‘ਆਪ’ ਦੇ ਦੋ ਮਹੀਨਿਆਂ ਦੇ ਸ਼ਾਸਨ ਨੇ ਸੂਬੇ ‘ਚ ਅੱਤਵਾਦ ਅਤੇ ਅਪਰਾਧ ਨੂੰ ਮੁੜ ਸੁਰਜੀਤ ਕੀਤਾ: ਸ਼ਰਮਾ

0
23

 

 

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਕਾਰ ਚਲਾਉਣ ਦੀ ਲੋੜ ਨਾ ਕਿ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਬਣਨ ਦੀ: ਅਸ਼ਵਨੀ ਸ਼ਰਮਾ

ਅੰਮ੍ਰਿਤਸਰ/ ਚੰਡੀਗੜ੍ਹ, 11 ਮਈ ( ਪਵਿੱਤਰ ਜੋਤ   ): ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਵਿੱਚ ਅਚਾਨਕ ਹੋਏ ਧਮਾਕਿਆਂ ਦੀਆਂ ਘਟਨਾਵਾਂ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਵਾਧਾ ਬੇਨਿਯਮੀ ਨਹੀਂ ਹੈ। ਆਮ ਆਦਮੀ ਪਾਰਟੀ ਵਿੱਚ ਗਰਮ ਖਿਆਲੀ ਤਾਕਤਾਂ ਨੂੰ ਥਾਂ ਮਿਲਣ ਕਾਰਨ ਪੰਜਾਬ ਬਹੁਤ ਸੰਕਟ ਵਿੱਚ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਸੀ ਮੱਤਭੇਦ ਛੱਡ ਕੇ ਪੰਜਾਬ ਦੀ ਸਮਾਜਿਕ ਸਾਂਝ ਨੂੰ ਢਾਹ ਲਾਉਣ ਦੇ ਨਾਪਾਕ ਮਨਸੂਬਿਆਂ ਨੂੰ ਰੋਕਣ ਲਈ ਇਕਜੁੱਟ ਹੋਣਾ ਚਾਹੀਦਾ ਹੈ।

                ਅਸ਼ਵਨੀ ਸ਼ਰਮਾ ਨੇ ਮੋਹਾਲੀ ਵਿਖੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਹਮਲੇ ਦੀ ਮੰਦਭਾਗੀ ਘਟਨਾ ‘ਤੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ ਅਤੇ ਅੱਤਵਾਦ ਦੇ ਕਾਲੇ ਦਿਨ ਦੇਖ ਚੁੱਕੇ ਅਸੀਂ ਅਤੇ ਲੋਕਾਂ ਦਾ ਦਿਲ ਆਮ ਆਦਮੀ ਪਾਰਟੀ ਦੇ ਉਦਾਸੀਨ ਰਵੱਈਏ ਤੋਂ ਕੰਬਦਾ ਹੈ। ਸੂਬੇ ਨੂੰ ਇੱਕ ਮਜ਼ਬੂਤ ਮੁੱਖ ਮੰਤਰੀ ਦੇ ਹੱਥਾਂ ਦੀ ਲੋੜ ਹੈ ਜੋ ਦ੍ਰਿੜਤਾ ਨਾਲ ਠੋਸ ਫੈਸਲੇ ਲੈ ਸਕੇ ਅਤੇ ਪੰਜਾਬ ਦੀ ਵਿਲੱਖਣ ਭੂਗੋਲਿਕ ਸਥਿਤੀ ਨੂੰ ਸਮਝ ਸਕੇ। ਪੰਜਾਬ ਇੱਕ ਸਰਹੱਦੀ ਸੂਬਾ ਹੈ। ਬਦਕਿਸਮਤੀ ਨਾਲ ਫੈਸਲਾ ਲੈਣਾ ਚੁਣੇ ਹੋਏ ਨੁਮਾਇੰਦਿਆਂ ਦੇ ਹੱਥ ਨਹੀਂ ਹੈ, ਸਗੋਂ ਦਿੱਲੀ ਵਿੱਚ ਬੈਠੀ ਕੇਜਰੀਵਾਲ ਦੀ ਕੋਰ ਟੀਮ ਕੋਲ ਹੈ।

                ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੱਟੜਪੰਥੀ ਤਾਕਤਾਂ ਅਚਾਨਕ ਅੱਗੇ ਆ ਰਹੀਆਂ ਹਨ ਅਤੇ ਬੰਬ ਧਮਾਕਿਆਂ ਨਾਲ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੀਆਂ ਹਨ। ਇਹ ਬਹੁਤ ਚਿੰਤਾਜਨਕ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਦੀਆਂ ਜ਼ੰਜੀਰਾਂ ਵਿੱਚੋਂ ਬਾਹਰ ਆ ਕੇ ਫੈਸਲਾ ਲੈਣ ਵਿੱਚ ਆਪਣਾ ਦਮ ਦਿਖਾਉਣਾ ਚਾਹੀਦਾ ਹੈ। ਪੰਜਾਬ ਨੇ ਸਖ਼ਤ ਮਿਹਨਤ ਅਤੇ ਕੁਰਬਾਨੀਆਂ ਨਾਲ ਜੋ ਸ਼ਾਂਤੀ ਹਾਸਲ ਕੀਤੀ ਹੈ, ਉਸ ਨੂੰ ਅਸੀਂ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਕਿਸੇ ਵੀ ਕੀਮਤ ‘ਤੇ ਬਰਬਾਦ ਨਹੀਂ ਹੋਣ ਦੇਵਾਂਗੇ। ਦਿੱਲੀ ਵਿੱਚ ਬੈਠੇ ਅਰਵਿੰਦ ਕੇਜਰੀਵਾਲ ਅਤੇ ਉਸਦੀ ਮੰਡਲੀ ਪੰਜਾਬ ਦੇ ਹਾਲਾਤ ਨੂੰ ਨਹੀਂ ਸਮਝ ਸਕਦੇ। ਕੇਜਰੀਵਾਲ ਨੂੰ ਇਹ ਨਹੀਂ ਪਤਾ ਕਿ ਜੇਕਰ ਉਹਨਾਂ ਨੇ ਸਾਡੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਵਾਸੀ ਉਸ ਨੂੰ ਕਦੇ ਮੁਆਫ ਨਹੀਂ ਕਰਨਗੇ। ਚੰਗਾ ਹੋਵੇਗਾ ਜੇਕਰ ਕੇਜਰੀਵਾਲ ਆਪਣੀ ਨੀਚ ਰਾਜਨੀਤੀ ਨੂੰ ਪੰਜਾਬ ਤੋਂ ਦੂਰ ਰੱਖਣ। ਭਾਜਪਾ ਆਪਣਾ ਫਰਜ਼ ਨਿਭਾਉਂਦੇ ਹੋਏ ਸੁਚੇਤ ਵਿਰੋਧੀ ਧਿਰ ਵਜੋਂ ਕੰਮ ਕਰਦੀ ਰਹੇਗੀ।

 

 

NO COMMENTS

LEAVE A REPLY