ਗੁਰੂ ਨਾਨਕ ਭਵਨ, ਸਿਟੀ ਸੈਂਟਰ ਵਿਖੇ “ਰਾਹੀ ਆਟੋ ਮੇਲੇ” ਦਾ ਕੀਤਾ ਜਾਵੇਗਾ ਆਯੋਜਨ

0
10

 

15 ਸਾਲ ਪੁਰਾਣੇ ਡੀਜ਼ਲ ਆਟੋ ਬੰਦ ਹੋਣ ਤੋਂ ਪਹਿਲਾਂ-ਪਹਿਲਾਂ ਈ-ਆਟੋ ਨੂੰ ਅਪਣਾਕੇ ਰੁਜ਼ਗਾਰ ਨੂੰ ਨਿਰਵਿਘਨ ਰੱਖਿਆ ਜਾਵੇ :- ਕਮਿਸ਼ਨਰ ਰਿਸ਼ੀ

ਅੰਮ੍ਰਿਤਸਰ 16 ਮਈ (ਪਵਿੱਤਰ ਜੋਤ) : ਸੀ.ਈ.ਓ. ਅੰਮ੍ਰਿਤਸਰ ਸਮਾਰਟ ਸਿਟੀ-ਕਮ-ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਦੀ ਪ੍ਰਧਾਨਗੀ ਹੇਠ ਸ਼ਹਿਰ ਦੀਆਂ ਆਟੋ ਯੂਨੀਅਨਾਂ ਦੇ ਪ੍ਰਧਾਨਾਂ ਨਾਲ ਮੀਟਿੰਗ ਹੋਈ ਜਿਸ ਵਿਚ “ਰਾਹੀ ਆਟੋ ਮੇਲਾ” ਜੋਕਿ ਮਿਤੀ 19-05-2023 ਦਿਨ ਸ਼ੁੱਕਰਵਾਰ ਨੂੰ ਗੁਰੂ ਨਾਨਕ ਭਵਨ, ਸਿਟੀ ਸੈਂਟਰ ਨੇੜੇ ਬੱਸ ਸਟੈਂਡ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਦੇ ਸਬੰਧ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ। ਅੱਜ ਦੀ ਇਸ ਮੀਟਿੰਗ ਵਿਚ ਰਾਹੀ ਪ੍ਰੋਜੈਕਟ ਦੇ ਰਮਨ ਕੁਮਾਰ, ਵਿਨੈ ਕੁਮਾਰ, ਸੁਪਰਡੰਟ ਆਸ਼ੀਸ਼ ਕੁਮਾਰ ਤੋਂ ਇਲਾਵਾ ਆਟੋ ਯੂਨੀਅਨ ਦੇ ਪ੍ਰਧਾਨ ਰਜਿੰਦਰ ਪਾਲ, ਨਰਿੰਦਰ ਸਿੰਘ, ਬਿਕਰਮਜੀਤ ਸਿੰਘ, ਬਖ਼ਸ਼ੀਸ਼ ਸਿੰਘ, ਸੁਰਿੰਦਰਪਾਲ ਸਿੰਘ, ਸੰਜੀਵ ਸਿੰਗਾਰੀ, ਬੀਰ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।

