ਬੁਢਲਾਡਾ, 20 ਨਵੰਬਰ (ਦਵਿੰਦਰ ਸਿੰਘ ਕੋਹਲੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਨੇੜੇ ਬੱਸ ਸਟੈਂਡ ਰੋਡ, ਬੁਢਲਾਡਾ ਵਿਖੇ ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਇਸ ਦੇ ਸੰਬੰਧ ਵਿੱਚ 15 ਨਵੰਬਰ ਤੋਂ ਪ੍ਰਭਾਤ ਫੇਰੀਆਂ ਨਿਰੰਤਰ ਚੱਲ ਰਹੀਆਂ ਹਨ ਜਿਸਦੀ ਸਮਾਪਤੀ 27 ਨਵੰਬਰ ਨੂੰ ਹੋਵੇਗੀ। ਸ਼ਹੀਦੀ ਦਿਹਾੜੇ ਨੂੰ ਸਮਰਪਿਤ 26 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾਣਗੇ।27 ਨਵੰਬਰ ਨੂੰ ਦੁਪਹਿਰ 12 ਵਜੇ ਮਹਾਨ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਜਾਵੇਗਾ।ਇਸ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਅਖਾੜਾ ਗਤਕਾ ਪਾਰਟੀ ਗਤਕੇ ਦੇ ਜੌਹਰ ਵਿਖਾਏਗੀ,ਜਿਸ ਵਿੱਚ ਸਥਾਨਕ ਸੰਸਥਾਵਾਂ ਅਤੇ ਸਥਾਨਕ ਸਕੂਲ ਦੇ ਬੱਚੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣਗੇ।28 ਨਵੰਬਰ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਵੇਰੇ 9 ਵਜੇ ਪਾਏ ਜਾਣਗੇ।ਇਸ ਦਿਨ ਹੀ ਕੀਰਤਨ ਦੀਵਾਨ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਣਗੇ।ਜਿਸ ਵਿੱਚ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਪੰਜ ਪਿਆਰੇ ਦਮਦਮੀ ਟਕਸਾਲ ਵਾਲਿਆਂ ਦੀ ਅਗਵਾਈ ਹੇਠ ਹੋਵੇਗਾ। ਹਜੂਰੀ ਰਾਗੀ ਕਥਾਵਾਚਕ ਭਾਈ ਮਨਿੰਦਰ ਸਿੰਘ (ਹੈੱਡ ਗ੍ਰੰਥੀ), ਕੀਰਤਨੀ ਜਥਾ ਭਾਈ ਹਰਦੇਵ ਸਿੰਘ, ਨਿਧਾਨ ਸਿੰਘ, ਕਥਾਵਾਚਕ ਗਿਆਨੀ ਜਗਵਿੰਦਰ ਸਿੰਘ (ਲੁਧਿਆਣੇ ਵਾਲੇ) ਅਤੇ ਕਵੀਸ਼ਰੀ ਜਥਾ ਭਾਈ ਸੁਲਤਾਨ ਸਿੰਘ ਗੁਰਬਾਣੀ ਕੀਰਤਨ ਰਾਹੀਂ ਗੁਰੂ ਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਦਾ ਮਹਾਨ ਲੰਗਰ ਅਤੁੱਟ ਵਰਤਾਇਆ ਜਾਵੇਗਾ।ਇਸ ਮੌਕੇ ਮਿਸਤਰੀ ਜਰਨੈਲ ਸਿੰਘ, ਅਰਵਿੰਦਰ ਸਿੰਘ, ਗੁਰਮੀਤ ਸਿੰਘ ਗੋਲੂ, ਪਰਮਜੀਤ ਅਨੇਜਾ, ਸੂਖਮ ਸਿੰਘ, ਸਰੂਪ ਸਿੰਘ ਅਤੇ ਦੂਰ-ਦਰਾੜੇ ਦੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਇਸ ਪਵਿੱਤਰ ਸ਼ਹੀਦੀ ਦਿਹਾੜੇ ਦੀ ਸ਼ੋਭਾ ਨੂੰ ਵਧਾਉਣਗੀਆਂ।