ਕਿਸਾਨਾਂ ਦੀ ਸ਼ਹਾਦਤ ਨੂੰ ਨਹੀਂ ਭੁਲਾਇਆ ਜਾਵੇਗਾ-ਲਖਬੀਰ ਸਿੰਘ ਸੇਖੋਂ
ਅੰਮ੍ਰਿਤਸਰ,11 ਦਸੰਬਰ (ਅਰਵਿੰਦਰ ਵੜੈਚ)- ਦਿੱਲੀ ਸਰਹੱਦਾਂ ਉਪਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ ਜਿੱਤ ਹੋਈ ਹੈ। ਤਿੰਨ ਖੇਤੀ ਬਿੱਲ ਦੇ ਕਾਲੇ ਕਨੂੰਨ ਨੂੰ ਰੱਦ ਕਰਨ ਲਈ ਕਈ ਲੋਕਾਂ ਨੇ ਸ਼ਹਾਦਤ ਦਾ ਜਾਮ ਪੀਂਦਿਆਂ ਆਪਣੀਆਂ ਜਾਨਾਂ ਦੀ ਪ੍ਰਵਾਹ ਨਹੀਂ ਕੀਤੀ, ਜਿਨ੍ਹਾਂ ਦੀ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਅਤੇ ਕੌਮੀ ਜਰਨਲ ਸਕੱਤਰ ਲਖਬੀਰ ਸਿੰਘ ਸੇਖੋਂ ਵੱਲੋਂ ਕੀਤਾ ਗਿਆ।
ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਦੇ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ,ਮਜ਼ਦੂਰਾਂ ਨੇ ਗਰਮੀ ਅਤੇ ਸਰਦੀ ਦੀਆਂ ਮੁਸ਼ਕਲਾਂ ਨੂੰ ਆਪਣੇ ਸਰੀਰਾਂ ਉਪਰ ਝੱਲਿਆ। ਭਾਰੀ ਮੁਸ਼ਕਲਾਂ ਦੇ ਦੌਰ ਵਿੱਚ ਰਹਿ ਕੇ ਵੀ ਕੇਂਦਰ ਸਰਕਾਰ ਦੀਆਂ ਧੱਕੇਸ਼ਾਹੀਆਂ ਨੂੰ ਵੀ ਸਹਿਣ ਕੀਤਾ, ਪਾਣੀ ਦੀਆਂ ਬੁਛਾੜਾਂ ਰਸਤਿਆਂ ਵਿੱਚ ਖੜੀਆਂ ਕਰਨ ਵਾਲੀਆਂ ਔਕੜਾਂ ਵੀ ਸੰਘਰਸ਼ ਨੂੰ ਠੰਢਾ ਨਹੀਂ ਕਰ ਸਕੀਆਂ,ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਹਰ ਪ੍ਰਕਾਰ ਦੇ ਹੱਥਕੰਡੇ ਵਰਤੇ ਗਏ ਪਰ ਕਿਸਾਨੀ ਮੋਰਚੇ ਸੰਭਾਲਣ ਵਾਲੇ ਸੰਘਰਸ਼ ਤੋਂ ਪਿੱਛੇ ਨਹੀਂ ਹਟੇ। ਅੰਤ ਵਿੱਚ ਹੰਕਾਰੀ ਮੋਦੀ ਸਰਕਾਰ ਨੂੰ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਅੱਗੇ ਗੋਡੇ ਟੇਕਣ ਲਈ ਮਜ਼ਬੂਰ ਹੋਣਾ ਪਿਆ।ਦੇਸ਼-ਵਿਦੇਸ਼ਾਂ ਤੋਂ ਮਿਲੇ ਭਰਵੇਂ ਹੁੰਗਾਰੇ ਅਤੇ ਬੇਮਿਸਾਲ ਏਕਤਾ ਦੇ ਵਿੱਚ ਮਹੱਤਵਪੂਰਨ ਯੋਗਦਾਨ ਅਦਾ ਕਰਨ ਵਾਲੇ ਕਿਸਾਨੀ ਜਥੇਬੰਦੀਆਂ ਦੇ ਆਗੂਆਂ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਦਿੱਲੀ ਨੂੰ ਫਤਿਹ ਕਰਕੇ ਪੰਜਾਬ ਵਾਪਸ ਆਉਣ ਵਾਲੇ ਨੇਤਾਵਾਂ ਨੂੰ ਫੈਡਰੇਸ਼ਨ ਵਧਾਈ ਦਿੰਦੀ ਹੈ ਉਥੇ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲ ਵਾਪਸ ਲੈਣ ਤੇ ਧੰਨਵਾਦ ਕਰਦੇ ਹਾਂ,ਦੇਰ ਹੋਈ ਪਰ ਦਰੁਸਤ ਹੋਇਆ ਆਖ਼ਿਰਕਾਰ ਪੰਜਾਬ ਦੇ ਲੋਕ ਇੱਕ ਵਾਰੀ ਫਿਰ ਜਿੱਤ ਕੇ ਆਪਣੇ ਘਰਾਂ ਨੂੰ ਪਰਤੇ ਹਨ।
ਢੋਟ ਅਤੇ ਸੇਖੋਂ ਨੇ ਕਿਹਾ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਹਮੇਸ਼ਾਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਖੜੀ ਹੈ,ਕਿਸਾਨੀ ਸੰਘਰਸ਼ ਦੌਰਾਨ ਵੀ ਫੈਡਰੇਸ਼ਨ ਵੱਲੋਂ ਪੂਰਾ ਸਾਥ ਦਿੱਤਾ ਗਿਆ ਤਿਆਰ-ਬਰ-ਤਿਆਰ ਰਹੇਗੀ। ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਕੋਈ ਵੀ ਖੇਤੀ ਬਿੱਲ ਬਣਾਉਣ ਤੋਂ ਪਹਿਲਾਂ ਕਿਸਾਨੀ ਆਗੂਆਂ ਨੂੰ ਭਰੋਸੇ ਵਿਚ ਲੈ ਕੇ ਹੀ ਬਣਾਇਆ ਜਾਵੇ,ਤਾਂ ਕਿ ਅੱਗੇ ਤੋਂ ਕਾਲੇ ਬਿੱਲ ਰੱਦ ਕਰਾਉਣ ਲਈ ਕਾਲੇ ਦੌਰ ਦੇ ਵਿਚੋਂ ਗੁਜ਼ਰਨਾ ਪਵੇ।