ਸੰਗਤ ਜਾਣਨਾ ਚਾਹੁੰਦੀ ਹੈ ਕਿ ਗੁਰਬਾਣੀ ਪ੍ਰਸਾਰਣ ਲਈ ਸ਼੍ਰੋਮਣੀ ਕਮੇਟੀ ਕਦੋਂ ਆਪਣਾ ਚੈਨਲ ਲਾਂਚ ਕਰੇਗੀ : ਪ੍ਰੋ: ਸਰਚਾਂਦ ਸਿੰਘ ਖਿਆਲਾ

0
9

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ ਨੂੰ 10 ਮਹੀਨੇ ਬਾਅਦ ਵੀ ਲਾਗੂ ਨਾ ਕਰਨ ਪਿੱਛੇ ਨਿੱਜੀ ਚੈਨਲ ਦੇ ਹਿੱਤਾਂ ਦੀ ਪੂਰਤੀ ਤਾਂ ਨਹੀਂ?
ਅੰਮ੍ਰਿਤਸਰ, 6 ਜਨਵਰੀ (ਪਵਿੱਤਰ ਜੋਤ) :- ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਪਣਾ ਚੈਨਲ ਲਾਂਚ ਕਰਨ ਸੰਬੰਧੀ ਜਾਰੀ ਆਦੇਸ਼ ’ਤੇ ਅਮਲ ਕਰਨ ਵਿਚ ਉਦਾਸੀਨਤਾ ਲਈ ਸ਼੍ਰੋਮਣੀ ਕਮੇਟੀ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਕੀ ਗੋਲਕ ਬਾਰੇ ਕੀਤੀ ਗਈ ਗੈਰ ਜਿਮੇਵਾਰਾਨਾ ਟਿੱਪਣੀ ਸੰਬੰਧੀ ਮੁੱਖ ਮੰਤਰੀ ਨੂੰ ਘੇਰਨਾ ਇਕ ਚੰਗਾ ਕਦਮ ਹੈ, ਪਰ ਸ਼੍ਰੋਮਣੀ ਕਮੇਟੀ ਤੋਂ ਸੰਗਤਾਂ ਇਹ ਵੀ ਜਾਣਨਾ ਚਾਹੁੰਦੀਆਂ ਹਨ ਕਿ ਸੰਗਤਾਂ ਦੀ ਵੱਡੀ ਮੰਗ ’ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਲਾਈਵ ਪ੍ਰਸਾਰਣ ਲਈ ਇਕ ਮਹੀਨੇ ਦੇ ਅੰਦਰ ਆਪਣਾ ਚੈਨਲ ਲਾਂਚ ਕਰਨ ਅਤੇ ਜਦੋਂ ਤਕ ਚੈਨਲ ਲਾਂਚ ਨਹੀਂ ਹੋ ਜਾਂਦਾ ਕਮੇਟੀ ਨੂੰ ਯੂ ਟਿਊਬ ਚੈਨਲ ਤੋਂ ਗੁਰਬਾਣੀ ਦਾ ਲਾਈਵ ਪ੍ਰਸਾਰਣ ਕਰਨ ਲਈ ਦਿੱਤੇ ਗਏ ਲਿਖਤੀ ਆਦੇਸ਼ ਨੂੰ 10 ਮਹੀਨੇ ਬੀਤ ਜਾਣ ’ਤੇ ਵੀ ਹੁਣ ਤਕ ਕਿਉਂ ਨਹੀਂ ਅਮਲ ਵਿਚ ਲਿਆਂਦਾ ਗਿਆ? ਉਨ੍ਹਾਂ ਕਿਹਾ ਕਿ ਇਹ ਬੜੀ ਹੈਰਾਨੀ ਦੀ ਗਲ ਹੈ ਕਿ ਜੋ ਵੀ ਇਸ ਕਾਰਜ ਲਈ ਅੱਗੇ ਆਉਂਦਾ ਹੈ, ਬਾਦਲਕੇ ਉਸ ’ਤੇ ਧਰਮ ਜ਼ਰੀਏ ਸਿਆਸਤ ਕਰਨ ਜਾਂ ਧਰਮ ਵਿਚ ਦਖਲਅੰਦਾਜ਼ੀ ਦਾ ਦੋਸ਼ ਮੜ੍ਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਗੁਰਬਾਣੀ ਪ੍ਰਸਾਰਣ ਲਈ ਆਪਣਾ ਰੇਡੀਓ ਸਟੇਸ਼ਨ ਸਥਾਪਿਤ ਕਰਨ ਦੀ ਮੰਗ ਸਿੱਖ ਕੌਮ ਦੀ ਇਕ ਚਿਰੋਕਣੀ ਮੰਗ ਹੈ। ਪ੍ਰੋ: ਸਰਚਾਂਦ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਯਾਦ ਕਰਾਉਂਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਥਿਤ ਤੌਰ ’ਤੇ ਇਕ ਸੈਕਸ-ਸਕੈਂਡਲ ’ਚ ਸ਼ਾਮਿਲ ਇਕ ਨਿੱਜੀ ਚੈਨਲ ਤੋਂ ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਬੰਦ ਕਰਨ ਬਾਰੇ ਸਿੱਖ ਸੰਗਤਾਂ ਨੂੰ ਭਰੋਸਾ ਦਿੱਤਾ ਸੀ। ਪਰ ਨਿਸ਼ਕਾਮ ਸੇਵਾ ਦੀ ਥਾਂ ਗੁਰਬਾਣੀ ਦੇ ਪ੍ਰਚਾਰ ’ਤੇ ਅੱਜ ਵੀ ਉਸੇ ਨਿੱਜੀ ਕੰਪਨੀ ਦਾ ਕਬਜ਼ਾ ਬਰਕਰਾਰ ਹੈ ਜੋ ਪੂਰਨ ਅਜਾਰੇਦਾਰੀ ਹੋਣ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ। ਅਤੇ ਹੋਰ ਪਲੇਟਫ਼ਾਰਮਾਂ ਨੂੰ ਗੁਰਬਾਣੀ ਦੇ ਪ੍ਰਸਾਰਣ ਤੋਂ ਰੋਕਿਆ ਜਾਂਦਾ ਰਿਹਾ ਹੈ ।ਇੱਥੋਂ ਤਕ ਕਿ ਗੁਰਬਾਣੀ ਪ੍ਰਵਾਹ ਨੂੰ ਆਪਣੀ ‘ਬੌਧਿਕ ਜਗੀਰ’ ਦੱਸਣ ਦੀ ਹਮਾਕਤ ਵੀ ਕੀਤੀ ਜਾਂਦੀ ਰਹੀ । ਜਿਸ ਨਾਲ ਉੱਠੇ ਵਿਵਾਦ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਕਈ ਮੈਂਬਰਾਂ ਨੇ ਗੁਰਬਾਣੀ ਪ੍ਰਸਾਰਨ ਲਈ ਸ਼੍ਰੋਮਣੀ ਕਮੇਟੀ ਨੂੰ ਆਪਣੇ ਚੈਨਲ ਨੂੰ ਲਾਂਚ ਕਰਨ ਦੀ ਗੱਲ ਵੀ ਆਖੀ ਗਈ ਸੀ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਕਈ ਧਾਰਮਿਕ ਸੰਸਥਾਵਾਂ ਵੱਲੋਂ ਆਪਣੇ ਧਾਰਮਿਕ ਚੈਨਲਾਂ ਨੂੰ ਸਫਲਤਾ ਪੂਰਵਕ ਚਲਾਉਣ ਦੇ ਅਨੇਕਾਂ ਪ੍ਰਮਾਣ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਲਾਹੀ ਬਾਣੀ ਸਿੱਖ ਚੇਤਨਾ ਲਈ ਅਧਿਆਤਮਿਕ ਪ੍ਰੇਰਨਾ ਅਤੇ ਬੁਨਿਆਦੀ ਸ੍ਰੋਤ ਹੈ। ‘ਧੁਰ ਕੀ ਬਾਣੀ’ ਨੂੰ ਕਿਸੇ ਦਾ ਨਿੱਜੀ ਅਧਿਕਾਰ ਜਾਂ ਵਪਾਰਕ ਸਮਝੌਤੇ ਦੀਆਂ ਸ਼ਰਤਾਂ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਨੂੰ ਨਵੀਆਂ ਪ੍ਰਸਾਰਣ ਤਕਨੀਕਾਂ ਰਾਹੀਂ ਪੂਰੀ ਦੁਨੀਆ ਤੱਕ ਪਹੁੰਚਾਉਣਾ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਅਤੇ ਫ਼ਰਜ਼ ਹੈ। ਸ਼੍ਰੋਮਣੀ ਕਮੇਟੀ ਇੱਕ ਖ਼ੁਦਮੁਖ਼ਤਿਆਰ ਸੰਸਥਾ ਹੈ ਅਤੇ ਉਹ ਆਪਣਾ ਚੈਨਲ ਚਲਾ ਸਕਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਚੈਨਲ ਸੰਬੰਧੀ ਆਦੇਸ਼ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਮਹਿਜ਼ ਇੱਕ ਸਬ ਕਮੇਟੀ ਬਣਾਉਣ ਤੋਂ ਬਿਨਾ ਕੋਈ ਅਗਲੀ ਕਾਰਵਾਈ ਕੀਤੀ ਹੋਵੇ ਕਿਸੇ ਨੂੰ ਕੋਈ ਗਿਆਤ ਨਹੀਂ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ ਨੂੰ ਤੁਰੰਤ ਆਪਣੇ ਹੱਥ ’ਚ ਲੈਣ ਦੀ ਅਪੀਲ ਕੀਤੀ ਹੈ।

NO COMMENTS

LEAVE A REPLY