ਇਤਿਹਾਸਕਾਰ ਕੋਛੜ ਵਲੋਂ ਮਾਮਲਾ ਸਾਹਮਣੇ ਲਿਆਉਣ ‘ਤੇ ਪੀ. ਐਮ. ਯੂ. ਨੇ ਵਿਖਾਈ ਸਖ਼ਤੀ ਅਤੇ ਖੂਹ ਦਾ ਜਲ ਨਾ ਵੇਚਣ ਬਾਰੇ ਲਗਾਏ ਚਿਤਾਵਨੀ ਪੋਸਟਰ।
ਅੰਮ੍ਰਿਤਸਰ 27 ਅਪ੍ਰੈਲ (ਪਵਿੱਤਰ ਜੋਤ) : ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਖੂਹ ਦਾ ਜਲ ਦੇਸ਼-ਵਿਦੇਸ਼ ਦੀ ਸੰਗਤ ਨੂੰ ਵੇਚੇ ਜਾਣ ਦੀ ਕਾਰਵਾਈ ਨਾਲ ਸਮੁੱਚੇ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਇਸ ਦੇ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਅਤੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਅਧਿਕਾਰੀ ਤੇ ਅਹੁਦੇਦਾਰ ਜਵਾਬਦੇਹ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰੋ. ਸਰਚਾਂਦ ਸਿੰਘ ਖ਼ਿਆਲਾ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਿੱਤੇ ਜਾਣ ਵਾਲੇ ਪ੍ਰਸਾਦਿ ਦੇ ਪੈਕਟਾਂ ਦੇ ਅੰਦਰ ਪਾਕਿਸਤਾਨੀ ਬ੍ਰਾਂਡ ਦੇ ਸਿਗਰਟਾਂ ਦੇ ਇਸ਼ਤਿਹਾਰਾਂ ਦੀ ਛਪਾਈ ਹੋਣ, ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ‘ਚ ਪਾਕਿਸਤਾਨੀ ਮਾਡਲ ਵਲੋਂ ਮਾਡਲਿੰਗ ਕਰਨ, ਮੁਸਲਿਮ ਨੌਜਵਾਨਾਂ ਵਲੋਂ ਪ੍ਰਕਰਮਾ ‘ਚ ਸਾਈਕਲ ਚਲਾ ਕੇ ਵੀਡੀਓ ਵਾਇਰਲ ਕਰਨ ਅਤੇ ਗੁਰਦੁਆਰਾ ਸਾਹਿਬ ‘ਚ ਜਸ਼ਨ-ਏ-ਬਹਾਰਾਂ ਪ੍ਰੋਗਰਾਮ ਉਲੀਕਣ ਸਮੇਤ ਮਰਿਆਦਾ ਨੂੰ ਢਾਹ ਲਗਾਉਣ ਵਾਲੇ ਪਹਿਲਾਂ ਹੀ ਕਈ ਦਰਜਨ ਮਾਮਲੇ ਸਾਹਮਣੇ ਆ ਚੁਕੇ ਹਨ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਚਲਾ ਖੂਹ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਇਸ ਖੂਹ ਦਾ ਜਲ ਆਪਣੇ ਖੇਤਾਂ ਨੂੰ ਦਿਆ ਕਰਦੇ ਸਨ ਅਤੇ ਇਸ ਦਾ ਜਲ ਸਮੁੱਚੇ ਸਿੱਖ ਭਾਈਚਾਰੇ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਅੰਮ੍ਰਿਤ ਜਲ ਦੇ ਸਮਾਨ ਹੈ, ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੀ ਮਿਲੀਭੁਗਤ ਨਾਲ ਬੋਤਲਾਂ ‘ਚ ਵੇਚਿਆ ਜਾਣਾ ਵਾਕਿਆ ਹੀ ਇਕ ਮੰਦਭਾਗੀ ਕਾਰਵਾਈ ਹੈ। ਪ੍ਰੋ. ਸਰਚਾਂਦ ਨੇ ਨਾਲ ਹੀ ਪਾਕਿਸਤਾਨੀ ਮਾਮਲਿਆਂ ਦੇ ਜਾਣਕਾਰ ਅਤੇ ਇਤਿਹਾਸਕਾਰ ਤੇ ਖੋਜ-ਕਰਤਾ ਸ੍ਰੀ ਸੁਰਿੰਦਰ ਕੋਛੜ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਖੂਹ ਦਾ ਪਾਣੀ ਵੇਚੇ ਜਾਣ ਦਾ ਮਾਮਲਾ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਕਾਰਜਕਾਰੀ ਅਧਿਕਾਰੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਰਾਣਾ ਸ਼ਾਹਿਦ ਸਲੀਮ ਦੇ ਸਾਹਮਣੇ ਲਿਆਉਣ ‘ਤੇ ਹੁਣ ਸਖ਼ਤੀ ਨਾਲ ਜਲ ਵੇਚੇ ਜਾਣ ‘ਤੇ ਰੋਕ ਲਗਾਉਣ ਸੰਬੰਧੀ ਨਿਰਦੇਸ਼ ਜਾਰੀ ਕਰਦਿਆਂ ਸੀ. ਈ. ਓ. ਵਲੋਂ ਇਹ ਪੋਸਟਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਅੰਦਰ ਜਗ੍ਹਾ-ਜਗ੍ਹਾ ਲਗਵਾ ਦਿੱਤੇ ਗਏ ਹਨ ਕਿ ਅਗਾਂਹ ਕੋਈ ਵੀ ਖੂਹ ਦਾ ਜਲ ਵੇਚਣ ਦੀ ਗ਼ਲਤੀ ਨਹੀਂ ਕਰੇਗਾ। ਪ੍ਰੋ. ਸਰਚਾਂਦ ਨੇ ਇਸ ਬਾਰੇ ਸ੍ਰੀ ਕੋਛੜ ਵਲੋਂ ਜਾਰੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਕਤ ਇਤਿਹਾਸਕ ਖੂਹ ਦੇ ਜਲ ਨੂੰ ਸ਼ੁੱਧ ਕਰਨ ਲਈ ਹੋਮਲੈਂਡ ਗਰੁੱਪ ਵਲੋਂ ਇੱਥੇ ਇਕ ਫਿਲਟਰੇਸ਼ਨ ਪਲਾਂਟ ਵੀ ਲਗਾਇਆ ਗਿਆ ਹੈ। ਜਿਸ ਦਾ ਜਲ ਵੇਚਣ ਦਾ ਠੇਕਾ ਇਕਬਾਲ ਸਿੱਧੂ ਨਾਂਅ ਦੇ ਪਾਕਿਸਤਾਨੀ ਨੂੰ ਦਿੱਤਾ ਗਿਆ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਸਾਲ 2016 ‘ਚ ਪੀ. ਐਸ. ਜੀ. ਪੀ. ਸੀ. ਵਲੋਂ ਜਦੋਂ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੇ ਇਤਿਹਾਸਕ ਸਰੋਵਰਾਂ ਅਤੇ ਖੂਹਾਂ ਦਾ ਜਲ ਸੰਸਾਰ ਭਰ ‘ਚ ਨਿਰਯਾਤ ਕੀਤੇ ਜਾਣ ਦਾ ਐਲਾਨ ਕਰਦਿਆਂ ਫ਼ਿਲਟਰ ਪਲਾਂਟ ਲਗਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਤਾਂ ਉਸ ਵੇਲੇ ਵੀ ਇਤਿਹਾਸਕਾਰ ਸ੍ਰੀ ਕੋਛੜ ਨੇ ਇਸ ਦਾ ਡਟ ਕੇ ਵਿਰੋਧ ਕਰਦਿਆਂ ਕਿਹਾ ਸੀ ਕਿ ਸੰਸਾਰ ਦੇ ਕਿਸੇ ਵੀ ਦੇਸ਼ ਦੀ ਸਰਕਾਰ ਜਾਂ ਗੁਰਦੁਆਰਾ ਕਮੇਟੀ ਨੇ ਉਥੋਂ ਦੇ ਗੁਰਦੁਆਰਿਆਂ ਦੇ ਜਲ ਨੂੰ ਮੁੱਲ ਵੇਚਣ ਦੀ ਗੁਸਤਾਖ਼ੀ ਨਹੀਂ ਕੀਤੀ, ਜਦੋਂ ਕਿ ਈ. ਟੀ. ਪੀ. ਬੀ. ਅਤੇ ਪੀ. ਐਸ. ਜੀ. ਪੀ. ਸੀ. ਸਮੁੱਚੇ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਿੱਖ ਮਰਿਆਦਾ ਦਾ ਵਪਾਰੀਕਰਨ ਕਰਨ ਦੀਆਂ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਦੇ ਉਪਰਾਲੇ ਕਰ ਰਹੀ ਹੈ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।