ਪੰਜਾਬ ‘ਚ ਪਹਿਲੀ ਅਜਿਹੀ ਸਰਕਾਰ ਬਣੀ, ਜਿਸ ਦੇ ਰਾਜ ‘ਚ ਹਰ ਵਿਭਾਗ ਦੇ ਮੁਲਾਜ਼ਮ ਸੂਬਾ ਸਰਕਾਰ ਖਿਲਾਫ ਸੜਕਾਂ ‘ਤੇ ਉਤਰ ਕੇ ਕਰ ਰਹੇ ਹਨ ਪ੍ਰਦਰਸ਼ਨ: ਅਸ਼ਵਨੀ ਸ਼ਰਮਾ

0
22

 

ਬਿਜਲੀ ਬਿੱਲਾਂ ‘ਚ ਸੁਰੱਖਿਆ ਦੇ ਨਾਂ ‘ਤੇ ਵੱਡੀ ਰਕਮ ਲਾ ਕੇ ਭਗਵੰਤ ਮਾਨ ਸਰਕਾਰ ਸੂਬੇ ਦੇ ਲੋਕਾਂ ਦੀ ਕਰ ਰਹੀ ਹੈ ਲੁੱਟ: ਸ਼ਰਮਾ

‘ਅੰਮ੍ਰਿਤ ਮਹੋਤਸਵ’ ਮੌਕੇ ਪੰਜਾਬ ਦੇ ਸਮੂਹ ਲੋਕਾਂ ਨੂੰ ਘਰ-ਘਰ ਕੌਮੀ ਝੰਡਾ ਲਹਿਰਾਉਣ ਲਈ ਕੀਤਾ ਜਾਵੇਗਾ ਪ੍ਰੇਰਿਤ: ਅਸ਼ਵਨੀ ਸ਼ਰਮਾ

