ਬੁਢਲਾਡਾ – 21 ਅਪ੍ਰੈਲ – (ਦਵਿੰਦਰ ਸਿੰਘ ਕੋਹਲੀ) – ਨਗਰ ਸੁਧਾਰ ਸਭਾ ਦੀ ਹੋਈ ਮੀਟਿੰਗ ਵਿੱਚ ਸ਼ਹਿਰ ਦੀ ਪੀ.ਐਨ.ਬੀ. ਰੋਡ ਉੱਪਰ ਨਜਾਇਜ ਉਸਾਰੀਆਂ ਨੂੰ ਹਟਾ ਕੇ ਚੌੜਾ ਨਾ ਕਰਨ ਦੇ ਮਾਮਲੇ ਦਾ ਸਖਤ ਨੋਟਿਸ ਲਿਆ ਹੈ ਅਤੇ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਸੱਤਾਧਾਰੀ ਧਿਰ ਵੱਲੋਂ ਅਪਣਾਏ ਜਾ ਰਹੇ ਲਿਹਾਜੂ ਰਵੱਈਏ ਨੂੰ ਸਹਿਣ ਕੀਤਾ ਜਾਵੇਗਾ ਅਤੇ ਇਸ ਮਾਮਲੇ ‘ਤੇ ਨਗਰ ਸੁਧਾਰ ਸਭਾ ਸੰਘਰਸ਼ ਵਿੱਢੇਗੀ। ਸੰਸਥਾ ਦੇ ਕੁਆਰਡੀਨੇਟਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਉਕਤ ਪੀ.ਐਨ.ਬੀ. ਰੋਡ ਦੇ ਸਬੰਧਤ ਮਾਲਕਾਂ ਨੂੰ ਨਗਰ ਕੌਂਸਲ ਨੇ ਨੋਟਿਸ ਵੀ ਭੇਜ ਦਿੱਤੇ ਹਨ ਅਤੇ ਸ਼ਹਿਰ ਦੇ 1937 ਦੇ ਨਕਸ਼ੇ ਮੁਤਾਬਕ ਇਸ ਰੋਡ ਨੂੰ ਚੌੜਾ ਕੀਤਾ ਜਾਣਾ ਹੈ। ਸੁਧਾਰ ਸਭਾ ਦੇ ਆਗੂ ਨੇ ਕਿਹਾ ਕਿ ਹਾਲਾਂ ਤੱਕ ਨਜਾਇਜ ਉਸਾਰੀਆਂ ਹਟਾਈਆਂ ਨਹੀਂ ਗੲੀਆਂ। ਇਸਦੇ ਉਲਟ ਪਾਣੀ ਦੀ ਨਿਕਾਸੀ ਲਈ ਪਾਇਪਾਂ ਦੱਬੀਆਂ ਜਾ ਰਹੀਆਂ ਹਨ ਜੋ ਕਿ ਸਰਾਸਰ ਗਲਤ ਹੈ। ਨਗਰ ਸੁਧਾਰ ਸਭਾ ਨੇ ਮੰਗ ਕੀਤੀ ਕਿ ਨਿਕਾਸੀ ਪਾਇਪਾਂ ਦੱਬਣ ਦਾ ਕੰਮ ਫੌਰੀ ਰੋਕਿਆ ਜਾਵੇ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਕਿ ਜੇਕਰ ਨਗਰ ਕੌਂਸਲ ਨੇ ਪੀ.ਐਨ.ਬੀ.ਰੋਡ ਨੂੰ ਚੌੜਾ ਕਰਨ ਲਈ ਦਿੱਤੇ ਨੋਟਿਸਾਂ ਦੇ ਆਧਾਰ ‘ਤੇ ਨਜਾਇਜ ਉਸਾਰੀਆਂ ਨਾ ਹਟਾਈਆਂ ਤਾਂ ਨਗਰ ਸੁਧਾਰ ਸਭਾ ਸ਼ਹਿਰਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕਰੇਗੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੇਮ ਸਿੰਘ ਦੋਦੜਾ, ਰਘੁਨਾਥ ਸਿੰਗਲਾ , ਸਤਪਾਲ ਸਿੰਘ ਕਟੌਦੀਆ , ਹਰਦਿਆਲ ਸਿੰਘ ਦਾਤੇਵਾਸੀਆ , ਸੋਨੂੰ ਕੋਹਲੀ , ਜਰਨੈਲ ਸਿੰਘ ਮਿਸਤਰੀ , ਗਗਨ ਦਾਸ ਵੈਰਾਗੀ ਆਦਿ ਵੀ ਸ਼ਾਮਲ ਹੋਏ।