ਚਂਡੀਗੜ/ਅੰਮ੍ਰਿਤਸਰ 13 ਫ਼ਰਵਰੀ (ਪਵਿੱਤਰ ਜੋਤ ): ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਏ ਨੂੰ ਖਤਮ ਕਰਨ ਦੇ ਵੱਡੇ ਵੱਡੇ ਵਾਅਦੇ ਕਰਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਖੁਦ ਪ੍ਰਾਈਵੇਟ ਟਰਾਂਸਪੋਰਟ ਮਾਫੀਏ ਨੂੰ ਫਾਇਦਾ ਪਹੁੰਚਾਉਣ ਲਈ ਰੋਡਵੇਜ ਦੇ ਡਿਪੂਆ ਨੂੰ ਹੀ ਨੁਕਸਾਨ ਪਹੁੰਚਾ ਰਹੀ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੀ ਪੰਜਾਬ ਸਰਕਾਰ ਪੰਜਾਬ ਰੋਡਵੇਜ ਦੇ ਡਿਪੂਆ ਦੀਆਂ ਬੱਸਾ ਲਈ ਡਰਾਇਵਰ ਤੇ ਕੰਡਕਟਰ ਭਰਤੀ ਨਹੀਂ ਕਰ ਸਕੀ, ਇਥੋ ਤੱਕ ਕਿ ਰੋਡਵੇਜ ਦੇ ਡਿਪੂਆਂ ਕੋਲ ਟਿਕਟਾਂ ਕੱਟਣ ਵਾਲੀਆਂ ਮਸ਼ੀਨਾਂ ਵੀ ਨਹੀ ਹਨ। ਜਿਸ ਕਰਕੇ ਰੋਡਵੇਜ ਦੀਆਂ ਕਰੀਬ 500 ਬੱਸਾਂ ਖੜੀਆਂ-ਖੜੀਆਂ ਕਬਾੜ ਬਣ ਰਹੀਆਂ ਹਨ। ਇਹਨਾਂ ਵਿੱਚ ਬਹੁਤੀਆਂ ਬੱਸਾਂ ਉਹ ਵੀ ਹਨ, ਜਿੰਨਾ ‘ਤੇ ਕਰਜ਼ਾ ਲਿਆ ਹੋਇਆ ਹੈ। ਉਹਨਾਂ ਦੱਸਿਆ ਕਿ ਲੱਗਭੱਗ ਹਰ ਰੋਜ ਰੋਡਵੇਜ ਦੇ ਡਿਪੂਆ ਦਾ 54.31 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਹੁਣ ਤੱਕ ਸਿਰਫ 28 ਡਰਾਇਵਰ ਹੀ ਭਰਤੀ ਕੀਤੇ ਹਨ, ਜਦੋਂ ਕਿ ਜ਼ਰੂਰਤ 500 ਡਰਾਇਵਰ ਭਰਤੀ ਕਰਨ ਦੀ ਸੀ। ਉਹਨਾਂ ਕਿਹਾ ਪੰਜਾਬ ਸਰਕਾਰ ਦੀ ਕਹਨੀ ਅਤੇ ਕਰਨੀ ਵਿੱਚ ਜ਼ਮੀਨ ਅਸ਼ਮਾਨ ਦਾ ਫਰਕ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਸਭ ਕੁਝ ਕੇਜਰੀਵਾਲ ਦੀ ਪਾਰਟੀ ਦੀ ਪੰਜਾਬ ਸਰਕਾਰ ਪ੍ਰਾਈਵੇਟ ਟਰਾਂਸਪੋਰਟ ਮਾਫੀਏ ਨੂੰ ਫ਼ਾਇਦਾ ਪਹੁੰਚਾਉਣ ਲਈ ਕਰ ਰਹੀ ਹੈ। ਉਹਨਾ ਮੰਗ ਕੀਤੀ ਕਿ ਪੰਜਾਬ ਰੋਡਵੇਜ ਦੀਆਂ ਬੱਸਾਂ ਲਈ ਡਰਾਇਵਰ, ਕੰਡਕਟਰ ਅਤੇ ਹੋਰ ਲੋੜੀਂਦਾ ਸਮਾਨ ਪੰਜਾਬ ਸਰਕਾਰ ਤੁਰੰਤ ਮੁਹੱਈਆ ਕਰਵਾਏ। ਉਹਨਾਂ ਕਿਹਾ ਪੰਜਾਬ ਭਾਜਪਾ ਭਗਵੰਤ ਮਾਨ ਦੀ ਗੂੰਗੀ ਬੋਲੀ ‘ਤੇ ਸੁੱਤੀ ਹੋਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਗਾਉਂਦੀ ਰਹੇਗੀ, ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਜਬੂਰ ਕਰਦੀ ਰਹੇਗੀ।