ਪੰਜ ਮਹੀਨਿਆਂ ਅੰਦਰ ਹੀ ਮਾਨ ਸਰਕਾਰ ਦੇ ਲਾਪਤਾ ਵਿਧਾਇਕਾਂ ਦੇ ਪੋਸਟਰ ਲੱਗਣਾ ਭਗਵੰਤ ਮਾਨ ਤੇ ਉਨ੍ਹਾਂ ਦੇ ਆਗੂਆਂ ਲਈ ਸ਼ਰਮ ਨਾਲ ਡੁੱਬ ਮਰਨ ਵਾਲੀ ਗੱਲ: ਜੀਵਨ ਗੁਪਤਾ

0
33

 

ਛਾਤੀ ਠੋਕ-ਠੋਕ ਕੇ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਦੀ ਪੰਜ ਮਹੀਨਿਆਂ ਵਿੱਚ ਖੁੱਲ੍ਹੀ ਪੋਲ: ਜੀਵਨ ਗੁਪਤਾ

ਚੰਡੀਗੜ੍ਹ/ਅੰਮ੍ਰਿਤਸਰ, 2 ਸਤੰਬਰ (ਪਵਿੱਤਰ ਜੋਤ ) :  ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਜੇਤੂ ਵਿਧਾਇਕ ਲਾਭ ਸਿੰਘ ਉਗੋਕੇ ਦੇ ਗਾਇਬ ਹੋਣ ਦੇ ਪੋਸਟਰਾਂ ‘ਤੇ ਵਿਅੰਗ ਕੱਸਦਿਆਂ ਲੈਂਦਿਆਂ ਕਿਹਾ ਕਿ ਪੰਜ ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਇੰਨੇ ਤੰਗ ਆ ਚੁੱਕੇ ਹਨ ਕਿ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਲਾ ਕੇ ਉਨ੍ਹਾਂ ਨੂੰ ਲੱਭਣ ਵਾਲੇ ਨੂੰ 101 ਰੁਪਏ ਇਨਾਮ ਦੇਣ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਆਪਣੇ ਆਪ ਨੂੰ ਆਮ ਲੋਕਾਂ ਦੇ ਵਿਧਾਇਕ ਕਹਾਉਣ ਵਾਲੇ ਲਾਭ ਸਿੰਘ ਉਗੋਕੇ ਨੇ ਹਲਕਾ ਭਦੌੜ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ। ‘ਆਪ’ ਵਿਧਾਇਕ ਲਾਭ ਸਿੰਘ ਦੇ ਪੋਸਟਰ ਕਿਸੇ ਹੋਰ ਨੇ ਨਹੀਂ ਬਲਕਿ ਪ੍ਰਚਾਰਕ ਸੋਹਣ ਲਾਲ ਗੋਇਲ (ਖਿਆਲੇ ਕਲਾਂ ਵਾਲੇ), ਮਿੰਨੀ ਅੰਨਾ ਹਜ਼ਾਰੇ/ਮਿੰਨੀ ਕੇਜਰੀਵਾਲ, ਸਮਾਜ ਸੇਵੀ ਆਲ ਰਾਊਂਡਰ ਤਪਾ, ਬਰਨਾਲਾ ਵਲੋਂ ਲਗਾਏ ਗਏ ਹਨ।
ਜੀਵਨ ਗੁਪਤਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਛਾਤੀ ਠੋਕ-ਠੋਕ ਕੇ ਪੰਜਾਬ ‘ਚ ਆਮ ਲੋਕਾਂ ਦੀ ਸਰਕਾਰ ਬਣਾਉਣ ਦੇ ਦਾਅਵੇ ਕਰਦੇ ਸਨ, ਪਰ ਪੰਜ ਮਹੀਨਿਆਂ ‘ਚ ਹੀ ਮਾਨ ਸਰਕਾਰ ਦੀ ਪੋਲ ਜਨਤਾ ਦੇ ਸਾਹਮਣੇ ਖੁੱਲ ਗਈ ਹੈI ਜਨਤਾ ਵਲੋਂ ਭਗਵੰਤ ਮਾਨ ਸਰਕਾਰ ਦੇ ਆਗੂਆਂ ਦੇ ਪੰਜ ਮਹੀਨਿਆਂ ਅੰਦਰ ਲਾਪਤਾ ਵਿਧਾਇਕਾਂ ਦੇ ਪੋਸਟਰ ਲਾਉਣਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਆਗੂਆਂ ਲਈ ਸ਼ਰਮ ਨਾਲ ਡੁੱਬ ਮਰਣ ਵਾਲੀ ਗੱਲ ਹੈ। ਪੰਜਾਬ ਅਤੇ ਦਿੱਲੀ ਵਿੱਚ ਵੀ.ਆਈ.ਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ, ਖੁੱਦ ਅਰਵਿੰਦ ਕੇਜਰੀਵਾਲ ਅਤੇ ਉਸਦੇ ਸਾਰੇ ਮੰਤਰੀ ਅਤੇ ਵਿਧਾਇਕ ਵੀ.ਆਈ.ਪੀ ਕਲਚਰ ਨੂੰ ਅਪਣਾ ਰਹੇ ਹਨ। ਆਮ ਲੋਕਾਂ ਨੂੰ ਮਿਲਣਾ ਤਾਂ ਦੂਰ, ਉਨ੍ਹਾਂ ਦਾ ਪਰਛਾਵੇਂ ਤੋਂ ਵੀ ਕੰਨੀ ਕੱਟਦੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਗੁਰੂ ਘਰ ਪੁੱਜੀ ਸੰਗਤ ਨੂੰ ਵੀਆਈਪੀ ਕਲਚਰ ਤਹਿਤ ਜ਼ਬਰਦਸਤੀ ਰੋਕ ਦਿੱਤਾ ਗਿਆ। ਜਿਸ ‘ਤੇ ਸੰਗਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਰਾਜ਼ ਵੀ ਚੁੱਕੇ ਗਏ। ਮਾਨ ਸਰਕਾਰ ਦੇ ਰਾਜ ਵਿੱਚ ਆਮ ਲੋਕਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ।
ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪੰਜ ਮਹੀਨਿਆਂ ਦੇ ਰਾਜ ਤੋਂ ਪੰਜਾਬ ਦੇ ਲੋਕ ਦੁਖੀ ਹੋਈ ਚੁੱਕੇ ਹਨ। ਹੁਣ ਭਗਵੰਤ ਮਾਨ ਅਤੇ ਕੇਜਰੀਵਾਲ ਪੰਜਾਬ ਦੀ ਸੱਤਾ ਨੂੰ ਆਧਾਰ ਬਣਾ ਕੇ ਦੂਜੇ ਚੋਣ ਵਾਲੇ ਰਾਜਾਂ ਦੇ ਲੋਕਾਂ ਨੂੰ ਝੂਠੀਆਂ ਗਰੰਟੀਆਂ ਦਾ ਲਾਲੀਪਾਪ ਦੇ ਰਹੇ ਹਨ। ਪਰ ਚੋਣ ਵਾਲੇ ਰਾਜਾਂ ਦੇ ਲੋਕ ਇਨ੍ਹਾਂ ਦੇ ਝੂਠ ਵਿੱਚ ਨਹੀਂ ਫਸਣਗੇ।

NO COMMENTS

LEAVE A REPLY