ਦੁਸ਼ਯੰਤ ਗੌਤਮ ਅਤੇ ਅਸ਼ਵਨੀ ਸ਼ਰਮਾ ਨੇ ਭਾਜਪਾ ਅਧਿਕਾਰੀਆਂ ਨਾਲ ਕੀਤੀ ਜਥੇਬੰਦਕ ਮੀਟਿੰਗ

ਅੰਮ੍ਰਿਤਸਰ/ ਫਗਵਾੜਾ: 15 ਜੁਲਾਈ ( ਪਵਿੱਤਰ ਜੋਤ) : ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਨੂੰ ‘ਅੰਮ੍ਰਿਤ ਮਹੋਤਸਵ’ ਵਜੋਂ ਮਨਾ ਰਹੀ ਹੈ, ਉਥੇ ਹੀ ਪੰਜਾਬ ਭਾਜਪਾ ਵੱਲੋਂ ਵੀ ਰਾਜ ਭਰ ‘ਚ ਵੱਡੇ ਪੱਧਰ ‘ਤੇ ‘ਅੰਮ੍ਰਿਤ ਮਹੋਤਸਵ’ ਮਨਾਇਆ ਜਾਵੇਗਾ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਾਜੇਸ਼ ਪਾਸੀ ਦੀ ਪ੍ਰਧਾਨਗੀ ਹੇਠ ਫਗਵਾੜਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 15 ਅਗਸਤ ਨੂੰ ਸਮੂਹ ਭਾਜਪਾ ਵਰਕਰ ਆਪਣੇ-ਆਪਣੇ ਘਰਾਂ ‘ਤੇ ਰਾਸ਼ਟਰੀ ਝੰਡਾ ‘ਤਿਰੰਗਾ’ ਲਹਿਰਾਉਣਗੇ ਅਤੇ ਉਸ ਦਿਨ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਆਪੋ-ਆਪਣੇ ਘਰਾਂ ਵਿੱਚ ਦੇਸ਼ ਦਾ ਤਿਰੰਗਾ ਝੰਡਾ ਲਹਿਰਾਉਣ ਦਾ ਸੱਦਾ ਦੇਣਗੇ। ਇਸ ਮੌਕੇ ਸੂਬਾ ਪ੍ਰਧਾਨ ਦੇ ਨਾਲ ਭਾਜਪਾ ਦੇ ਕੌਮੀ ਸਕੱਤਰ ਤੇ ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਕੌਮੀ ਸਕੱਤਰ ਤੇ ਸੂਬਾ ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਣਾ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ, ਦਿਆਲ ਸਿੰਘ ਸੋਢੀ ਆਦਿ ਵੀ ਹਾਜ਼ਰ ਸਨ।
ਅਸ਼ਵਨੀ ਸ਼ਰਮਾ ਨੇ ਸੂਬੇ ਦੇ ਲੋਕਾਂ ਨਾਲ ਧੋਖਾਧੜੀ ਕਰਕੇ ਵਸੂਲੇ ਜਾ ਰਹੇ ਬਿਜਲੀ ਦੇ ਬਿੱਲਾਂ ‘ਤੇ ਭਗਵੰਤ ਮਾਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਵਿਭਾਗ ਰਾਹੀਂ ਸੁਰੱਖਿਆ ਦੀ ਰਕਮ ਦੇ ਨਾਂ ‘ਤੇ ਜਨਤਾ ਨੂੰ ਲੁੱਟਣ ਦਾ ਨਵਾਂ ਤਰੀਕਾ ਲੱਭਿਆ ਗਿਆ ਹੈ। ਲੋਕਾਂ ਤੋਂ ਭੇਜੇ ਜਾ ਰਹੇ ਬਿਜਲੀ ਦੇ ਬਿੱਲਾਂ ‘ਚ ਸੁਰੱਖਿਆ ਰਕਮ ਦੇ ਨਾਂ ‘ਤੇ ਮੋਟੀ ਰਕਮ ਵਸੂਲੀ ਜਾ ਰਹੀ ਹੈ। ਜਦੋਂ ਲੋਕ ਇਸ ਸਬੰਧੀ ਵਿਭਾਗ ਤੋਂ ਪੁੱਛਦੇ ਹਨ ਤਾਂ ਅਧਿਕਾਰੀ ਉਨ੍ਹਾਂ ਨੂੰ ਸਕਿਉਰਿਟੀ ਜਮਾਂ ਕਰਵਾਉਣ ਦੀ ਰਸੀਦ ਦਿਖਾਉਣ ਲਈ ਕਹਿੰਦੇ ਹਨ, ਜਦੋਂ ਕਿ ਨਵੇਂ ਕੁਨੈਕਸ਼ਨ ਲਗਾਉਣ ਸਮੇਂ ਵਿਭਾਗ ਵੱਲੋਂ ਲਏ ਗਏ ਸੁਰਖਿਆ ਦੇ ਪੈਸਿਆਂ ਸਬੰਧੀ ਖਪਤਕਾਰ ਨੂੰ ਦਿੱਤੀ ਗਈ ਰਸੀਦ ‘ਚ ਸੁਰੱਖਿਆ ਰਾਸ਼ੀ ਲੈਣ ਬਾਰੇ ਕੋਈ ਵੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਜਾਂਦੀ ਹੈ। ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ‘ਤੇ ਮਾਨ ਸਰਕਾਰ ‘ਤੇ ਵਰ੍ਹਦਿਆਂ ਸ਼ਰਮਾ ਨੇ ਕਿਹਾ ਕਿ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਤੀ ਇੰਨੀ ਮਾੜੀ ਹੋ ਚੁੱਕੀ ਹੈ ਕਿ ਅਪਰਾਧੀ ਪੁਲਿਸ ਦੀ ਨੱਕ ਹੇਠ ਰੋਜ਼ਾਨਾ ਕਤਲ, ਫਿਰੌਤੀ, ਲੁੱਟਾਂ-ਖੋਹਾਂ, ਡਕੈਤੀਆਂ ਆਦਿ ਨੂੰ ਅੰਜਾਮ ਦੇ ਰਹੇ ਹਨ ਅਤੇ ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਇਸ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋਏ ਹਨ। ਭਗਵੰਤ ਮਾਨ ਸਿਰਫ ਅਖਬਾਰਾਂ ਅਤੇ ਟੀ.