ਅੰਮ੍ਰਿਤਸਰ 15 ਨਵੰਬਰ (ਰਾਜਿੰਦਰ ਧਾਨਿਕ) : ਅਕਾਲ ਪੁਰਖ ਕੀ ਫੌਜ ਸਿੱਖ ਇਤਿਹਾਸ, ਸਿੱਖ ਸਿਧਾਂਤਾਂ ਅਤੇ ਸਿੱਖ ਫਲਸਫੇ ਦੇ ਪ੍ਰਚਾਰ ਪ੍ਰਸਾਰ ਹਿਤ ਹਮੇਸ਼ਾ ਸਮਰਪਣ ਭਾਵਨਾ ਨਾਲ ਯਤਨਸ਼ੀਲ ਰਹੀ ਹੈ। ਸਮੇਂ ਦੇ ਬਦਲਦੇ ਪਰਿਪੇਖ ਵਿੱਚ ਕੁਝ ਤਾਂ ਸਾਜਸ਼ਨ ਅਤੇ ਕੁਝ ਸਾਡੇ ਬੁਲਾਰਿਆਂ ਵੱਲੋਂ ਸੋਚੀ ਸਮਝੀ ਯੋਜਨਾ ਤਹਿਤ ਸਾਡੇ ਕੌਮੀ ਸੰਦਰਭਾਂ ਨੂੰ ਦੂਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
26 ਦਸੰਬਰ ਨੂੰ ਭਾਰਤ ਸਰਕਾਰ ਵੱਲੋਂ ਵੀਰ ਬਾਲ ਦਿਵਸ ਵਜੋਂ ਮਾਨਤਾ ਦੇਣ ਤੋਂ ਬਾਅਦ ਹਰ ਵਰ੍ਹੇ ਦੇਸ਼ ਭਰ ਵਿਚ ਇਸ ਦਿਨ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਹੋ ਹੀ ਜਾਣੀ ਹੈ, ਸੋ ਅਕਾਲ ਪੁਰਖ ਦੀ ਫੌਜ ਵੱਲੋਂ ਦੇਸ਼ ਦੀ ਸਾਰੀਆਂ ਭਾਸ਼ਾਵਾਂ ਵਿੱਚ ਗੁਰੂ ਕਲਗੀਧਰ ਜੀ ਦੇ ਸਾਹਿਬਜਾਦਿਆਂ ਦੇ ਜੀਵਨ ਅਤੇ ਸ਼ਹਾਦਤ ਦੇ ਇਤਿਹਾਸ ਨੂੰ ਸਹੀ ਪਰਿਪੇਖ ਵਿਚ ਦੇਸ਼ ਵਾਸੀਆਂ ਨੂੰ ਅਰਪਿਤ ਕਰਨ ਦਾ ਟੀਚਾ ਚੁਕਿਆ ਗਿਆ ਸੀ। ਪਿਛਲੇ 8 ਮਹੀਨਿਆਂ ਦੀ ਮਿਹਨਤ ਨਾਲ ਮੁਢਲੇ ਰੂਪ ਵਿਚ ਦੇਸ਼ ਦੀਆਂ 12 ਭਾਸ਼ਾਵਾਂ ਵਿਚ ਤਰਜ਼ਮਾ ਕਰ ਕੇ ਉਕਤ ਇਤਿਹਾਸ ਅਕਾਲ ਪੁਰਖ ਦੀ ਫੌਜ ਦੀ ਵੈਬ ਸਾਈਟ ਉਪਰ ਚਾੜ੍ਹ ਦਿਤਾ ਗਿਆ ਹੈ। ਵੈਸੇ ਤਾਂ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਅਤੇ ਪ੍ਰਮੁੱਖ ਵਿਦੇਸ਼ੀ ਭਾਸ਼ਾਵਾਂ ਵਿੱਚ ਤਰਜ਼ਮਾ ਕਰਵਾਇਆ ਜਾ ਰਿਹਾ ਹੈ, ਪਰ ਅਜੇ ਤੱਕ ਪੰਜਾਬੀ, ਅੰਗਰੇਜ਼ੀ, ਹਿੰਦੀ, ਅਸਾਮੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਤਾਮਿਲ, ਤੇਲਗੂ ਅਤੇ ਬੰਗਲਾ ਭਾਸ਼ਾਵਾਂ ਦਾ ਤਰਜ਼ਮਾ ਵੈਬ-ਸਾਈਟ ਉਪਰ ਪਾ ਦਿੱਤਾ ਗਿਆ ਹੈ। ਅਲੱਗ-ਅਲੱਗ ਭਾਸ਼ਾਵਾਂ ਵਿਚ ਅੰਕਿਤ ਗੁਰੂ ਦੁਲਾਰਿਆਂ ਦੇ ਇਸ ਇਤਿਹਾਸ ਨੂੰ ਬਹੁਤ ਜਲਦ ਕਿਤਾਬਚਿਆਂ ਦੇ ਰੂਪ ਵਿਚ ਛਪਵਾ ਕੇ ਵੀ ਸੰਗਤਾਂ ਨੂੰ ਅਰਪਿਤ ਕੀਤਾ ਜਾ ਰਿਹਾ ਹੈ।
ਇਸ ਸਾਰੇ ਪ੍ਰੋਜੈਕਟ ਦਾ ਮੁੱਖ ਮੰਤਵ ਇਹ ਹੀ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਹੀ ਇਤਿਹਾਸਕ ਪੱਖ ਦੇਸ਼ ਵਾਸੀਆਂ ਸਾਹਮਣੇ ਪੇਸ਼ ਕੀਤਾ ਜਾ ਸਕੇ। ਸੰਸਥਾ ਵੱਲੋਂ ਸਰਕਾਰ ਪਾਸ ਪਹੁੰਚ ਕਰ ਕੇ ਇਸ ਸੰਬੰਧੀ ਨੋਟੀਫਿਕੇਸ਼ਨ ਦੀ ਸੋਧ ਲਈ ਯਤਨ ਕੀਤੇ ਜਾ ਰਹੇ ਹਨ ਕਿ ਇਹ ਦਿਨ ਦੇਸ਼ ਭਰ ਦੇ ਬੱਚਿਆਂ ਲਈ ਨੱਚਣ, ਟੱਪਣ ਦਾ ਦਿਨ ਨਾ ਬਣ ਕੇ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਅਤੇ ਪ੍ਰੇਰਨਾ ਲੈ ਕੇ ਜੀਵਨ ਜਾਚ ਨੂੰ ਬਿਹਤਰ ਕਰਨ ਦਾ ਦਿਹਾੜਾ ਬਣ ਸਕੇ।
ਅਕਾਲ ਪੁਰਖ ਕੀ ਫੌਜ ਵਲੋਂ ਸਾਹਿਬਜਾਦਿਆਂ ਦੇ ਜੀਵਨ ਨਾਲ ਸਬੰਧਿਤ 100 ਸਵਾਲਾਂ ਦੀ ਇਕ ਪ੍ਰਸ਼ਨੋਤਰੀ ਦਾ ਪ੍ਰਕਾਸ਼ਨ ਵੀ ਕੁਝ ਦਿਨਾਂ ਵਿਚ ਕੀਤਾ ਜਾ ਰਿਹਾ ਹੈ। ਦੇਸ਼ ਭਰ ਵਿਚ 2000 ਜਥੇ ਬਣਾ ਕੇ ਉਕਤ ਪ੍ਰਸ਼ਨੋਤਰੀ ਘਰ ਘਰ ਵੰਡਣ ਸੰਬੰਧੀ ਵੀ ਇੱਕ ਵਿਸਥਾਰਤ ਯੋਜਨਾ ਉਲੀਕੀ ਗਈ ਹੈ। ਦਸੰਬਰ ਮਹੀਨੇ ਦੀਆਂ ਛੱੁਟੀਆਂ ਵਿੱਚ ਮਾਤਾ ਪਿਤਾ ਆਪਣੇ ਬੱਚਿਆਂ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜਾਦਿਆਂ ਦੇ ਇਤਿਹਾਸ ਦੀ ਸਹੀ ਜਾਣਕਾਰੀ ਸਾਂਝੀ ਕਰ ਸਕਣ ਇਸ ਲਈ ਪ੍ਰਸ਼ਨੋਤਰੀ ਅਤੇ ਇਤਿਹਾਸ ਵੱਧ ਤੋਂ ਵੱਧ ਘਰਾਂ ਵਿਚ ਪੁਜਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।