ਬਹਾਦਰੀ, ਸ਼ਾਂਤੀ ਅਤੇ ਖੁਸ਼ਹਾਲੀ ਦੀ ਧਰਤੀ ਪੰਜਾਬ ਅੱਜ ਆਪਣੇ ਕੁਦਰਤੀ ਅਤੇ ਮਨੁੱਖੀ ਸਰੋਤਾਂ ਦੀ ਤਬਾਹੀ ਦੇ ਚੁਰਾਹੇ ‘ਤੇ ਖੜ੍ਹਾ ਹੈ: ਰੁਪਾਨੀ
ਜੰਡਿਆਲਾ ਵਰਗੇ ਛੋਟੇ ਸ਼ਹਿਰ ਵਿੱਚ ਭਾਜਪਾ ਦੀ ਇੰਨੀ ਵੱਡੀ ਮੀਟਿੰਗ ਸਪੱਸ਼ਟ ਕਰਦੀ ਹੈ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਹੈ: ਅਸ਼ਵਨੀ ਸ਼ਰਮਾ
ਮਾਫੀਆ, ਸ਼ਰਾਬ, ਨਸ਼ਿਆਂ ਨੇ ਗੁਰੂਆਂ-ਪੀਰਾਂ ਦੀ ਧਰਤੀ ਨੂੰ ਬਰਬਾਦ ਕਰ ਦਿੱਤਾ ਹੈ: ਸ਼ਰਮਾ
ਪੰਜਾਬ ਦੇ ਲੋਕ ਆਪਣੇ ਖੁਸ਼ਹਾਲ ਪੰਜਾਬ ਦਾ ਭਵਿੱਖ ਭਾਜਪਾ ਵਿੱਚ ਦੇਖਣ ਲੱਗ ਪਏ ਹਨ: ਸ਼ਰਮਾ
ਭਾਜਪਾ ਵੱਲੋਂ ਆਯੋਜਿਤ ਸੱਤ ਜ਼ਿਲ੍ਹਿਆਂ ਦੀ ਜ਼ੋਨਲ ਮੀਟਿੰਗ ਵਿੱਚ ਸੂਬੇ ਤੋਂ ਲੈ ਕੇ ਮੰਡਲ ਪੱਧਰ ਤੱਕ ਦੇ ਅਧਿਕਾਰੀ ਹੋਏ ਇਕੱਠੇ।
ਅੰਮ੍ਰਿਤਸਰ: 22 ਫਰਵਰੀ ( ਪਵਿੱਤਰ ਜੋਤ) : ਭਾਰਤੀ ਜਨਤਾ ਪਾਰਟੀ ਦੀ ਜ਼ੋਨਲ ਮੀਟਿੰਗ ਜਿਸ ਵਿੱਚ ਸੱਤ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ, ਅੱਜ ਹੋਟਲ ਸਟਾਰ ਇੰਟਰਨੈਸ਼ਨਲ, ਜੰਡਿਆਲਾ ਤਰਨਤਾਰਨ ਰੋਡ, ਅੰਮ੍ਰਿਤਸਰ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਭਾਜਪਾ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕੀਤੀ। ਇਸ ਜ਼ੋਨਲ ਮੀਟਿੰਗ ਵਿੱਚ ਭਾਜਪਾ ਪੰਜਾਬ ਦੇ ਪ੍ਰਭਾਰੀ ਵਿਜੇ ਰੂਪਾਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਜਨਰਲ ਸਕੱਤਰ ਸ਼੍ਰੀਮੰਥਰੀ ਸ਼੍ਰੀਨਿਵਾਸਲੂ, ਸਹਿ ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ ਅਤੇ ਸੂਬਾਈ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਵੀ ਮੌਜੂਦ ਸਨ। ਮੀਟਿੰਗ ਵਾਲੀ ਥਾਂ ‘ਤੇ ਪੁੱਜਣ ‘ਤੇ ਵਿਜੇ ਰੁਪਾਨੀ, ਅਸ਼ਵਨੀ ਸ਼ਰਮਾ, ਸ੍ਰੀਨਿਵਾਸਲੂ ਅਤੇ ਚੀਮਾ ਦਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਆਪਣੇ ਅਹੁਦੇਦਾਰਾਂ ਸਮੇਤ ਫੁੱਲਾਂ ਦੇ ਗੁਲਦਸਤੀਆਂ ਅਤੇ ਦੁਸ਼ਾਲਾ ਭੇਟ ਕਰਕੇ ਸਵਾਗਤ ਕੀਤਾ ਗਿਆI ਇਸ ਜਥੇਬੰਦਕ ਮੀਟਿੰਗ ਦਾ ਮੁੱਖ ਮਕਸਦ ਜਥੇਬੰਦੀ ਨੂੰ ਹੋਰ ਚੁਸਤ-ਦਰੁਸਤ ਬਣਾਉਣਾ ਅਤੇ ਪਿੰਡਾਂ ਵਿੱਚ ਭਾਜਪਾ ਦੇ ਵਧੇ ਹੋਏ ਜਨਾਧਾਰ ਨੂੰ ਲੈ ਕੇ ਪਾਰਟੀ ਅਧਿਕਾਰੀਆਂ ਨੂੰ ਰੁ-ਬ-ਰੁ ਕਰਾਉਣਾ ਅਤੇ ਪਾਰਟੀ ਦੀ ਆਗਾਮੀ ਰਣਨੀਤੀ ਬਾਰੇ ਜਾਣਕਾਰੀ ਦੇਣਾ ਸੀ। ਇਸ ਮੀਟਿੰਗ ਵਿੱਚ ਸੱਤ ਜ਼ਿਲ੍ਹਿਆਂ ਵਿੱਚ ਰਹਿ ਰਹੇ ਸੂਬਾਈ ਔਹਦੇਦਾਰਾਂ, ਸੂਬਾਈ ਮੋਰਚੇ ਅਤੇ ਸੈੱਲਾਂ ਦੇ ਔਹਦੇਦਾਰਾਂ, ਜ਼ਿਲ੍ਹਾ ਔਹਦੇਦਾਰਾਂ, ਜ਼ਿਲ੍ਹਾ ਮੋਰਚੇ ਅਤੇ ਸੈੱਲਾਂ ਦੇ ਔਹਦੇਦਾਰਾਂ ਅਤੇ ਮੰਡਲ ਪੱਧਰ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਦਾ ਆਗਾਜ਼ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ।
ਵਿਜੇ ਰੂਪਾਨੀ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਉਂਦੇ ਮਾਰਚ ਮਹੀਨੇ ਵਿੱਚ ਪੰਜਾਬ ਆ ਰਹੇ ਹਨ। ਨਸ਼ਿਆਂ ਦੇ ਦਰਿਆ ਵਿੱਚ ਵਹਿ ਰਹੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਅਤੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਪੈਂਦੇ ਸ਼ਹਿਰਾਂ ਤੋਂ ਲੈ ਕੇ ਹਰ ਪਿੰਡ ਵਿੱਚ ‘ਨਸ਼ਾ ਮੁਕਤੀ ਯਾਤਰਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ ਗੁਰੂਨਗਰੀ ਅੰਮ੍ਰਿਤਸਰ ਤੋਂ ਹੋਵੇਗੀ ਅਤੇ ਇਸ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ, ਨਸ਼ਾਖੋਰੀ, ਬੇਰੁਜ਼ਗਾਰੀ, ਬੱਚਿਆਂ ਦਾ ਪੰਜਾਬ ਦੀ ਧਰਤੀ ਛੱਡ ਕੇ ਵੱਡੇ ਪੱਧਰ ‘ਤੇ ਦੂਜੇ ਦੇਸ਼ਾਂ ਵਿੱਚ ਜਾਣਾ, ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਆਦਿ ‘ਤੋਂ ਚੰਗੀ ਤਰ੍ਹਾਂ ਜਾਣੂ ਹੈ। ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਰੁਪਾਨੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਉਪਰੋਕਤ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਜਨਤਾ ਦੇ ਸੰਪਰਕ ‘ਚ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਕਰ ਰਹੀ ਹੈ। ਅੱਜ ਪੰਜਾਬ ਬਹੁਤ ਮਾੜੇ ਹਾਲਾਤਾਂ ਦੀ ਸ਼੍ਰੇਣੀ ਵਿੱਚ ਸਭ ਤੋਂ ਉੱਚੇ ਪੱਧਰ ‘ਤੇ ਪੁੱਜ ਗਿਆ ਹੈ ਅਤੇ ਜਨਤਾ ਨੂੰ ਪੂਰਾ ਵਿਸ਼ਵਾਸ ਹੈ ਕਿ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਇਸ ਦਾ ਹੱਲ ਕਰ ਸਕਦੀ ਹੈ। ਰੁਪਾਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ‘ਆਪ’ ਨੂੰ ਹਰਾਉਣ ਦਾ ਮਨ ਬਣਾ ਚੁੱਕੇ ਹਨ।
ਅਸ਼ਵਨੀ ਸ਼ਰਮਾ ਨੇ ਇਸ ਮੌਕੇ ਆਪਣੇ ਸੰਬੋਧਨ ‘ਚ ਕਿਹਾ ਕਿ ਜਿਸ ਤੇਜ਼ੀ ਨਾਲ ਪੰਜਾਬ ‘ਚ ਭਾਜਪਾ ਦਾ ਜਨਾਧਾਰ ਵਧ ਰਿਹਾ ਹੈ, ਉਸ ਨੂੰ ਦੇਖ ਕੇ ਵਿਰੋਧੀ ਧਿਰ ਬੌਖਲਾਇਆ ਹੋਇਆ ਹੈI ਅੱਜ ਪਿੰਡਾਂ ਦੇ ਲੋਕ ਭਾਰਤੀ ਜਨਤਾ ਪਾਰਟੀ ਦੀ ਲੋਕ ਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਹਨ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਹੈ। ਕਿਉਂਕਿ ਜਨਤਾ ਜਾਣ ਚੁੱਕੀ ਹੈ ਕਿ ਭਾਰਤੀ ਜਨਤਾ ਪਾਰਟੀ ਜੋ ਕਹਿੰਦੀ ਹੈ, ਉਹੀ ਕਰਦੀ ਹੈ। ਲੋਕਾਂ ਨੂੰ ਭਾਜਪਾ ਦੇ ਹੱਥਾਂ ਵਿੱਚ ਆਪਣਾ ਭਵਿੱਖ ਮਜ਼ਬੂਤ ਅਤੇ ਉੱਜਵਲ ਨਜ਼ਰ ਆਉਣ ਲੱਗਾ ਹੈ। ਪੰਜਾਬ ਦੇ ਲੋਕ ਝੂਠ ਨਾਲ ਭਰੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਦੁਖੀ ਅਤੇ ਪ੍ਰੇਸ਼ਾਨ ਹਨ ਅਤੇ ਹੁਣ ਉਨ੍ਹਾਂ ਦੀ ਇੱਕੋ ਇੱਕ ਉਮੀਦ ਭਾਰਤੀ ਜਨਤਾ ਪਾਰਟੀ ਤੋਂ ਹੈ। ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਸ਼ਾਨ ਕਹਾਉਣ ਵਾਲਾ ਪੰਜਾਬ ਡਰੱਗ ਮਾਫੀਆ ਕਾਰਨ ਬਰਬਾਦ ਹੋ ਚੁੱਕਾ ਹੈ। ਪੰਜਾਬੀਆਂ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਰਾਮ ਭਰੋਸੇ ਛੱਡ ਦਿੱਤਾ ਗਿਆ ਹੈI ਪੰਜਾਬੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ, ਕਿਉਂਕਿ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਪੰਜਾਬ ਵਿੱਚ ਅਪਰਾਧ ਦੀ ਦਰ ਲਗਾਤਾਰ ਵਧ ਰਹੀ ਹੈ ਅਤੇ ਭ੍ਰਿਸ਼ਟਾਚਾਰ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਸ ਸੂਬੇ ਦੇ ਇਮਾਨਦਾਰ ਵੋਟਰਾਂ ਨੇ ਆਮ ਆਦਮੀ ਪਾਰਟੀ ‘ਤੇ ਭਰੋਸਾ ਤਾਂ ਕੀਤਾ ਪਰ ਭਗਵੰਤ ਮਾਨ ਨੇ ਸੱਤਾ ‘ਚ ਆਉਣ ਤੋਂ ਬਾਅਦ ਇਕ ਵੀ ਵਾਅਦਾ ਪੂਰਾ ਨਹੀਂ ਕੀਤਾI ਪੰਜਾਬ ਦੇ ਸਾਹਮਣੇ ਸਭ ਤੋਂ ਖ਼ਤਰਨਾਕ ਮੁੱਦਾ ਸਾਡੇ ਨੌਜਵਾਨਾਂ ਨੂੰ ਲੱਗ ਚੁੱਕਾ ਨਸ਼ਾ ਹੈ। ਸਾਡੇ ਸਭ ਤੋਂ ਵੱਡੇ ਸਰੋਤ ਸਾਡੇ ਬੱਚਿਆਂ ਅਤੇ ਅਗਲੀ ਪੀੜ੍ਹੀ ਨੂੰ ਡਰੱਗ ਮਾਫੀਆ ਬਰਬਾਦ ਕਰ ਰਹੇ ਹਨ। ਜਦਕਿ ਭਗਵੰਤ ਮਾਨ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ‘ਚ ਆਰਥਿਕ ਸੰਕਟ ਹੋਰ ਵਧੇਗਾ ਅਤੇ ਜੇਕਰ ‘ਆਪ’ ਸਰਕਾਰ ਵੱਲੋਂ ਜਲਦੀ ਹੀ ਠੋਸ ਕਦਮ ਨਾ ਚੁੱਕੇ ਗਏ ਤਾਂ ਸਾਡਾ ਸੂਬਾ ਜਲਦੀ ਹੀ ਦੀਵਾਲੀਆ ਹੋ ਜਾਵੇਗਾ। ਬਦਕਿਸਮਤੀ ਨਾਲ ਭਗਵੰਤ ਮਾਨ ਦੀ ਸਰਕਾਰ ਝੂਠੇ ਅਤੇ ਮਨਘੜਤ ਪ੍ਰਚਾਰ ਵਿੱਚ ਯਕੀਨ ਰੱਖਦੀ ਹੈ।
ਸ੍ਰੀਨਿਵਾਸਲੂ ਨੇ ਆਪਣੇ ਸੰਬੋਧਨ ਵਿੱਚ ਹਾਜ਼ਰ ਵਰਕਰਾਂ ਨੂੰ ਜਥੇਬੰਦੀ ਦੇ ਢਾਂਚੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੋਂ ਲੈ ਕੇ ਬੂਥ ਪੱਧਰ ਤੱਕ ਦੇ ਢਾਂਚੇ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ‘ਤੇ ਆਧਾਰਿਤ ਸੰਗਠਨ ਹੈ ਅਤੇ ਵਰਕਰ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਇਨ੍ਹਾਂ ਦੀ ਬਦੌਲਤ ਹੀ ਪਾਰਟੀ ਚੋਣਾਂ ਜਿੱਤ ਹਾਸਿਲ ਕਰਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਵੀ ਭਾਜਪਾ ਆਪਣੇ ਵਰਕਰਾਂ ਦੇ ਬਲ ‘ਤੇ ਪੰਜਾਬ ਵਿੱਚ ਜਿੱਤ ਹਾਸਲ ਕਰੇਗੀ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਡਾ: ਜਗਮੋਹਨ ਸਿੰਘ ਰਾਜੂ ਸਾਬਕਾ ਆਈ.ਏ.ਐਸ., ਡਾ: ਰਾਜ ਕੁਮਾਰ ਵੇਰਕਾ, ਦਿਆਲ ਸਿੰਘ ਸੋਢੀ, ਸੂਬਾ ਸਕੱਤਰ ਜੈਸਮੀਨ ਸੰਧੇਵਾਲਿਆ, ਦਮਨ ਬਾਜਵਾ, ਸੂਬਾ ਮੀਡੀਆ ਸਕੱਤਰ ਜਨਾਰਦਨ ਸ਼ਰਮਾ, ਨਰੇਸ਼ ਸ਼ਰਮਾ, ਸੱਤ ਜਿਲਾਨ ਦੇ ਪ੍ਰਧਾਨ ਆਦਿ ਵੀ ਹਾਜ਼ਰ ਸਨ।