ਪੰਜਾਬ ਦੇ ਪ੍ਰਸ਼ਾਸਨ ਦੇ ਰੋਜ਼ਮਰ੍ਹਾ ਦੇ ਫੈਸਲਿਆਂ ‘ਚ ਅਰਵਿੰਦ ਕੇਜਰੀਵਾਲ ਦੀ ਸਿੱਧੀ ਦਖਲਅੰਦਾਜ਼ੀ ਨੇ ‘ਆਪ’ ਦਾ ਅਸਲੀ ਚਿਹਰਾ ਕੀਤਾ ਬੇਨਕਾਬ: ਅਸ਼ਵਨੀ ਸ਼ਰਮਾ
ਅੰਮ੍ਰਿਤਸਰ/ ਚੰਡੀਗੜ੍ਹ: 28 ਅਪ੍ਰੈਲ (ਰਾਜਿੰਦਰ ਧਾਨਿਕ) : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ‘ਕਠਪੁਤਲੀ’ ਕਰਾਰ ਦਿੰਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਹੈੱਡਕੁਆਰਟਰ ਵਿਖੇ ਕਿਹਾ ਕਿ ‘ਕੇਜ਼ਰੀਵਾਲ ਪੰਜਾਬ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਨਹੀਂ ਬਲਕਿ ਆਪਣੀ ‘ਕਠਪੁਤਲੀ” ਬਣਾ ਕੇ ਦਿੱਲੀ ਤੋਂ ਰਾਜ ਚਲਾ ਰਹੇ ਹਨ। ਕੇਜਰੀਵਾਲ ਵੱਲੋਂ ਪੰਜਾਬ ਨੂੰ ਹਾਈਜੈਕ ਕਰਕੇ ਭਗਵੰਤ ਮਾਨ ਨੂੰ ਸੱਚਮੁੱਚ ਹੀ ਹਾਸੇ ਦਾ ਪਾਤਰ ਬਣਾ ਦਿੱਤਾ ਗਿਆ ਹੈ।
ਅਸ਼ਵਨੀ ਸ਼ਰਮਾ ਨੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਚੋਣ ਇਤਿਹਾਸ ਵਿੱਚ ਇਹ ਸੂਬਾ ਕਦੇ ਵੀ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਦੇ ਅਧੀਨ ਨਹੀਂ ਰਿਹਾ ਹੈ ਅਤੇ ਸੂਬੇ ਵਿੱਚ ਸਿਰਫ਼ ਸਿਆਸੀ ਪਾਰਟੀਆਂ ਅਤੇ ਅਫ਼ਸਰਸ਼ਾਹ ਹੀ ਰਾਜ ਕਰਦੇ ਰਹੇ ਹਨ ਅਤੇ ਉਹ ਇਸ ਦੇ ਸਮਰੱਥ ਹਨ। ਪੰਜਾਬ ਦੀ ਅਫਸਰਸ਼ਾਹੀ ਅਤੇ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਵਿਧਾਇਕਾਂ ਅਤੇ ਮੰਤਰੀਆਂ ਦੀ ਇਹ ਇੰਨੀ ਬੇਇੱਜ਼ਤੀ ਹੈ ਕਿ ਦਿੱਲੀ ਨਾਲ ‘ਗਿਆਨ ਸਮਝੌਤਾ’ ਕੀਤਾ ਜਾ ਰਿਹਾ ਹੈ।
ਸ਼ਰਮਾ ਨੇ ਕਿਹਾ ਕਿ ਇਸ ਨਾਲ ਪੂਰੇ ਸੂਬੇ ਵਿੱਚ ਪ੍ਰਸ਼ਾਸਨਿਕ ਅਮਲੇ ਦਾ ਮਨੋਬਲ ਟੁੱਟੇਗਾ। ਜੇਕਰ ਆਗੂ ਪ੍ਰਸ਼ਾਸਨਿਕ ਅਮਲੇ ਨੂੰ ਬਣਦਾ ਮਾਣ-ਸਤਿਕਾਰ ਨਹੀਂ ਦਿੰਦੇ ਤਾਂ ਸੂਬੇ ਕੁਸ਼ਲਤਾ ਨਾਲ ਨਹੀਂ ਚੱਲਦੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਤੋਂ ਮੁਕਤੀ ਮਿਲਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਵਾਲੀ ਪਾਰਟੀ ਦੀ ਸ਼ਲਾਘਾ ਕਰੇਗੀ, ਪਰ ਦੁੱਖ ਦੀ ਗੱਲ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜੋੜੀ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਵੱਧ ਸਮਾਂ ਬਿਤਾ ਰਿਹਾ ਹੈ। ਪੰਜਾਬ ਦੇ ਮੁੱਖ ਮੁੱਦਿਆਂ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਤਰਜੀਹ ਨਹੀਂ ਦਿੱਤੀ ਜਾ ਰਹੀ। ਸ਼ਰਮਾ ਨੇ ਕਿਹਾ ਕਿ ਭਾਜਪਾ ਪੰਜਾਬ ਨੂੰ ਲੈ ਕੇ ਬਹੁਤ ਚਿੰਤਤ ਹੈ ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਭਾਜਪਾ ਕੋਲ ਇਸ ਦੇ ਵਿਕਾਸ ਲਈ ਵਿਸਤ੍ਰਿਤ ਯੋਜਨਾ ਹੈ।