ਡਾ: ਜਗਮੋਹਨ ਸਿੰਘ ਰਾਜੂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਖ਼ਿਲਾਫ਼ ਕੇਜਰੀਵਾਲ ਦੇ ਬੇਬੁਨਿਆਦ ਦੋਸ਼ਾਂ ਨੂੰ ਦੇਸ਼ ਧ੍ਰੋਹੀ ਹਰਕਤ ਗਰਦਾਨਣ ਦੀ ਕੀਤੀ ਵਕਾਲਤ
ਅੰਮ੍ਰਿਤਸਰ 10 ਮਈ ( ਪਵਿੱਤਰ ਜੋਤ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਗਾਏ ਗਏ ਦੇਸ਼ ਧ੍ਰੋਹ ਵਰਗੇ ਗੰਭੀਰ ਇਲਜ਼ਾਮਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਜਗਮੋਹਨ ਸਿੰਘ ਰਾਜੂ ਸਾਬਕਾ ਆਈ ਏ ਐਸ ਵੱਲੋਂ ਮੁਹਾਲੀ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ’ਤੇ ਟਿੱਪਣੀ ਕਰਦਿਆਂ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਇਸ ਨੂੰ ਦੇਰ ਨਾਲ ਹੀ ਸਹੀ ਪਰ ਦਰੁਸਤ ਫ਼ੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਿਆਸੀ ਮੁਫ਼ਾਦ ਲਈ ਲੰਮੇ ਸਮੇਂ ਤੋਂ ਦੇਸ਼ ਦੀ ਸੁਰੱਖਿਆ ਨੂੰ ਛਿੱਕੇ ਟੰਗਣ ਤੋਂ ਗੁਰੇਜ਼ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਖ਼ਿਲਾਫ਼ ਇਹ ਸ਼ਿਕਾਇਤ ਬਹੁਤ ਪਹਿਲਾਂ ਦਰਜ ਕਰਾ ਲਈ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅੱਗੇ ਵਧਣ ਦੀ ਲਾਲਸਾ ’ਚ ਨੀਵੇਂ ਪੱਧਰ ਦੀ ਸਿਆਸਤ ਕਰ ਰਿਹਾ ਹੈ। ਉਸ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ’ਤੇ ਏਅਰ ਫੋਰਸ ਦੇ ਸਿਰ ’ਤੇ ਆਤੰਕੀਆਂ ਨੂੰ ਬਿਠਾਉਣ, ਪਾਕਿਸਤਾਨ ਅਤੇ ਆਤੰਕਵਾਦੀਆਂ ਨਾਲ ਸੈਟਿੰਗ ਕਰਨ ਤੋਂ ਇਲਾਵਾ ਮੋਦੀ ਸੇ ਬੜਾ ਦੇਸ਼ਦ੍ਰੋਹੀ ਕੋਈ ਨਹੀਂ ਹੈ ਵਰਗੀਆਂ ਭੜਕਾਊ, ਇਤਰਾਜ਼ਯੋਗ, ਝੂਠੇ ਅਤੇ ਬੇਬੁਨਿਆਦ ਦੋਸ਼ ਮੜ੍ਹਦਿਆਂ ਆਮ ਭੋਲੀ ਭਾਲੀ ਜਨਤਾ ਅਤੇ ਦੇਸ਼ ਦੇ ਬਹਾਦਰ ਫ਼ੌਜੀਆਂ ਦਾ ਮਨੋਬਲ ਡੇਗਣ ਦੀ ਕੀਤੀ ਗਈ ਕੋਸ਼ਿਸ਼ ਰਾਸ਼ਟਰੀ ਸੁਰੱਖਿਆ ਨਾਲ ਸ਼ਰੇਆਮ ਖਿਲਵਾੜ ਹੈ। ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੂੰ ਸੱਚ ਅਤੇ ਇਨਸਾਫ਼ ਦੇ ਰਾਹ ’ਤੇ ਚੱਲਣ ਦੀ ਤਾਕੀਦ ਕਰਦਿਆਂ ਸਵਾਲ ਕੀਤਾ ਕਿ ਕੀ ਉਹ ਦਿਲੀ ਦੇ ਇਕ ਭਾਜਪਾ ਆਗੂ ਤਜਿੰਦਰ ਸਿੰਘ ਬੱਗਾ ਨੂੰ ਗ੍ਰਿਫ਼ਤਾਰ ਕਰਨ ’ਚ ਤਾਂ ਕਾਹਲੀ ਦਿਖਾਈ ਗਈ, ਤਾਂ ਕੀ ਉਹ ਹੁਣ ਕੇਜਰੀਵਾਲ ਦੇ ਖ਼ਿਲਾਫ਼ ਕਾਰਵਾਈ ਕਰਨ ਦਾ ਹੀਆ ਵੀ ਜੁਟਾਉਣਗੇ? ਉਨ੍ਹਾਂ ਮਾਨ ਤੋਂ ਕੇਜਰੀਵਾਲ ਵੱਲੋਂ ਆਪਣੇ ਟਵੀਟਰ ਅਕਾਊਂਟ ਤੋਂ ਪ੍ਰਧਾਨ ਮੰਤਰੀ ਮੋਦੀ ਨੂੰ ’ਕਾਇਰ ਅਤੇ ਮਨੋਰੋਗੀ’ ਆਦਿ ਵਾਰ ਵਾਰ ਕੀਤੀਆਂ ਗਈਆਂ ਭੱਦੀ ਤੇ ਅਪਮਾਨਜਨਕ ਟਿੱਪਣੀਆਂ ਦਾ ਵੀ ਹਿਸਾਬ ਮੰਗਿਆ। ਉਨ੍ਹਾਂ ਕਿਹਾ ਕਿ ਦਿਲੀ ਦੇ ਮੌਜੂਦਾ ਮੁੱਖ ਮੰਤਰੀ ਦੁਆਰਾ ਜਨਤਕ ਰੈਲੀਆਂ ਅਤੇ ਸੋਸ਼ਲ ਮੀਡੀਆ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਕਸ ਖ਼ਰਾਬ ਕਰਨ ਲਈ ਦਿੱਤੇ ਜਾ ਰਹੇ ਬੇਬੁਨਿਆਦ ਤੇ ਗੁਮਰਾਹਕੁਨ, ਪੂਰੀ ਤਰਾਂ ਅਸਵੀਕਾਰਨਯੋਗ, ਕਾਨੂੰਨੀ ਤੌਰ ‘ਤੇ ਨਿੰਦਣਯੋਗ ਹੈ ਅਤੇ ਅਜਿਹੇ ਭੜਕਾਊ ਬਿਆਨ ਆਮ ਲੋਕਾਂ ਵਿੱਚ ਆਪਸੀ ਕੜਵਾਹਟ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ, ਜਿਸ ਨਾਲ ਸਿਵਲ ਪ੍ਰਸ਼ਾਸਨ ਅਤੇ ਸਰਕਾਰ ਵਿੱਚ ਉਨ੍ਹਾਂ ਦਾ ਵਿਸ਼ਵਾਸ ਖ਼ਤਮ ਹੋ ਸਕਦਾ ਹੈ। ਬਹੁਤ ਭੜਕਾਊ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦਿਆਂ ਸਾਡੇ ਬਹੁਗਿਣਤੀ ਨਾਗਰਿਕਾਂ ਦੁਆਰਾ ਚੁਣੀ ਹੋਈ ਸਰਕਾਰ ਵਿਰੁੱਧ ਨਫ਼ਰਤ,ਅਪਮਾਨ, ਅਸੰਤੁਸ਼ਟੀ ਅਤੇ ਦੇਸ਼ ਵਿਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇ ਬਾਵਜੂਦ ਕੇਜਰੀਵਾਲ ਖ਼ਿਲਾਫ਼ ਕਾਰਵਾਈ ਨਾ ਕਰਨ ਨੂੰ ਪੰਜਾਬ ਪੁਲੀਸ ਦੀ ਵਰਤੋਂ ਕੇਵਲ ਵਿਰੋਧੀਆਂ ਨੂੰ ਡਰਾਉਣ ਤੇ ਧਮਕਾਉਣ ਲਈ ਅਤੇ ਪੰਜਾਬ ਪੁਲੀਸ ਦਾ ਸਿਆਸੀ ਕਰਨ ਕੀਤਾ ਜਾ ਰਿਹਾ ਸਮਝਿਆ ਜਾਵੇਗਾ।