉਣ ਨਾਲੋਂ ਉਲਝਾ ਕੇ ਰਾਜਸੀ ਲਾਹਾ ਲੈਣ ’ਚ ਦਿਲਚਸਪੀ ਦਿਖਾ ਰਹੀ ਸੀ। ਜਦੋਂ ਕਿ ਇਤਿਹਾਸ ਗਵਾਹ ਹੈ ਕਿ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਸਿੱਖ ਲੀਡਰ ਨੇ ਕੇਂਦਰ ਨਾਲ ਗੱਲਬਾਤ ਦਾ ਰਸਤਾ ਕਦੀ ਬੰਦ ਨਹੀਂ ਸੀ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਹਕੂਮਤ ਵੱਲੋਂ ਕਿਸੇ ਭਾਈਚਾਰੇ ਦੀ ਵੱਡੇ ਪੱਧਰ ‘ਤੇ ਬਰਬਾਦੀ ਕਰਨ ਦੇ ਅਮਲ ਨੂੰ ‘ਘੱਲੂਘਾਰਾ’ ਕਿਹਾ ਜਾਂਦਾ ਹੈ। ਉੱਥੇ ਇਸ ਸਾਕੇ ਨੂੰ ਸਿੱਖ ਕੌਮ ਵੱਲੋਂ ਤੀਜਾ ਘੱਲੂਘਾਰਾ ਕਹਿਣ ਤੋਂ ਹੀ ਇਸ ਸਾਕੇ ਨਾਲ ਸਿੱਖ ਮਾਨਸਿਕਤਾ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਬੇਸ਼ੱਕ ਦੇਸ਼ ਵਿਦੇਸ਼ ਵਿਚ ਰਹਿਣ ਵਾਲਾ ਹਰ ਪੰਜਾਬੀ ‘ਪੰਜਾਬ ਦੇ ਸੁਖ’ ਦੀ ਹਰ ਵੇਲੇ ਖ਼ੈਰ ਮੰਗਦਾ ਹੈ | ਪ੍ਰੰਤੂ ਪੰਜਾਬ ਦਾ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਜਦ ਵੀ ਮੁਗ਼ਲਾਂ, ਅੰਗਰੇਜ਼ਾਂ ਆਦਿ ਧਾੜਵੀਆਂ ਨੇ ਪੰਜਾਬ ਵਾਸੀਆਂ ਤੋਂ ਧਾਰਮਿਕ ਜਾਂ ਰਾਜਨੀਤਿਕ ਤੌਰ ‘ਤੇ ਈਨ ਮਨਵਾਉਣ ਲਈ ਪੰਜਾਬ ਉੱਪਰ ਹਮਲੇ ਕੀਤੇ ਤਾਂ ਬਹਾਦਰ ਤੇ ਅਣਖੀਲੇ ਪੰਜਾਬੀਆਂ ਨੇ ਅਨੇਕਾਂ ਕੁਰਬਾਨੀਆਂ ਨਾਲ ਉਨ੍ਹਾਂ ਦਾ ਮੂੰਹ-ਤੋੜਵਾਂ ਜਵਾਬ ਦਿੱਤਾ |’84 ਦੇ ਘੱਲੂਘਾਰੇ ਨੂੰ ਅਤੇ ਇਸ ਤੋਂ ਉਪਰੰਤ ਨਵੰਬਰ ’84 ਦੇ ਸਿੱਖ ਕਤਲੇਆਮ ਅਤੇ ਦੋ ਦਹਾਕਿਆਂ ਤਕ ਸਿੱਖ ਨੌਜਵਾਨਾਂ ਦੀ ਕੀਤੀ ਗਈ ਨਸਲਕੁਸ਼ੀ ਤੇ ਤਬਾਹੀ ਨੂੰ ਸਿੱਖ ਕਦੀ ਨਹੀਂ ਭੁੱਲਣਗੇ। ’84 ਦੇ ਨਕਾਰਾਤਮਿਕ ਪ੍ਰਭਾਵ ਨੂੰ ਠਲ੍ਹ ਪਾਉਣ ਅਤੇ ਸਿੱਖਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਸ਼ੱਕ ਅਨੇਕਾਂ ਕਾਰਜ ਕੀਤੇ ਹਨ, ਪਰ ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਬਤੌਰ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਲਏ ਗਏ ਗ਼ਲਤ ਫ਼ੈਸਲਿਆਂ ਅਤੇ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਗਏ ਹਮਲੇ ਵਿਰੁੱਧ ਦੇਸ਼ ਦੇ ਪਵਿੱਤਰ ਸਦਨ ਪਾਰਲੀਮੈਂਟ ਵਿਚ ਮਤਾ ਲਿਆ ਕੇ ਸਿੱਖ ਹਿਰਦਿਆਂ ਨੂੰ ਸ਼ਾਂਤ ਕਰਨ ਦਾ ਉਪਰਾਲਾ ਕਰਨ ’ਚ ਪਹਿਲ ਕਰਨ।

NO COMMENTS

LEAVE A REPLY