ਅੰਮ੍ਰਿਤਸਰ,29 ਮਈ (ਅਰਵਿੰਦਰ ਵੜੈਚ)- : ਯੰਗ ਮਲੰਗ ਥੀਏਟਰ ਗਰੁੱਪ ਅਮ੍ਰਿਤਸਰ ਵੱਲੋਂ , ਸਾਜਨ ਕਪੂਰ ਦੀ ਨਿਰਦੇਸ਼ਨਾ ਹੇਠ ਦਵਿੰਦਰ ਗਿੱਲ ਦਾ ਲਿਖਿਆ ਨਾਟਕ “ ਇਸ਼ਕ ਰੀਮਿਕਸ ” , ਪੰਜਾਬ ਨਾਟਸ਼ਾਲਾ ਵਿੱਚ ਪੇਸ਼ ਕੀਤਾ ਗਿਆ । ਇਹ ਇਸ ਗਰੁੱਪ ਵੱਲੋਂ ਇਸ ਨਾਟਕ ਦੀ ਛੇਵੀਂ ਪੇਸ਼ਕਾਰੀ ਸੀ । ਇਸ਼ਕ ਰੀਮਿਕਸ ਨਾਟਕ ਦੀ ਕਹਾਣੀ ਅੱਜ ਦੇ ਨੌਜਵਾਨਾਂ ਦੀ ਹੈ ਜੋ ਕਿਸੇ ਵੀ ਹੀਲੋ ਵਿਦੇਸ਼ ਜਾ ਕੇ ਸੈੱਟ ਹੋਣਾ . ਚਾਹੁੰਦੇ ਹਨ ਸਿਰਫ ਨੌਜਵਾਨ ਹੀ ਨਹੀਂ , ਉਹਨਾਂ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ ਹਰ ਤਰੀਕਾ ਵਰਤਦੇ ਹਨ ।ਉਹ ਤਰੀਕਾ ਭਾਵੇਂ ਕੰਟਰੈਕਟ ਮੈਰਿਜ ਵਾਲਾ ਹੋਵੇ ਜਾਂ ਜਮੀਨ ਵੇਚ ਕੇ ਏਜੰਟਾਂ ਰਾਹੀਂ ਬਾਹਰ ਵਾਲਾ ।ਇਸ ਨਾਟਕ ਦੇ ਮੁੱਖ ਪਾਤਰ , ਸਾਡੀਆਂ ਅਮਰ ਪ੍ਰੇਮ ਕਥਾਵਾਂ ਦੇ ਪਾਤਰ ਹਨ । ਮਿਰਜ਼ਾ -ਸਾਹਿਬਾਂ ਅਤੇ ਹੀਰ ਰਾਂਝਾ ਇੱਕੀਵੀਂ ਸਦੀ ਵਿੱਚ ਜਨਮ ਲੈਂਦੇ ਹਨ । ਇਸੇ ਤਰਾਂ ਸਹਿਤੀ , ਚੂਚਕ , ਕੈਦੋ , ਸ਼ਮੀਰ , ਖੀਵਾ ਖਾਨ ਆਦਿ ਵੀ ਅੱਜ ਦੇ ਹਾਈਟੈਕ ਮਾਹੌਲ ਵਿੱਚ ਵਿਚਰਦੇ ਹਨ ਪਰ ਹੁਣ ਇਹ ਸਾਰੇ ਪਾਤਰ ਬਦਲ ਚੁੱਕੇ ਹਨ । ਇਹਨਾਂ ਦੀਆਂ ਪ੍ਰਾਥਮਿਕਤਾਵਾਂ ਬਦਲ ਚੁੱਕੀਆਂ ਹਨ । ਸਾਹਿਬਾਂ , ਮਿਰਜ਼ੇ ਨੂੰ ਪਿਆਰ ਤਾਂ ਕਰਦੀ ਹੈ ਪਰ ਕਨੇਡਾ ਜਾ ਕੇ ਰਹਿਣਾ ਚਾਹੁੰਦੀ ਹੈ ਜਦੋਂ ਕਿ ਮਿਰਜ਼ਾ ਆਵਦੀ ਫੋਕੀ ਜੱਟ ਆਕੜ ਵਿੱਚ ਗ੍ਰਸਿਆ ਹੋਇਆ ਪੰਜਾਬ ਵਿੱਚ ਹੀ ਰਹਿਣਾ ਚਾਹੁੰਦਾ ਹੈ । ਰਾਂਝੇ ਨੇ ਇਸ ਵਾਰ ਮੱਝਾਂ ਨਹੀਂ ਚਾਰੀਆਂ , ਸਗੋਂ ਬਾਰਾਂ ਸਾਲ ਕਨੇਡਾ ਰਹਿ ਕੇ ਕਮਾਈ ਕੀਤੀ ਹੈ ਅਤੇ ਹੁਣ ਹੀਰ ਸਮੇਤ ਪੰਜਾਬ ਦੀਆਂ ਕਈ ਕੁੜੀਆਂ ਰਾਂਝੇ ਨਾਲ ਵਿਆਹ ਕਰਵਾਉਣਾ ਚਾਹੁੰਦੀਆਂ ਹਨ । ਇਸੇ ਤਰਾਂ ਕੈਦੋ ਅਤੇ ਖੀਵੇ ਖਾਨ ਦੀ ਸੋਚ ਵੀ ਆਧੁਨਿਕ ਹੋ ਚੁੱਕੀ ਹੈ ।ਨਾਟਕ ਦੀ ਖਾਸ ਗੱਲ ਇਹ ਹੈ ਕਿ ਇਹ ਸਾਰੇ ਪਾਤਰ ਭਾਵੇਂ ਇੱਕੀਵੀਂ ਸਦੀ ਵਿੱਚ ਵਿਚਰਦੇ ਹਨ ਪਰ ਉਹਨਾਂ ਨੂੰ ਯਾਦ ਹੈ ਕਿ ਪਿਛਲੇ ਜਨਮ ਵਿੱਚ ਉਹਨਾਂ ਨਾਲ ਕੀ ਹੋਇਆ ਸੀ ? ਉਹਨਾਂ ਨੇ ਕੀ ਗਲਤੀਆਂ ਕੀਤੀਆਂ ਸਨ । ਅਤੇ ਉਹ ਹੁਣ ਉਹੀ ਗਲਤੀਆਂ ਦੁਹਰਾਉਣਾ ਨਹੀਂ ਚਾਹੁੰਦੇ । ਨਾਟਕ ਪੰਜਾਬ ਅਤੇ ਪੰਜਾਬੀਆਂ ਦੀ ਅਜੋਕੀ ਸਥਿਤੀ ਤੇ ਵਿਅੰਗ ਕਰਦਾ ਹੈ । ਪੂੰਜੀਵਾਦ ਅਤੇ ਸੰਸਾਰੀਕਰਨ ਦੀਆਂ ਨੀਤੀਆਂ ਹੱਥੋਂ ਬੁਰੀ ਤਰਾਂ ਝੰਭੇ ਪਏ ਪੰਜਾਬ ਦੀ ਅਜੋਕੀ ਸਥਿਤੀ ਤਰਸਮਈ ਹੋਈ ਪਈ ਹੈ । ਨਾਟਕ ਇਸੇ ਤਰਸਮਈ ਸਥਿਤੀ ਦੀ ਹਾਸ ਵਿਅੰਗ ਵਿਧੀ ਰਾਹੀਂ ਬਾਤ ਪਾਉਂਦਾ ਹੈ ਜਦੋਂ ਡਾਕਟਰੀ ਜਾਂ ਇੰਜਨੀਅਰਿੰਗ ਦੀ ਪੜਾਈ ਨਾਲੋਂ ਆਇਲਟਸ ਟੈਸਟ ਚੋਂ ਪੰਜ ਬੈਂਡ ਲੈਣ ਵਾਲੇ ਨੂੰ ਵੀ ਨਾਇਕ / ਨਾਇਕਾ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ । , ਇਸ ਨਾਟਕ ਦੇ ਚੀਫ਼ ਗੈਸਟ ਮਨਦੀਪ ਮੰਨਾ, ਸੇਕ੍ਟਰੀ ਸੁਸ਼ਾਂਤ ਭਾਟੀਆ, ਰਜਤ ਕਪੂਰ, ਅਮਿਤਪਾਲ ਸਿੰਘ ਕਰਤਾਰ ਸਿੰਘ ਦੀ ਹੱਟੀ ਦਾ ਸਹਿਯੋਗ ਰਿਹਾ।