ਮੀਟਿੰਗ ਦੇ ਦੌਰਾਣ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਦੱਸਿਆ ਗਿਆ ਕਿ ਮਿਤੀ 19-05-2023 ਨੂੰ ਜੋ “ਰਾਹੀ ਆਟੋ ਮੇਲਾ” ਆਯੋਜਿਤ ਕੀਤਾ ਜਾ ਰਿਹਾ ਹੈ ਇਸ ਵਿਚ ਈ-ਆਟੋ ਕੰਪਨੀਆਂ ਦੇ ਮਾਹਿਰਾ ਵੱਲੋਂ ਮੇਲੇ ਵਿਚ ਆਉਣ ਵਾਲੇ ਆਟੋ ਡਰਾਇਵਰਾਂ ਨੂੰ “ਈ-ਆਟੋ ਬਾਰੇ ਜਾਣਕਾਰੀਆਂ ਦਿੱਤੀਆਂ ਜਾਣਗੀਆਂ। ਇਸ ਮੇਲੇ ਵਿਚ ਹਰ ਤਰ੍ਹਾਂ ਦੇ ਆਟੋ ਚਾਲਕ ਹਿੱਸਾ ਲੈ ਸਕਦੇ ਹਨ ਅਤੇ ਈ-ਆਟੋ ਦੀਆਂ ਬਾਰੀਕੀਆਂ ਜਿਵੇਂ ਕਿ ਤਕਨੀਕੀ ਜਾਣਕਾਰੀ, ਮਾਈਲੇਜ਼, ਘੱਟ ਖਰਚੇ ਵਿਚ ਵੱਧ ਕਮਾਈ ਕਿਵੇਂ ਹੋ ਸਕਦੀ ਹੈ, ਦੇ ਬਾਰੇ ਜਾਣਕਾਰੀਆਂ ਹਨ। ਮੇਲੇ ਵਿਚ ਈ-ਆਟੋ ਕੰਪਨੀਆਂ ਦੇ ਸਟਾਲਾਂ ਵਿਚ ਈ-ਆਟੋਜ਼ ਦੀ ਪ੍ਰਦਰਸ਼ਨੀ ਲਗਾਕੇ ਕੰਪਨੀ ਦੇ ਮਾਹਿਰਾਂ ਵੱਲੋਂ ਡੈਮੋ ਦਿੱਤੀ ਜਾਵੇਗੀ ਅਤੇ ਮੇਲੇ ਵਿਚ ਆਉਣ ਵਾਲੇ ਆਟੋ ਡਰਾਈਵਰਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਕਮਿਸ਼ਨਰ ਰਿਸ਼ੀ ਨੇ ਦੱਸਿਆ ਕਿ ਮੇਲੇ ਵਿਚ ਵਧੇਰੇ ਜਾਣਕਾਰੀਆਂ ਦੇਣ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਆਰ.ਟੀ.ਏ ਦਫ਼ਤਰ ਦਾ ਵੀ ਸਟਾਲ ਲਗਾਇਆ ਜਾਵੇਗਾ ਜਿਸ ਵਿਚ ਡਰਾਇਵਿੰਗ ਲਾਇਸੰਸ ਬਨਾਉਣ ਅਤੇ ਪਰਮਿਟ ਆਦਿ ਬਾਰੇ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਪ੍ਰਤੀਨਿਧੀਆਂ ਦਾ ਵੀ ਸਟਾਲ ਲਗਾਇਆ ਜਾਵੇਗਾ ਜਿਸ ਵਿਚ ਈ-ਆਟੋ ਲੈਣ ਵਾਸਤੇ ਲੋੜੀਦੀਆਂ ਫਾਰਮੈਲਟੀਆਂ ਤੋਂ ਇਲਾਵਾ “ਸਿੱਬਲ ਸਕੋਰ” ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਮੇਲੇ ਵਿਚ ਆਉਣ ਵਾਲੇ ਆਟੋ ਚਾਲਕਾਂ ਦੀ ਸਿਹਤ ਪੱਖੋਂ ਜਿਲ੍ਹਾ ਸਿਵਲ ਸਰਜਨ ਦਫ਼ਤਰ ਦੀ ਮੈਡੀਕਲ ਟੀਮ ਵੱਲੋਂ ਚੈੱਕਅਪ ਕੈਂਪ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਈ-ਆਟੋ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਅਕਤੀਆਂ ਲਈ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਲਈ ਨਗਰ ਨਿਗਮ ਦੀ ਟੀਮ ਦਾ ਵੱਖਰਾ ਸਟਾਲ ਵੀ ਹੋਵੇਗਾ। ਮੇਲੇ ਦੌਰਾਣ ਈ-ਆਟੋ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਆਟੋ ਚਾਲਕਾਂ ਲਈ ਕਈ ਤਰ੍ਹਾਂ ਦੇ ਤੋਹਫਿਆਂ ਦਾ ਵੀ ਉਪਬੰਧ ਕੀਤਾ ਗਿਆ ਹੈ।

ਕਮਿਸ਼ਨਰ ਰਿਸ਼ੀ ਨੇ ਸ਼ਹਿਰ ਦੇ ਸਾਰੇ ਆਟੋ ਚਾਲਕਾਂ ਨੂੰ ਮਿਤੀ 19-05-2023 ਨੂੰ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਆਯੋਜਿਤ ਕੀਤੇ ਜਾ ਰਹੇ ਇਸ ਰਾਹੀ ਆਟੋ ਮੇਲੇ ਵਿਚ ਹੰਮ-ਹੁਮਾਕੇ ਪਹੁੰਚਣ ਲਈ ਅਪੀਲ ਕੀਤੀ ਅਤੇ ਵੱਧ ਤੋਂ ਵੱਧ ਜਾਣਾਕਰੀਆਂ ਹਾਸਲ ਕਰਕੇ ਈ-ਆਟੋ ਦੀ ਰਜਿਸਟ੍ਰੇਸ਼ਨ ਕਰਾਉਣ ਅਤੇ ਇਸ ਦੇ ਨਾਲ ਮਿਲਣ ਵਾਲੀ ਨਗਦ ਸਬਸਿਡੀ ਅਤੇ ਹੋਰ ਵਿੱਤੀ ਲਾਭ ਲੈਣ ਵਾਸਤੇ ਕਿਹਾ। ਉਹਨਾ ਕਿਹਾ ਕਿ ਸਰਕਾਰ ਦੀ 15 ਸਾਲ ਪੁਰਾਣੇ ਡੀਜ਼ਲ ਆਟੋ ਮਕੰਮਲ ਤੌਰ ਤੇ ਬੰਦ ਕਰਨ ਦੀ ਮੁਹਿੰਮ ਤਹਿਤ ਹੋਣ ਵਾਲੀਆਂ ਕਾਰਵਾਈਆਂ ਤੋਂ ਬਚਣ ਅਤੇ ਸ਼ਹਿਰ ਦੇ ਵਾਤਾਵਾਰਣ ਨੂੰ ਸੁਖਾਵਾ ਅਤੇ ਪ੍ਰਦੂਸ਼ਣ ਮੁਕਤ ਰੱਖਣ ਲਈ ਜਰੂਰੀ ਹੈ ਕਿ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕ ਜਲਦ ਤੋਂ ਜਲਦ ਇਸ ਰਾਹੀ ਸਕੀਮ ਦਾ ਲਾਭ ਉਠਾਉਣ ਅਤੇ ਸ਼ਹਿਰ ਦੀ ਬਿਹਤਰੀ ਲਈ ਆਪਣਾ ਯੋਗਦਾਨ ਦੇਣ।

 

NO COMMENTS

LEAVE A REPLY