ਦਸਤਖ਼ਤੀ ਮੁਹਿੰਮ ਸਿਆਸੀ ਸਟੰਟ ਨਹੀਂ ਤਾਂ ਬਾਦਲਕੇ ਸਰਕਾਰ ਵੇਲੇ ਜਾਰੀ ਇਸ਼ਤਿਹਾਰ ਲਈ ਪੰਥ ਤੋਂ ਮੁਆਫ਼ੀ ਮੰਗਣ: ਪ੍ਰੋ: ਸਰਚਾਂਦ ਸਿੰਘ ਖਿਆਲਾ

0
22

ਪ੍ਰਧਾਨ ਮੰਤਰੀ ਨੂੰ ’ਆਰਟੀਕਲ 72’ ਦੇ ਤਹਿਤ ਬੰਦੀ ਸਿੰਘਾਂ ਦੀ ਰਿਹਾਈ ਦਾ ਤਰਜੀਹੀ ਅਧਾਰ ’ਤੇ ਹੱਲ ਕਰਨ ਦੀ ਕੀਤੀ ਅਪੀਲ
ਅੰਮ੍ਰਿਤਸਰ 4 ਦਸੰਬਰ (   ਅਰਵਿੰਦਰ ਵੜੈਚ  )  : ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਰਾਹੀਂ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਅਕਾਲੀਆਂ ਦੀ ਸਿਆਸੀ ਵਜੂਦ ਬਚਾਉਣ ਪ੍ਰਤੀ ਰਾਜਨੀਤਿਕ ਸਟੰਟ ਨਹੀਂ ਤਾਂ ’’ਫਖਰੇ ਕੌਮ’’ ਦੀ ਸਰਕਾਰ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਤੋਂ ਟਾਲ਼ਾ ਵਟਣ ਸੰਬੰਧੀ ਲੱਖਾਂ ਦੇ ਇਸ਼ਤਿਹਾਰ ਲਗਾਉਣ ਲਈ ਬਾਦਲਕਿਆਂ ਨੂੰ ਸਿੱਖ ਕੌਮ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।
ਪ੍ਰੋ: ਸਰਚਾਂਦ ਸਿੰਘ ਨੇ ਬਾਦਲ ਸਰਕਾਰ ਸਮੇਂ ਭਾਈ ਸੂਰਤ ਸਿੰਘ ਤੇ ਹੋਰਨਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵਿੱਢੇ ਗਏ ਸੰਘਰਸ਼ ਦੌਰਾਨ ਸਰਕਾਰ ਵੱਲੋਂ ਬੰਦੀ ਸਿੰਘਾਂ ਸੰਬੰਧੀ ਜਾਰੀ ਵੱਡ ਅਕਾਰੀ ਅਖ਼ਬਾਰੀ ਇਸ਼ਤਿਹਾਰ ਪੇਸ਼ ਕਰਦਿਆਂ ਕਿਹਾ ਕਿ ਬਾਦਲਕੇ ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਗੰਭੀਰ ਹੁੰਦੇ ਤਾਂ ਬਹੁਤ ਪਹਿਲਾਂ ਹੀ ਬੰਦੀ ਸਿੰਘ ਆਪਣੇ ਘਰਾਂ ਪਰਿਵਾਰਾਂ ਵਿੱਚ ਹੁੰਦੇ। ਪਰ ਅਫ਼ਸੋਸ ਕਿ ਬਾਦਲਕੇ ਇਸ ਮਸਲੇ ’ਤੇ ਇਨਸਾਫ਼ ਪਸੰਦ ਸ਼ਹਿਰੀਆਂ ਨੂੰ ਨਾ ਕੇਵਲ ਇਸ਼ਤਿਹਾਰਾਂ ਰਾਹੀਂ ਗੁਮਰਾਹ ਕਰਨ ਵਿਚ ਹੀ ਲੱਗੇ ਰਹੇ ਸਗੋਂ ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਅੜਿੱਕੇ ਵੀ ਡਾਹੁੰਦੇ ਰਹੇ। ਇੱਥੋਂ ਤਕ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਸਿੱਖ ਕੌਮ ਵੱਲੋਂ ਮਾਰਚ 2012 ਨੂੰ ਅਰੰਭੇ ਸ਼ਾਂਤਮਈ ਸੰਘਰਸ਼ ਦੌਰਾਨ ਗੁਰਦਾਸਪੁਰ ਵਿਖੇ ਬਾਦਲ ਸਰਕਾਰ ਵੇਲੇ ਚਲਾਈ ਗਈ ਅੰਧਾ ਧੁੰਦ ਗੋਲੀਬਾਰੀ ਦੌਰਾਨ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਨੂੰ ਸ਼ਹੀਦ ਜਾਮ ਪੀਣਾ ਪਿਆ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਦਸਤਖ਼ਤੀ ਮੁਹਿੰਮ ’’ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ’’ ਹਨ। ਚਾਹੁੰਦੇ ਤਾਂ ਬਾਦਲਕਿਆਂ ਦੀ ਇਕ ਦਹਾਕੇ ਤਕ ਚਲੀ ਸਰਕਾਰ ਦੌਰਾਨ ਕੈਬਨਿਟ ’ਚ ਮਤਾ ਪਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਮੁੱਢ ਬੰਨ੍ਹਿਆ ਜਾ ਸਕਦਾ ਸੀ, ਜਿਵੇਂ ਰਾਜੀਵ ਗਾਂਧੀ ਹੱਤਿਆ ਕੇਸ ’ਚ ਤਾਮਿਲਨਾਡੂ ਕੈਬਨਿਟ ਨੇ ਕੀਤਾ ਅਤੇ ਸਰਕਾਰ ਅਤੇ ਵਿਧਾਨ ਸਭਾ ਉਨ੍ਹਾਂ ਨਾਲ ਖੜੀ ਰਹੀ। ਉਸ ਕੇਸ ’ਚ ਉਮਰ ਕੈਦ ਕੱਟ ਰਹੇ 6 ਦੋਸ਼ੀਆਂ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਕੁਝ ਹੀ ਸਮਾਂ ਪਹਿਲਾਂ ਰਿਹਾਅ ਕਰ ਦਿੱਤੇ ਗਏ।
ਪ੍ਰੋ: ਸਰਚਾਂਦ ਸਿੰਘ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖ ਭਾਈਚਾਰੇ ਦੀ ਚਿੰਤਾ ਤੋਂ ਜਾਣੂ ਕਰਾਉਂਦਿਆਂ ਕਿਹਾ ਕਿ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘ ਕੋਈ ਜਰਾਇਮ ਪੇਸ਼ਾ ਨਹੀਂ ਹਨ। ਬਲਕਿ ਉਹ ਭਾਰਤ ਦੀ ਅਜ਼ਾਦੀ ਤੋਂ ਬਾਅਦ ਦੇਸ਼ ਅੰਦਰ ਸਿੱਖ ਭਾਈਚਾਰੇ ਨਾਲ ਕਾਂਗਰਸ ਸਰਕਾਰਾਂ ਵੱਲੋਂ ਪੈਦਾ ਕੀਤੇ ਗਏ ਹਾਲਤਾਂ ਅਤੇ ਰਾਜਨੀਤਿਕ ਵਿਤਕਰਿਆਂ ਦੇ ਸ਼ਿਕਾਰ ਹੋਣ ਕਾਰਨ ਹਿੰਸਕ ਰਾਹ ’ਤੇ ਤੁਰਨ ਲਈ ਮਜਬੂਰ ਕੀਤੇ ਗਏ ਸਨ।  ਉਨ੍ਹਾਂ  ਪ੍ਰਧਾਨ ਮੰਤਰੀ ਵੱਲੋਂ 2019 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਦੌਰਾਨ ਕੀਤੇ ਗਏ ਐਲਾਨ ਮੁਤਾਬਿਕ ਬਾਕੀ ਦੇ ਬੰਦੀ ਸਿੰਘ ਵੀ ਤੁਰੰਤ ਰਿਹਾਅ ਕਰ ਦੇਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਤਿੰਨ ਤਿੰਨ ਦਹਾਕਿਆਂ ਤੋਂ  ਜੇਲ੍ਹਾਂ ਵਿਚ ਬੰਦ ਸਿੱਖ ਸਿਆਸੀ ਕੈਦੀਆਂ ਨੇ ਹੁਣ ਤਕ ਆਪਣੀ ਉਮਰ ਦਾ ਵੱਡਾ ਹਿੱਸਾ ਜੇਲ੍ਹਾਂ ਵਿਚ ਬਤੀਤ ਕਰ ਲਿਆ ਹੈ। ਜਿਸ ਕਰਕੇ ਉਨ੍ਹਾਂ ਦੀ ਮਾਨਸਿਕ ਦਸ਼ਾ ਵੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਦੀਵੀ ਸਮੱਸਿਆਵਾਂ ਨਾਲ ਨਜਿੱਠਣ ਦੀ ਉਨ੍ਹਾਂ ਦੀ ਮਜ਼ਬੂਤ ਇੱਛਾ ਸ਼ਕਤੀ ਦਾ ਹਵਾਲਾ ਦਿੰਦਿਆਂ ਪੰਜਾਬ ਅਤੇ ਸਿੱਖ ਪੰਥ ਦੇ ਲੰਬਿਤ ਪਏ ਮਸਲਿਆਂ ਸਮੇਤ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਨੂੰ ’ਆਰਟੀਕਲ 72’ ਦੇ ਤਹਿਤ ਤਰਜੀਹੀ ਅਧਾਰ ’ਤੇ ਹੱਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਮੂਹ ਸਿੱਖ ਕੈਦੀਆਂ ਦੀ ਰਿਹਾਈ ਵਰਗਾ ਠੋਸ ਕਦਮ ਨਿਸ਼ਚੇ ਹੀ ਪੰਜਾਬ ਅਤੇ ਸਿੱਖ ਕੌਮ ਨਾਲ ਕੇਂਦਰ ਦੀਆਂ ਕਾਂਗਰਸੀ ਸਰਕਾਰਾਂ ਵੱਲੋਂ ਕੀਤੇ ਜਾਂਦੇ ਗ਼ਲਤ ਵਿਵਹਾਰ ਅਤੇ ਵਿਤਕਰਿਆਂ ਕਰ ਕੇ ਸਿੱਖ ਕੌਮ ‘ਚ ਪੈਦਾ ਹੋਈ ਬੇਗਾਨਗੀ ਦੀ ਭਾਵਨਾ ਨੂੰ ਦੂਰ ਕਰਨ ਅਤੇ ਸਿੱਖ ਕੌਮ ਦੀ ਦੇਸ਼ ਪ੍ਰਤੀ ਵਿਸ਼ਵਾਸ ਬਹਾਲੀ ‘ਚ ਸਹਾਈ ਸਿੱਧ ਹੋਵੇਗੀ।

NO COMMENTS

LEAVE A REPLY