ਭਾਜਪਾ ਦੀ ਚੜ੍ਹਤ ਦੇਖ ਭਗਵੰਤ ਮਾਨ ਬੁਖਲਾਇਆ : ਪ੍ਰੋ: ਸਰਚਾਂਦ ਸਿੰਘ ਖਿਆਲਾ

0
28

 

ਸ੍ਰੀ ਨਰਿੰਦਰ ਮੋਦੀ ਤੇ ਭਾਜਪਾ ਹੀ ਪੰਜਾਬ ਨੂੰ ਵਿਕਾਸ ਦੀ ਨਵੀਂ ਦਸ਼ਾ ਪ੍ਰਦਾਨ ਕਰਨ ਲਈ ਸਮਰੱਥ
ਅੰਮ੍ਰਿਤਸਰ 16 ਜਨਵਰੀ (  ਰਾਜਿੰਦਰ ਧਾਨਿਕ    ) : ਭਾਰਤੀ ਜਨਤਾ ਪਾਰਟੀ ਵਿਚ ਹਾਲ ਹੀ ’ਚ ਸ਼ਾਮਿਲ ਹੋਏ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਆੜੇ ਹੱਥੀਂ ਲੈਂਦਿਆਂ ਉਸ ਵੱਲੋਂ ਭਾਜਪਾ ਖ਼ਿਲਾਫ਼ ਕੀਤੀ ਜਾ ਰਹੀ ਗੁਮਰਾਹਕੁਨ ਬਿਆਨਬਾਜ਼ੀ ਨੂੰ ਬੁਖਲਾਹਟ ਦਾ ਨਤੀਜਾ ਕਰਾਰ ਦਿੱਤਾ। ਪ੍ਰੋ: ਖਿਆਲਾ ਨੇ ਕਿਹਾ ਕਿ ਪੰਜਾਬ ’ਚ ਭਾਜਪਾ ਦੀ ਚੜ੍ਹਤ ਦੇਖ ਸ: ਮਾਨ ਦਾ ਦਿਮਾਗ਼ੀ ਸੰਤੁਲਨ ਵਿਗੜ ਗਿਆ ਹੈ ਤਾਂ ਹੀ ਉਹ ਬਿਨਾ ਸਿਰ ਪੈਰ ਦੇ ਬਿਆਨ ਦਾਗ਼ ਰਹੇ ਹਨ। ਉਨ੍ਹਾਂ ਕਿਹਾ ਕਿ ਸੂਝਵਾਨ ਪੰਜਾਬੀ ਜਾਣ ਚੁੱਕੇ ਹਨ ਕਿ ’ਆਪ’ ਦੇ ਆਗੂਆਂ ਦੇ ਨੈਤਿਕ ਪਤਨ ਕਾਰਨ ਪੰਜਾਬ ਪੰਜਾਬੀਅਤ ਨੂੰ ਖ਼ਤਰਾ ਆਮ ਆਦਮੀ ਪਾਰਟੀ ਤੋਂ ਹੈ, ਪਾਰਟੀ ਟਿਕਟਾਂ ਵੇਚਣ ਦੇ ਦੋਸ਼ਾਂ ਤਹਿਤ ਕੇਜਰੀਵਾਲ ਦੇ ਪੰਜਾਬ ਬਾਹਰੇ ਕਰਿੰਦਿਆਂ ਦੀ ਪੰਜਾਬੀਆਂ ਵੱਲੋਂ ਦਿਨ ਦਿਹਾੜੇ ਗਿੱਦੜ ਦੌੜਾਂ ਲਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਰਾਜਨੀਤੀ ਵਿਚ ਆਪ ਇਕ ਪਹਿਲੀ ਅਜਿਹੀ ਪਾਰਟੀ ਬਣ ਚੁੱਕੀ ਹੈ ਜਿਸ ਦੇ ਕਰੀਬ 50 ਫ਼ੀਸਦੀ ਪੰਜਾਬ ਦੇ ਵਿਧਾਇਕ ਕੇਜਰੀਵਾਲ ਦੀਆਂ ਪੰਜਾਬ, ਪੰਜਾਬੀ ਅਤੇ ਸਿੱਖ ਭਾਈਚਾਰੇ ਪ੍ਰਤੀ ਅਪਮਾਨਜਨਕ ਨੀਤੀਆਂ ਕਾਰਨ ’ਆਪ’ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਕਿਹਾ ਕਿ ਜੋ ਸ਼ਖ਼ਸ ਦਿਲੀ ਦੇ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖਰਾ ਨਹੀਂ ਉੱਤਰਿਆ ਉਸ ’ਤੇ ਪੰਜਾਬ ਵਾਸੀਆਂ ਨੂੰ ਵੀ ਕੋਈ ਆਸ ਨਹੀਂ। ਉਨ੍ਹਾਂ ਕਿਹਾ ਕੇਜਰੀਵਾਲ ਦੀ ਕਮਾਨ ਹੇਠ ਦਿਲੀ ਔਰਤਾਂ ਲਈ ਵਿਸ਼ਵ ਦਾ ਸਭ ਤੋਂ ਵੱਧ ਅਣਸੇਫ ਖੇਤਰ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਰਾਸ਼ਨ ਕਾਰਡ ਸਕੈਂਡਲ ਹੋਵੇ ਜਾਂ ਪਿਛਲੀਆਂ ਚੋਣਾਂ ਦੌਰਾਨ ਕੇਜਰੀਵਾਲ ਦੇ ਚਹੇਤਿਆਂ ਵੱਲੋਂ ਟਿਕਟਾਂ ਦੀ ਸੌਦੇਬਾਜ਼ੀ ਅਤੇ ਆਪ ਦੇ ਹੀ ਤਤਕਾਲੀ ਪੀ ਏ ਸੀ ਮੈਂਬਰ ਕਪਿਲ ਮਿਸ਼ਰਾ ਵੱਲੋਂ ਪੰਜਾਬ ਵਿਚ ਵਿਚਰਨ ਵਾਲੇ ਬਾਹਰੀ ’ਆਪ’ ਆਗੂਆਂ ਪ੍ਰਤੀ ਲਗਾਏ ਗਏ ਅਨੈਤਿਕਤਾ ਦੇ ਗੰਭੀਰ ਦੋਸ਼ਾਂ ਦੀਆਂ ਫਾਈਲਾਂ ’ਚ ਬੰਦ ਖ਼ਬਰਾਂ ’’ ਪੰਜਾਬ ਚੋਣਾਂ ’ਚ ’ਆਪ’ ਨੇਤਾਵਾਂ ਨੂੰ ਸਪਲਾਈ ਕੀਤੀਆਂ ਕੁੜੀਆਂ’’ ਪੰਜਾਬ ਦੀ ਸੰਸਕ੍ਰਿਤੀ ਅਤੇ ਪੰਜਾਬੀਅਤ ’ਤੇ ਕੀਤੇ ਗਏ ਵੱਡੇ ਹਮਲੇ ਸਨ, ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ।  ਪ੍ਰੋ: ਖਿਆਲਾ ਨੇ ਕੇਜਰੀਵਾਲ ਦੀ ਸਿੱਖ ਭਾਈਚਾਰੇ ਪ੍ਰਤੀ ਅਤਿ ਦੀ ਨਫ਼ਰਤ ਤੇ ਘਿਰਣਾ ਬਾਰੇ ਗਲ ਕਰਦਿਆਂ ਕਿਹਾ ਕਿ ਦਿਲੀ ਵਿਧਾਨ ਸਭਾ ਵਿਚ ਸਿੱਖ ਵਿਧਾਇਕਾਂ ’ਚੋਂ ਕਿਸੇ ਇਕ ਨੂੰ ਵੀ ਕੈਬਨਿਟ ’ਚ ਥਾਂ ਨਹੀਂ ਦਿੱਤੀ ਗਈ। ਕੇਜਰੀਵਾਲ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਦਿਲੀ ਤੋਂ ਪਿਆਓ ਤੁੜਵਾਉਣ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਦਿਲੀ ਦੇ ਪਾਰਕ ਵਿਚ ਲਗਵਾਉਣ ਦੀ ਇਜਾਜ਼ਤ ਤਕ ਨਹੀਂ ਦਿੱਤੀ। ਕੇਜਰੀਵਾਲ ਵੱਲੋਂ ਆਪ ਪੰਜਾਬ ਦੇ ਤਤਕਾਲੀ ਸਿੱਖ ਪ੍ਰਧਾਨ ਐੱਸ. ਛੋਟੇਪੁਰ ਨੂੰ ਇਹ ਕਹਿਣਾ ਕਿ ’’ ਤੁਝੇ ਸਿੱਖੀ ਸੇ ਨਿਕਾਲ ਦੇਤਾ ਤੋਂ ਕਿਆ ਹੋ ਜਾਤਾ’’ ਵਾਲੀ ਸੋਚ ਅਤੇ ਸਿੱਖੀ ਪ੍ਰਤੀ ਘਿਰਣਾ ਉਸ ਦੇ ਅੰਦਰ ਅੱਜ ਵੀ ਨਿਰੰਤਰ ਮੌਜੂਦ ਰਿਹਾ, ਜਿਸ ਦਾ ਸਬੂਤ ਸਜਾ ਪੂਰੀ ਕਰ ਚੁੱਕੇ ਸਿੱਖ ਸਿਆਸੀ ਕੈਦੀ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਵਿਚ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੇ ਵਿਪਰੀਤ ਅੜਿੱਕਾ ਢਾਹੁਣ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਨਜ਼ਰ ਹੁਣ ਪੰਜਾਬ ਦੇ ਪਾਣੀਆਂ ’ਤੇ ਹੈ, ਇਸੇ ਪੰਜਾਬ ਦੇ ਦਰਿਆਵਾਂ ਦੇ ਪਾਣੀ ਦੀ ਲੁੱਟ ਨੂੰ ਰੋਕਣ ਲਈ ਹੀ ਕਪੂਰੀ ਮੋਰਚਾ ਲਗਾ, ਨਤੀਜੇ ਵਜੋਂ ਕਾਂਗਰਸ ਸਰਕਾਰ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਤੋਪਾਂ ਟੈਂਕਾ ਨਾਲ ਹਮਲਾ ਕੀਤਾ ਅਤੇ ਸਿੱਖ ਨੌਜਵਾਨਾਂ ਦਾ ਖੁੱਲ ਕੇ ਸ਼ਿਕਾਰ ਖੇਡਿਆ ਗਿਆ। ਇਸ ਦੇ ਵਿਪਰੀਤ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਤੇ ਮੌਜੂਦਾ ਭਾਜਪਾ ਲੀਡਰਸ਼ਿਪ ਪੰਜਾਬ ਅਤੇ ਸਿੱਖ ਭਾਈਚਾਰੇ ਪ੍ਰਤੀ ਉਸਾਰੂ ਸੋਚ ਦੇ ਧਾਰਨੀ ਹਨ। ਕਾਂਗਰਸ ਨੇ ਜਿੱਥੇ ਸਿੱਖਾਂ ਨਾਲ ਪੈਰ ਪੈਰ ’ਤੇ ਵਿਤਕਰਾ ਕਰਦਿਆਂ ਬੇਗਾਨਗੀ ਦਾ ਅਹਿਸਾਸ ਕਰਾਇਆ ਉੱਥੇ ਸ੍ਰੀ ਮੋਦੀ ਨੇ ਸਿੱਖ ਹਿਤਾਂ ਦੀ ਕਦਰ ਕਰਦਿਆਂ ਉਨ੍ਹਾਂ ਨੂੰ ਦੇਸ਼ ਪ੍ਰਤੀ ਆਪਣੇ ਪਨ ਦਾ ਅਹਿਸਾਸ ਕਰਾਇਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪੰਜਾਬ ਅਤੇ ਸਿੱਖ ਮਸਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਿੱਖ ਹਿਰਦਿਆਂ ਨੂੰ ਮਲ੍ਹਮ ਲਾਉਣ ਦੇ ਕਈ ਕਾਰਜ ਕੀਤੇ ਗਏ ਹਨ। ਜਿਨ੍ਹਾਂ ’ਚ ਨਵੰਬਰ ’84 ਦੌਰਾਨ ਕਾਂਗਰਸੀ ਆਗੂਆਂ ਹੱਥੋਂ ਪਗੜੀਧਾਰੀ ਹੋਣ ਕਾਰਨ ਹੀ ਬੇਆਬਰੂ ਹੋਣ ਦਾ ਦਰਦ ਸਹਿਣ ਅਤੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਤਾਕਤਵਰ ਕਾਂਗਰਸੀ ਆਗੂ ਸਜਣ ਕੁਮਾਰ ਤੇ ਹੋਰਨਾਂ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਸੁੱਟੇ ਗਏ। ਕਾਂਗਰਸ ਦੀ ਇੰਦਰਾ ਗਾਂਧੀ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਦਿਆਂ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਲੀਰੋਂ ਲੀਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸ੍ਰੀ ਮੋਦੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਂਦਿਆਂ ਸਿੱਖ ਭਾਈਚਾਰੇ ਪ੍ਰਤੀ ਸਨੇਹ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ 70 ਸਾਲਾਂ ਬਾਅਦ ਗੁ: ਸ੍ਰੀ ਕਰਤਾਰਪੁਰ ਦਾ ਲਾਂਘਾ ਖੋਲ੍ਹ ਕੇ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਕਰਾ ਕੇ ਸਿਖਮਨਾਂ ਨੂੰ ਕੇਵਲ ਤੇ ਕੇਵਲ ਸ੍ਰੀ ਮੋਦੀ ਨੇ ਹੀ ਜਿੱਤਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਇੰਦਰਾ ਗਾਂਧੀ ਤੇ ਹੋਰ ਕਾਂਗਰਸੀ ਪ੍ਰਧਾਨ ਮੰਤਰੀ ਗੁਰਪੁਰਬ ਵਾਲੇ ਦਿਹਾੜਿਆਂ ’ਚ ਆਪਣੇ ਘਰ ਗੁਰੂ ਸਾਹਿਬ ਦਾ ਸਰੂਪ ਲਿਆਉਣ ਲਈ ਆਦੇਸ਼ ਕਰਦੇ ਰਹੇ ਜਦ ਕਿ ਸ੍ਰੀ ਮੋਦੀ ਇਨ੍ਹਾਂ ਦਿਹਾੜਿਆਂ ਸਮੇਂ ਖ਼ੁਦ ਨੰਗੇ ਪੈਰੀਂ ਗੁਰਦੁਆਰਿਆਂ ’ਚ ਹਾਜ਼ਰੀ ਭਰਦਿਆਂ ਗੁਰੂ ਸਾਹਿਬਾਨ ਨੂੰ ਸਿੱਜਦਾ ਅਤੇ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਕਾਂਗਰਸ ਸਰਕਾਰ ਨੇ ਬਾਲ ਦਿਵਸ ਆਪਣੇ ਪਰਿਵਾਰਕ ’ਨਹਿਰੂ’ ਨੂੰ ਸਮਰਪਿਤ ਕੀਤਾ ਤਾਂ ਸ੍ਰੀ ਮੋਦੀ ਨੇ ’’ਵੀਰ ਬਾਲ ਦਿਵਸ’’ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਦੀ ਵੀਰਤਾ ਭਰਪੂਰ ਸ਼ਹੀਦੀ ਨੂੰ ਸਮਰਪਿਤ ਕਰਦਿਆਂ ਸਿੱਖ ਇਤਿਹਾਸ ਨੂੰ ਕੌਮੀ ਪੱਧਰ ’ਤੇ ਰੌਸ਼ਨ ਕਰਨ ਦਾ ਉਪਰਾਲਾ ਕੀਤਾ। ਉਨ੍ਹਾਂ ਕਿਹਾ ਭਾਜਪਾ ਅਤੇ ਸ੍ਰੀ ਮੋਦੀ ਹੀ ਪੰਜਾਬ ਅਤੇ ਸਿੱਖਾਂ ਨੂੰ ਦੇਸ਼ ਵਿਚ ਬਣਦਾ ਹੱਕ ਦੇਣ ਦਿਵਾਉਣ ਲਈ ਸਮਰੱਥ ਹੈ।

NO COMMENTS

LEAVE A REPLY