-ਅਜਨਾਲਾ ਦਾਣਾ ਮੰਡੀ ਦੇ ਸੈਡ ਅਤੇ ਫੜਾਂ ਲਈ ਸਾਢੇ ਚਾਰ ਕਰੋੜ ਰੁਪਏ ਦੀ ਰਾਸ਼ੀ ਜਾਰੀ
ਅੰਮਿ੍ਤਸਰ, 29 ਅਕਤੂਬਰ (ਰਾਜਿੰਦਰ ਧਾਨਿਕ) : ਅਜਨਾਲਾ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਸਥਾਨਕ ਦਾਣਾ ਮੰਡੀ ਦੇ ਦੌਰੇ ਦੌਰਾਨ ਕਿਸਾਨਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਦਾਣਾ ਮੰਡੀ ਦੇ ਸ਼ੈਡ ਅਤੇ ਫੜਾਂ ਲਈ ਸਾਢੇ ਚਾਰ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਅਤੇ ਛੇਤੀ ਹੀ ਇਹ ਕੰਮ ਸ਼ੁਰੂ ਕਰ ਦਿੱਤੇ ਜਾਣਗੇ । ਉਨ੍ਹਾਂ ਕਿਹਾ ਕਿ ਮੰਡੀ ਦੇ ਆਲੇ ਦੁਆਲੇ ਸੀਵਰੇਜ਼ ਅਤੇ ਹੋਰ ਕੰਮ ਵੀ ਕਰਵਾਏ ਜਾਣਗੇ, ਜਿਸ ਨਾਲ ਇਹ ਲਾਗਤ ਕਰੀਬ 10 ਕਰੋੜ ਰੁਪਏ ਨੂੰ ਪਹੁੰਚ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀ ਇਸ ਤਰ੍ਹਾਂ ਦੀ ਬਣਾਈ ਜਾਵੇਗੀ ਕਿ ਸੀਜ਼ਨ ਦੇ ਤਿੰਨ ਮਹੀਨਿਆਂ ਤੋਂ ਇਲਾਵਾ ਬਾਕੀ ਮਹੀਨੇ ਸਥਾਨਕ ਲੋਕ ਮੰਡੀ ਵਿੱਚ ਸੈਰਗਾਹ ਵਜੋਂ ਵਰਤ ਸਕਣ।
ਉਨ੍ਹਾਂ ਐਲਾਨ ਕੀਤਾ ਕਿ ਅਜਨਾਲਾ ਹਲਕੇ ਦੀਆਂ ਮੁੱਖ ਲਿੰਕ ਸੜਕਾਂ ਨਿਕਟ ਭਵਿਖ ਵਿੱਚ 18 ਫੁੱਟ ਚੌੜੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਅਜਨਾਲਾ ਤੋਂ ਰਮਦਾਸ ਰੋਡ, ਕਿਆਮਪੁਰ ਤੋਂ ਗੁਰੂ ਕਾ ਬਾਗ, ਬੱਲੜਵਾਲ ਤੋਂ ਅਬਾਦੀ ਸੋਹਨ ਸਿੰਘ ਵਾਲਾ, ਅਜਨਾਲਾ ਤੋਂ ਫਤਿਹਗੜ੍ਹ ਚੂੜੀਆਂ, ਵਾਇਆ ਵਿਛੋਆ ਅਤੇ ਤੇੜਾ ਕਲਾਂ ਤੋਂ ਮੁਕਾਮ ਨੂੰ ਜਾਂਦੀਆਂ ਲਿੰਕ ਸੜਕਾਂ ਉੱਤੇ ਪੈਂਦੇ ਤੰਗ ਅਤੇ ਪੁਰਾਣੇ ਪੁੱਲਾਂ ਦੀ ਉਸਾਰੀ ਕਰਨ ਲਈ ਕਰੀਬ ਢਾਈ ਕਰੋੜ ਰੁਪਏ ਦੀ ਪ੍ਵਾਨਗੀ ਦੇ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਸਰਕਾਰ ਕਿਸਾਨ ਨੂੰ ਸੰਕਟ ਵਿੱਚੋਂ ਕੱਢ ਕੇ ਖੁਸ਼ਹਾਲ ਬਨਾਉਣ ਦੀ ਹੈ ਅਤੇ ਇਸ ਲਈ ਕੋਸ਼ਿਸ਼ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਤਹਾਨੂੰ ਸਰਕਾਰ ਦੀਆਂ ਇਨ੍ਹਾਂ ਸਾਰਥਿਕ ਕੋਸਿਸ਼ਾਂ ਦੇ ਨਤੀਜੇ ਮਿਲ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਸ ਖੁਸ਼ਪਾਲ ਸਿੰਘ ਧਾਲੀਵਾਲ, ਖੇਤੀਬਾੜੀ ਅਧਿਕਾਰੀ ਸ ਜਤਿੰਦਰ ਸਿੰਘ ਗਿੱਲ, ਓਐਸਡੀ ਚਰਨਜੀਤ ਸਿੰਘ ਸਿੱਧੂ, ਦਫਤਰ ਸਕੱਤਰ ਗੁਰਜੰਟ ਸਿੰਘ ਸੋਹੀ, ਸਕੱਤਰ ਸਾਹਿਬ ਸਿੰਘ, ਪ੍ਰਧਾਨ ਹਰਵਿੰਦਰ ਸਿੰਘ ਸ਼ਾਹ, ਪ੍ਰਧਾਨ ਸਤਬੀਰ ਸਿੰਘ ਸੰਧੂ, ਮਨਜੀਤ ਸਿੰਘ ਬਾਠ, ਗੁਰਦੇਵ ਸਿੰਘ ਨਿੱਝਰ, ਸੁਖਬੀਰ ਸਿੰਘ ਸੰਧੂ, ਇੰਦਰਜੀਤ ਸਿੰਘ ਭੁੱਲਰ ਪੰਡੋਰੀ ਅਤੇ ਹੋਰ ਸਖਸੀਅਤਾਂ ਵੀ ਹਾਜ਼ਰ ਸਨ।
ਫੋਟੋ ਨਾਲ ਹੈ।