ਲੂ ਤੋਂ ਬਚਣ ਲਈ ਦੁਪਹਿਰ ਵੇਲੇ ਘਰ ਤੋ ਬਾਹਰ ਘੱਟ ਤੋ ਘੱਟ ਨਿਕਲਿਆ ਜਾਵੇ :ਸਿਵਲ ਸਰਜਨ

0
9

ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ
ਅੰਮ੍ਰਿਤਸਰ 24 ਮਈ (ਰਾਜਿੰਦਰ ਧਾਨਿਕ) : ਲਗਾਤਾਰ ਵੱਧ ਰਹੇ ਤਾਪਮਾਨ ਅਤੇ ਗਰਮ ਖ਼ੁਸ਼ਕ ਹਵਾਵਾਂ ਕਾਰਨ ਪੂਰੇ ਉਤਰੀ ਭਾਰਤ ਵਿੱਚ ਲੂ ਚੱਲ ਰਹੀ ਹੈ ਜੋ ਕਿ ਅਗਲੇ ਕੁੱਝ ਦਿਨਾਂ ਤੱਕ ਬਣੀ ਰਹਿ ਸਕਦੀ ਹੈ। ਗਰਮੀ ਤੋ ਬਚਣ ਅਤੇ ਲੂ ਲੱਗਣ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਗਰਮ ਲੂ ਤੋ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਪਾਣੀ, ਨਿੰਬੂ ਆਦਿ ਦਾ ਵੱਧ ਤੋ ਵੱਧ ਸੇਵਨ ਕਰਨਾ ਚਾਹੀਦਾ ਹੈ, ਕੋਲਡ ਡਰਿੰਕ ਬਿਲਕੁਲ ਨਹੀਂ ਪੀਣੇ ਚਾਹੀਦੇ। ਲੋਕਾਂ ਨੂੰ ਗਰਮੀ ਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਤਿੱਖੀ ਧੁੱਪ ਤੋ ਬਚਣ ਲਈ ਦੁਪਹਿਰ ਵੇਲੇ ਘਰ ਤੋ ਬਾਹਰ ਘੱਟ ਤੋ ਘੱਟ ਨਿਕਲਿਆ ਜਾਵੇ। ਜੇਕਰ ਦੁਪਹਿਰ ਵੇਲੇ ਕਿਸੇ ਕੰਮ ਕਰਕੇ ਬਾਹਰ ਜਾਣਾ ਪੈ ਜਾਂਦਾ ਹੈ ਤਾਂ ਕੋਸ਼ਿਸ਼ ਕਰੋ ਕਿ ਕੁੱਝ ਸਮਾਂ ਠੰਡੀ ਥਾਂ ਜਿਵੇਂ ਕਿ ਰੁੱਖ ਹੇਠਾਂ ਬੈਠਿਆਂ ਜਾਵੇ। ਗਰਮੀ ਦੇ ਦਿਨਾਂ ਦੌਰਾਨ ਹਮੇਸ਼ਾ ਹਲਕੇ ਰੰਗ ਦੇ ਕੱਪੜੇ ਪਾਏ ਜਾਣ। ਉਹਨਾਂ ਦੱਸਿਆ ਕਿ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ ਇਸ ਲਈ ਗਰਮੀ ਦੇ ਦਿਨਾਂ ਵਿਚ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ।
ਉਨ੍ਹਾਂ ਦੱਸਿਆਂ ਕਿ ਗਰਮੀਆਂ ਦੌਰਾਨ ਲੂ ਲੱਗਣ ਨਾਲ ਸਰੀਰ ਤੇ ਪਿੱਤ, ਚੱਕਰ ਆਉਣੇ, ਬਹੁਤ ਪਸੀਨਾ ਆਉਣਾ ਤੇ ਥਕਾਨ ਹੋਣਾ, ਸਿਰ ਦਰਦ ਤੇ ਉਲਟੀਆਂ ਲੱਗਣੀਆਂ, ਚਮੜੀ ਦਾ ਲਾਲ ਹੋਣਾ ਤੇ ਖ਼ੁਸ਼ਕ ਹੋਣਾ ਆਦਿ ਵਰਗੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ ਅਤੇ ਕਈ ਵਾਰੀ ਗਰਮੀ ਲੱਗਣ ਨਾਲ ਮਾਸਪੇਸ਼ੀਆਂ ਵਿਚ ਵੀ ਕਮਜ਼ੋਰੀ ਆ ਜਾਂਦੀ ਹੈ। ਜਿਸ ਨਾਲ ਵਿਅਕਤੀ ਥੋੜ੍ਹਾ ਜਿਹਾ ਕੰਮ ਕਰਨ ਤੇ ਵੀ ਬਹੁਤ ਜ਼ਿਆਦਾ ਥਕਾਨ ਮਹਿਸੂਸ ਕਰਦਾ ਹੈ। ਗਰਮੀ ਦੇ ਮੌਸਮ ਵਿੱਚ ਕੜਕਦੀ ਧੁੱਪ ਵਿੱਚ ਲੇਬਰ ਕਰ ਰਹੇ ਵਿਅਕਤੀਆਂ ਵਿੱਚ ਕਈ ਵਾਰੀ ਹੀਟ ਸਟਰੋਕ ਦੀ ਪ੍ਰੇਸ਼ਾਨੀ ਆਉਂਦੀ ਹੈ ਜੋ ਕਿ ਜਾਨ ਲੇਵਾ ਵੀ ਹੋ ਸਕਦੀ ਹੈ।ਇਸ ਲਈ ਕੜਕਦੀ ਧੁੱਪ ਚ ਫਿਰਨ ਤੋ ਗੁਰੇਜ਼ ਕੀਤਾ ਜਾਵੇ।
===—

NO COMMENTS

LEAVE A REPLY