ਅੰਮ੍ਰਿਤਸਰ 30 ਮਾਰਚ (ਪਵਿੱਤਰ ਜੋਤ) : :—ਜੰਡਿਆਲਾ ਗੁਰੂ ਬੱਸ ਸਟੈਡ ਤੇ ਬੱਸਾਂ ਨਾ ਰੋਕਣ ਵਾਲੇ ਡਰਾਈਵਰਾਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸ: ਮਨਿੰਦਰ ਸਿੰਘ ਜਨਰਲ ਮੈਨੇਜਰ ਪੰਜਾਬ ਰੋਡਵੇਜ ਅੰਮ੍ਰਿਤਸਰ-1 ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਵਲੋ ਬਿਜਲੀ ਮੰਤਰੀ ਸ: ਹਰਭਜਨ ਸਿੰਘ ਨੂੰ ਸ਼ਕਾਇਤ ਕੀਤੀ ਗਈ ਸੀ ਕਿ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਜੰਡਿਆਲਾ ਗੁਰੂ ਬੱਸ ਸਟੈਡ ਤੇ ਨਹੀ ਰੋਕੀਆਂ ਜਾਂਦੀਆਂ,ਜਿਸ ਕਰਕੇ ਵਿਦਿਆਰਥੀਆਂ ਅਤੇ ਇਲਾਕਾ ਨਿਵਾਸ਼ੀਆਂ ਨੂੰ ਕਾਫੀ ਮੁਸ਼ਕਲ ਦਾ ਸਾਮਣਾ ਕਰਨਾ ਪੈਂਦਾ ਹੈ।
ਜਿਸ ਤੇ ਕਾਰਵਾਈ ਕਰਦੇ ਹੋਏ ਬਿਜਲੀ ਮੰਤਰੀ ਸ: ਹਰਭਜਨ ਸਿੰਘ ਨੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਨੂੰ ਹਦਾਇਤ ਜਾਰੀ ਕੀਤੀ ਕਿ ਜੰਡਿਆਲਾ ਗੁਰੂ ਬੱਸ ਸਟੈਡ ਤੇ ਬੱਸਾਂ ਨੂੰ ਰੋਕਣਾ ਯਕੀਨੀ ਬਣਾਇਆ ਜਾਵੇ ਅਤੇ ਇੰਨ੍ਹਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸ: ਕੰਵਲਜੀਤ ਸਿੰਘ ਸਬ ਇੰਸਪੈਕਟਰ ਰੋਡਵੇਜ਼ ਅੰਮ੍ਰਿਤਸਰ-1 ਦੀ ਡਿਊਟੀ ਸਵੇਰੇ 7.30 ਵਜੇ ਤੋ ਬਾਦ ਦੁਪਿਹਰ 3.30 ਵਜੇ ਤੱਕ ਜੰਡਿਆਲਾ ਗੁਰੂ ਬੱਸ ਸਟੈਡ ਤੇ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਬੱਸ ਆਉਦੇ/ਜਾਂਦੇ ਸਮੇ ਜੰਡਿਆਲਾ ਗੁਰੂ ਵਿਖੇ ਨਹੀ ਰੁਕਦੀ ਤਾਂ ਉਸ ਬੱਸ ਦੇ ਡਰਾਈਵਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ।