ਵਿਜੀਲੈਂਸ ਨੇ ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ ਦਬੋਚੇ

0
49

ਅੰਮ੍ਰਿਤਸਰ, 24 ਮਈ (ਰਾਜਿੰਦਰ ਧਾਨਿਕ)- ਜਨਮ ਤੇ ਮੌਤ ਦੇ ਨਵੇਂ ਜਾਂ ਲੇਟ ਐਂਟਰੀ ਸਰਟੀਫਿਕੇਟ ਬਣਾਉਣ ਲਈ ਸੁਵਿਧਾ ਕੇਂਦਰਾਂ ਸਮੇਤ ਨਗਰ ਨਿਗਮ ਦੇ ਦਫ਼ਤਰਾਂ ਦੇ ਦਰਜਨਾਂ ਚੱਕਰ ਲਗਾਉਣ ਬਾਅਦ ਵੀ ਕਈ ਵਾਰੀ ਲੋਕਾਂ ਨੂੰ ਨਸੀਬ ਨਹੀਂ ਹੋ ਰਹੇ ਹਨ। ਪਰ ਦੂਸਰੇ ਪਾਸੇ ਕਈ ਸ਼ਰਾਰਤੀ ਅਨਸਰ ਲੋਕਾਂ ਕੋਲੋ ਮੋਟੇ ਪੈਸੇ ਲੈ ਕੇ ਜਨਮ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਦੇ ਰਹੇ ਹਨ। ਮਹਾਂਨਗਰ ਅਮ੍ਰਿਤਸਰ ਵਿਚ ਸਰਟੀਫਿਕੇਟ ਦੀ ਕਾਲਾਬਾਜ਼ਾਰੀ ਦਾ ਸਿਲਸਿਲਾ ਚੱਲਦਾ ਆ ਰਿਹਾ ਹੈ। ਅਜਿਹੇ ਕੁੱਝ ਸ਼ਰਾਰਤੀ ਅਨਸਰਾਂ ਤੇ ਪੁਲਸ ਨੇ ਸ਼ਿਕੰਜਾ ਕੱਸੇ ਹੋਏ ਸਰਾਹਣਾ ਯੋਗ ਕਾਰਵਾਈ ਕੀਤੀ ਹੈ। ਵਿਜੀਲੈਂਸ ਬਿਊਰੋ ਅੰਮਿ੍ਤਸਰ ਨੇ ਇਕ ਵੱਡੀ ਕਾਰਵਾਈ ਕਰਦੇ  ਹੋਏ ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਉਨਾਂ ਕੋਲੋਂ 13 ਜਾਅਲੀ ਸਰਟੀਫਿਕੇਟ ਫੜ੍ਹੇ ਗਏ ਹਨ। ਇਸ ਸਬੰਧੀ ਵਿਜੀਲੈਂਸ ਬਿਓਰੇ ਦੇ ਐਸ ਐਸ ਪੀ ਦਲਜੀਤ ਸਿੰਘ ਢਿਲੋਂ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਵਿੰਦਰ ਸਿੰਘ ਹੈਲਪਰ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋਰਡ, ਗੋਲਡਨ ਐਵੀਨਿਊ ਅੰਮ੍ਰਿਤਸਰ, ਪ੍ਰਾਇਵੇਟ ਏਜੰਟ ਜੈ ਕਪੂਰ, ਇੰਦਰਾ ਕਲੋਨੀ ਮਜੀਠਾ ਰੋਡ ਅਤੇ ਇਕ ਹੋਰ ਏਜੰਟ ਸੁਨੀਲ ਕੁਮਾਰ ਸਟੈਨੋਗ੍ਰਾਫਰ ਜਿਲ੍ਹਾ ਕਚਿਹਿਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਹੋਰ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਉਕਤ ਦੋਸ਼ੀਆਂ ਵਲੋਂ ਲੋਕਾਂ ਨੂੰ ਗੁਮਰਾਹ ਕਰਕੇ ਉਨਾਂ ਪਾਸੋਂ ਰਿਸ਼ਵਤ ਹਾਸਲ ਕਰਕੇ ਜਨਮ ਸਰਟੀਫਿਕੇਟ ਜਾਅਲੀ ਤਿਆਰ ਕੀਤੇ ਜਾਂਦੇ ਸਨ। ਉਨਾਂ ਦੱਸਿਆ ਕਿ ਪੜ੍ਹਤਾਲ ਦੌਰਾਨ 13 ਸਰਟੀਫਿਕੇਟ ਫੜ੍ਹੇ ਗਏ ਹਨ। ਜਿਨਾਂ ਵਿਚੋਂ 6 ਜਾਲੀ ਸਰਟੀਫਿਕੇਟ ਤਸਦੀਕ ਹੋਏ ਹਨ ਅਤੇ ਬਾਕੀ 7 ਜਨਮ ਸਰਟੀਫਿਕੇਟਾਂ ਦੇ ਪਤੇ ਅਧੂਰੇ ਹੋਣ ਕਰਕੇ ਪੜ੍ਹਤਾਲ ਨਹੀਂ ਹੋ ਸਕੀ। ਬੁਲਾਰੇ ਨੇ ਦੱਸਿਆ ਕਿ 13 ਜਨਮ ਸਰਟੀਫਿਕੇਟਾਂ ਦੀ ਘੋਖ ਲੋਕਲ ਰਜਿਸਟਰਾਰ ਜਨਮ ਅਤੇ ਮੌਤ ਨਗਰ ਨਿਗਮ ਅੰਮ੍ਰਿਤਸਰ ਤੋਂ ਕਰਵਾਈ ਗਈ ਹੈ ਅਤੇ ਇਨਾਂ ਜਨਮ ਸਰਟੀਫਿਕੇਟਾਂ ਦਾ ਅਧਿਕਾਰ ਜਨਮ ਅਤੇ ਮੌਤ ਵਿਭਾਗ ਦੇ ਰਿਕਾਰਡ ਨਾਲ ਮੇਲ ਨਹੀਂ ਖਾਂਦਾ ਅਤੇ ਨਾ ਹੀ ਕੀਤੇ ਗਏ ਹਸਤਾਖ਼ਰ ਉਨਾਂ ਦੇ ਹਨ। ਬੁਲਾਰੇ ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਜੁਰਮ 420, 465, 466, 471, 120 ਬੀ, 7 ਪੀ.ਸੀ. ਐਕਟ 1988 ਅਧੀਨ ਮੁਕਦਮਾ ਦਰਜ਼ ਕਰ ਲਿਆ ਗਿਆ ਹੈ ਅਤੇ ਇਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਧੰਦੇ ਵਿੱਚ ਪਾਏ ਜਾਣ ਵਾਲੇ ਬਾਕੀ ਦੋਸ਼ੀਆਂ ਨੂੰ ਵੀ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ।

NO COMMENTS

LEAVE A REPLY