– ਕਾਉਂਟਿੰਗ ਸਟਾਫ ਦੀ ਪਹਿਲੀ ਰਿਹਰਸਲ 03 ਮਾਰਚ ਨੂੰ ਹੋਵੇਗੀ
ਅੰਮ੍ਰਿਤਸਰ 2 ਮਾਰਚ ( ਪਵਿੱਤਰ ਜੋਤ) – ਜਿਲ੍ਹਾ ਚੋਣ ਅਧਿਕਾਰੀ ਸ: ਗੁਰਪ੍ਰੀਤ ਸਿੰਘ ਖਹਿਰਾ ਵਲੋਂ 10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਸਬੰਧੀ ਸਾਰੇ ਰਿਟਰਨਰ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ ਗਈ ਅਤੇ ਹੁਣ ਤੱਕ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ। ਉਨਾਂ ਦੱਸਿਆ ਕਿ ਗਿਣਤੀ ਕਰਨ ਵਾਲੇ ਸਟਾਫ ਦੀ ਪਹਿਲੀ ਰਿਹਰਸਲ 03 ਮਾਰਚ ਸਵੇਰੇ 10 ਵਜੇ ਅਤੇ ਦੂਜੀ 09 ਮਾਰਚ, 2022 ਨੂੰ ਸਵੇਰੇ 09 ਵਜੇ ਕਰਵਾਈ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ: ਖਹਿਰਾ ਨਾਲ ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ (ਵਿਕਾਸ) ਸ੍ਰੀ ਸੰਜੀਵ ਸ਼ਰਮਾ, ਜਿਲ੍ਹਾ ਮਾਲ ਅਫ਼ਸਰ ਸ੍ਰੀ ਅਰਵਿੰਦਰ ਪਾਲ ਸਿੰਘ, ਐਸ.ਡੀ.ਐਮ. ਮਜੀਠਾ ਅਮਨਦੀਪ ਕੌਰ, ਐਸ.ਡੀ.ਐਮ. ਸ੍ਰੀ ਰਾਜੇਸ਼ ਸ਼ਰਮਾ, ਸੈਕਟਰੀ ਆਰ.ਟੀ.ਏ. ਸ: ਅਰਸ਼ਦੀਪ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਹਰਦੀਪ ਸਿੰਘ, ਚੋਣ ਤਹਿਸੀਲਦਾਰ ਸ: ਰਜਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਜ਼ਿਲ੍ਹਾ ਚੋਣ ਅਫ਼ਸਰ ਨੇ ਹਦਾਇਤ ਕੀਤੀ ਕਿ ਕਾਉਂਟਿੰਗ ਸਟਾਫ ਦੀ ਪਹਿਲੀ ਰਿਹਰਸਲ 03 ਮਾਰਚ, 2022 ਨੂੰ ਸਵੇਰੇ 10 ਵਜੇ ਅਤੇ ਦੂਜੀ 09 ਮਾਰਚ, 2022 ਨੂੰ ਸਵੇਰੇ 09 ਵਜੇ ਆਪਣੀ ਹਾਜ਼ਰੀ ਵਿੱਚ ਕਰਵਾਈ ਜਾਵੇ। ਜਿਸ ਦੌਰਾਨ ਹਰੇਕ ਕਰਮਚਾਰੀ ਨੂੰ ਉਸਦੀ ਜਿੰਮੇਵਾਰੀ ਅਤੇ ਕੰਮ ਕਰਨ ਦੀ ਤਰਤੀਬ ਬਾਰੇ ਵਿਸਥਾਰ ਬਾਰੇ ਸਮਝਾਇਆ ਜਾਵੇ ਤਾਂ ਜੋ ਕਿਸੇ ਨੂੰ ਵੀ ਕੋਈ ਸ਼ੱਕ ਜਾਂ ਭੁਲੇਖਾ ਨਾ ਰਹੇ।
ਉਨਾਂ ਕਿਹਾ ਕਿ ਵੋਟਾਂ ਦੀ ਗਿਣਤੀ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ ਅਤੇ ਹਰੇਕ ਪਾਰਟੀ ਦੇ ਉਮੀਦਵਾਰ ਨੂੰ ਇਸ ਮੌਕੇ ਬੈਠਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਮਿਸ਼ਨ ਨੂੰ ਨਤੀਜੇ ਭੇਜਣ ਦਾ ਪ੍ਰਬੰਧ ਹਰੇਕ ਗੇੜ ਅਨੁਸਾਰ ਬਕਾਇਦਗੀ ਨਾਲ ਕੀਤਾ ਜਾਵੇ। ਉਨਾਂ ਡਿਊਟੀ ਵਿੱਚ ਲੱਗੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਡਿਊਟੀ ਪਾਸ ਬਣਾਉਣ ਦੀ ਹਦਾਇਤ ਵੀ ਕੀਤੀ।