ਵੀ. ਚੈਨਲ ਰਾਹੀਂ ਪੰਜਾਬ ਵਿੱਚੋਂ ਜੁਰਮ ਅਤੇ ਨਸ਼ਾਖੋਰੀ ਨੂੰ ਖ਼ਤਮ ਕਰਨ ਦੇ ਇਸ਼ਤਿਹਾਰਾਂ ਵਿੱਚ ਵੱਡੇ-ਵੱਡੇ ਦਾਅਵੇ ਕਰਦੇ ਨਹੀਂ ਥੱਕਦੇ, ਜਦਕਿ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ। ਪੰਜਾਬ ‘ਚ ਨਸ਼ੇ ਦਾ ਕਾਰੋਬਾਰ ਜ਼ੋਰਾਂ ‘ਤੇ ਹੈ, ਪੁਲਿਸ ਵਾਲੇ ਖੁਦ ਇਸ ਦੇ ਆਦੀ ਹਨ ਅਤੇ ਇਸ ਕਾਰੋਬਾਰ ‘ਚ ਸ਼ਾਮਲ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਆਪਣੇ ਸਾਰੇ ਵਾਅਦਿਆਂ ਤੋਂ ਮੁਕਰ ਗਈ ਹੈ, ਅੱਜ ਪੰਜਾਬ ਦੇ ਲਗਭਗ ਹਰ ਵਿਭਾਗ ਦੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰੀ ਅਧਿਆਪਕਾਂ ਦੀਆਂ ਨਾਨ-ਟੀਚਿੰਗ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਪਾਸਾ ਵੱਟ ਰਹੀ ਹੈ, ਜਿਸ ਕਾਰਨ ਅਧਿਆਪਕ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸੰਘਰਸ਼ਸ਼ੀਲ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਸਰਕਾਰ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ। ਜੰਗਲਾਤ ਵਿਭਾਗ ਦੇ ਰੈਗੂਲਰ ਅਤੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਪੰਜ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਰੋਡਵੇਜ਼ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹਰ ਰੋਜ਼ ਸੂਬੇ ਭਰ ਵਿੱਚ ਬੱਸਾਂ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇੱਥੋਂ ਤੱਕ ਕਿ ਕਿਸਾਨਾਂ ਦੇ ਸਭ ਤੋਂ ਵੱਡੇ ਹਿਤੈਸ਼ੀ ਹੋਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਵੀ ਹੁਣ ਕਿਸਾਨਾਂ ਨਾਲ ਕੀਤੇ ਆਪਣੇ ਵਾਅਦਿਆਂ ਤੋਂ ਮੁੱਕਰ ਗਏ ਹਨ, ਜਿਸ ਕਾਰਨ ਕਿਸਾਨਾਂ ਨੇ ਵੀ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪੰਜਾਬ ਸਰਕਾਰ ਵੱਲੋਂ ਲਾਠੀਚਾਰਜ ਵੀ ਕੀਤਾ ਜਾ ਰਿਹਾ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੋਈ ਜ਼ੁਬਾਨ ਨਹੀਂ ਹੈ, ਪਹਿਲਾਂ ਤਾਂ ਸਰਕਾਰ ਸਰਕਾਰੀ ਬੱਸਾਂ ਤੋਂ ਭਿੰਡਰਾਂਵਾਲਾ ਦੀਆਂ ਫੋਟੋਆਂ ਹਟਾਉਣ ਦੇ ਹੁਕਮ ਦਿੰਦੀ ਹੈ, ਪਰ ਫਿਰ ਥੋੜ੍ਹੇ ਜਿਹੇ ਵਿਰੋਧ ਤੋਂ ਡਰਦਿਆਂ ਫਿਰ ਫੋਟੋ ਲਾਉਣ ਦੇ ਹੁਕਮ ਜਾਰੀ ਕਰ ਦਿੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਦੀ ਕਠਪੁਤਲੀ ਹਨ ਅਤੇ ਕੇਜਰੀਵਾਲ ਨੇ ਰਾਘਵ ਚੱਡਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਕੇ ਇਸ ਨੂੰ ਹਕੀਕਤ ਬਣਾ ਦਿੱਤਾ ਹੈ।
ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਂਦ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਨਹੀਂ ਸੰਭਾਲ ਸਕਦੇ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ।
ਅਸ਼ਵਨੀ ਸ਼ਰਮਾ ਨੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਸੂਬਾਈ ਅਧਿਕਾਰੀਆਂ, ਸੂਬਾ ਭਰ ਤੋਂ ਆਏ ਜ਼ਿਲ੍ਹਾ ਪ੍ਰਧਾਨਾਂ, ਜ਼ਿਲ੍ਹਾ ਇੰਚਾਰਜਾਂ, ਮੋਰਚੇ ਦੇ ਪ੍ਰਧਾਨਾਂ ਨਾਲ ਜਥੇਬੰਦਕ ਮੀਟਿੰਗ ਕੀਤੀ ਅਤੇ ਕੇਂਦਰੀ ਲੀਡਰਸ਼ਿਪ ਵੱਲੋਂ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਸੰਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।

NO COMMENTS

LEAVE A REPLY