ਸੈਂਕੜੇ ਪੁਲਿਸ ਮੁਲਾਜ਼ਮਾਂ ਵਲੋਂ ਭਗਵੰਤ ਮਾਨ ਦੀ ਖਾਲੀ ਕੋਠੀ ਦੀ ਰਾਖੀ ਕੀਤੇ ਜਾਣ ‘ਤੇ ਜੀਵਨ ਗੁਪਤਾ ਨੇ ਚੁੱਕੇ ਸਵਾਲ।
ਚੰਡੀਗੜ੍ਹ/ਅੰਮ੍ਰਿਤਸਰ: 5 ਸਤੰਬਰ (ਪਵਿੱਤਰ ਜੋਤ) : ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਨਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਅਤੇ ਉਨ੍ਹਾਂ ਦੇ ਆਗੂ ਹੁਣ ਆਮ ਲੋਕ ਨਹੀਂ ਬਲਕਿ ਵੀਵੀਆਈਪੀ ਬਣ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਮੰਤਰੀ, ਜੋ ਕਿ ਚੌਵੀ ਘੰਟੇ ਪੁਲਿਸ ਦੀ ਕਰੜੀ ਸੁਰੱਖਿਆ ਹੇਠ ਹਨ, ਨੇ ਜਨਤਾ ਨੂੰ ਮਿਲਣਾ ਤਾਂ ਦੂਰ, ਆਪਣੇ ਵਰਕਰਾਂ ਤੋਂ ਵੀ ਮੂੰਹ ਮੋੜ ਲਿਆ ਹੈ। ਪੰਜਾਬ ਪੁਲਿਸ ਦੇ ਸੈਂਕੜੇ ਮੁਲਾਜ਼ਮ ਮੁੱਖ ਮੰਤਰੀ ਭਗਵੰਤ ਮਾਨ ਦੀ ਖਾਲੀ ਕੋਠੀ ਦੀ ਰਾਖੀ ਕਰਨ ਵਿੱਚ ਲੱਗੇ ਹੋਏ ਹਨ, ਭਾਵੇਂ ਉਹ ਉੱਥੇ ਰਹਿੰਦੇ ਹਨ ਜਾਂ ਨਹੀਂ!
` ਜੀਵਨ ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਨੇ 2014 ‘ਚ ਪਹਿਲੀ ਵਾਰ ਸੰਸਦ ਮੈਂਬਰ ਬਣਨ ‘ਤੇ ਸੰਗਰੂਰ ਦੇ ਪਟਿਆਲਾ ਰੋਡ ‘ਤੇ ਸਥਿਤ ਡਰੀਮਲੈਂਡ ਕਾਲੋਨੀ ‘ਚ ਕੋਠੀ ਕਿਰਾਏ ‘ਤੇ ਲਈ ਸੀ, ਜਿੱਥੋਂ ਉਹ ਜਨਤਾ ਨਾਲ ਸਿੱਧਾ ਰਾਬਤਾ ਰੱਖਣਾ ਚਾਹੁੰਦੇ ਸਨ। ਹਾਲਾਂਕਿ ਸੰਗਰੂਰ ਲੋਕ ਸਭਾ ਉਪ ਚੋਣ ਤੋਂ ਬਾਅਦ ਭਗਵੰਤ ਮਾਨ ਕਦੇ ਵੀ ਇਸ ਕੋਠੀ ‘ਚ ਨਹੀਂ ਗਏ। ਪਰ ਭਗਵੰਤ ਮਾਨ ਦੇ ਇਸ ਖਾਲੀ ਪਏ ਕਿਰਾਏ ਦੇ ਮਕਾਨ ਦੀ ਸੁਰੱਖਿਆ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਸੈਂਕੜੇ ਪੁਲਿਸ ਮੁਲਾਜ਼ਮ 24 ਘੰਟੇ ਡਿਊਟੀ ਕਰ ਰਹੇ ਹਨI ਕਲੋਨੀ ਵਿੱਚ ਦਾਖ਼ਲ ਹੋਣ ਵਾਲੀਆਂ ਸੜਕਾਂ ’ਤੇ ਪੁਲੀਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਕਾਰਨ ਇੱਥੋਂ ਦੇ ਵਸਨੀਕਾਂ ਅਤੇ ਹਰ ਆਉਣ ਜਾਣ ਵਾਲੇ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਪੁਲਿਸ ਤੰਤਰ ਦੀ ਨਿੱਤ ਦੀ ਪੁੱਛ-ਗਿੱਛ ਅਤੇ ਪੁਲਿਸ ਦੇ ਰਵੱਈਏ ਤੋਂ ਲੋਕ ਬਹੁਤ ਦੁਖੀ ਹਨ ਅਤੇ ਕਹਿੰਦੇ ਹਨ ਕਿ ਜੇਕਰ ਭਗਵੰਤ ਮਾਨ ਨੇ ਇੱਥੇ ਨਹੀਂ ਰਹਿਣਾ ਤਾਂ ਇੱਥੇ ਸੁਰੱਖਿਆ ਦੀ ਇੰਨਾਂ ਧਾਮਝਾਮ ਕਿਉਂ? ਆਪਣੇ ਆਪ ਨੂੰ ਆਮ ਆਦਮੀ ਕਹਾਉਣ ਵਾਲੇ ਭਗਵੰਤ ਮਾਨ ਨੂੰ ਹੁਣ ਆਮ ਜਨਤਾ ਤੋਂ ਇੰਨਾ ਡਰ ਕਿਉਂ ਲੱਗ ਰਿਹਾ ਹੈ?
ਜੀਵਨ ਗੁਪਤਾ ਨੇ ਕਿਹਾ ਕਿ 25 ਅਗਸਤ ਤੱਕ ਇਸ ਕੋਠੀ ਅੱਗੇ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਧਰਨੇ ਅਤੇ ਮੁਜ਼ਾਹਰੇ ਕੀਤੇ ਜਾ ਰਹੇ ਸਨ। ਪਰ ਹੁਣ ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ‘ਤੇ ਪੁਲਿਸ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਭਜਾ ਦਿੱਤਾ ਹੈ ਅਤੇ ਕੋਠੀ ਨੂੰ ਜਾਣ ਵਾਲੇ ਸਾਰੇ ਰਸਤੀਆਂ ਅਤੇ ਕਲੋਨੀ ਦੇ ਬਾਹਰ ਬੈਰੀਕੇਡ ਲਗਾ ਦਿੱਤੇ ਹਨ। ਇਸ ਦੇ ਨਾਲ ਹੀ ਸੰਗਰੂਰ ਪ੍ਰਸ਼ਾਸਨ ਨੇ ਧਾਰਾ-144 ਲਾ ਕੇ ਇੱਥੇ ਕਿਸੇ ਵੀ ਤਰ੍ਹਾਂ ਦੇ ਧਰਨੇ-ਪ੍ਰਦਰਸ਼ਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾ ਦਿੱਤੀ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣ ਅਤੇ ਸੂਬੇ ਦੀ ਅਮਨ-ਕਾਨੂੰਨ ਦੀ ਵਿਗੜੀ ਸਥਿਤੀ ਨੂੰ ਠੀਕ ਕਰਨ ਦੀ ਬਜਾਏ ਆਪਣੀ ਅਤੇ ਆਪਣੇ ਮੰਤਰੀਆਂ ਦੇ ਘਰਾਂ ਅਤੇ ਪਰਿਵਾਰਾਂ ਦੀ ਸੁਰੱਖਿਆ ਕਰਕੇ ਆਪਣੇ ਵੀ.ਵੀ.ਆਈ.ਪੀ. ਹੋਣ ਦੇ ਮਜੇ ਲੁੱਟ ਰਹੇ ਹਨI