ਪੰਜਾਬ ਦੀ ਸਿੱਖਿਆ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਾਸਤੇ ਸੰਭਾਲਿਆ ਮੋਰਚਾ
ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਦੇ ਅਧਿਆਪਕਾਂ ਨਾਲ ਵੀ ਕੀਤੀ ਮੀਟਿੰਗ
ਅੰਮ੍ਰਿਤਸਰ 15 ਦਸੰਬਰ (ਪਵਿੱਤਰ ਜੋਤ) : ਪੰਜਾਬ ਦੀ ਸਕੂਲ ਸਿੱਖਿਆ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਅਤੇ ਸਿੱਖਿਆ ਨੂੰ ਸਮੇਂ ਦੇ ਹਾਣੀ ਬਣਾਉਣ ਵਾਸਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਦੀ ਟੀਮ ਨੇ ਮੋਰਚਾ ਸੰਭਾਲ ਲਿਆ ਹੈ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਕੂਲ ਸਿੱਖਿਆ ਮੁਹੱਈਆ ਕਰਵਾਉਣ ਦੇ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸ੍ਰੀ ਸਿਸੋਦੀਆ ਅਤੇ ਸ: ਬੈਂਸ ਨੇ ਸਵੇਰੇ ਸਕੂਲ ਖੁਲਣ ਸਮੇਂ ਹੀ ਅੰਮ੍ਰਿਤਸਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਆ ਦਸਤਕ ਦਿੱਤੀ। ਉਨਾਂ ਇਹ ਦੌਰਾ ਪਹਿਲਾਂ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ ਅਤੇ ਕਿਸੇ ਵੀ ਜਿਲ੍ਹਾ ਅਧਿਕਾਰੀ ਨੂੰ ਇਸਦੀ ਭਿਣਕ ਨਹੀਂ ਪੈਣ ਦਿੱਤੀ। ਸਿੱਖਿਆ ਵਿਭਾਗ ਪੰਜਾਬ ਦੀ ਪ੍ਰਿੰਸੀਪਲ ਸਕੱਤਰ ਸ੍ਰੀਮਤੀ ਜਸਪ੍ਰਤੀ ਕੌਰ ਤਲਵਾੜ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਡੀ.ਪੀ.ਆਈ. ਸ: ਤੇਜਦੀਪ ਸਿੰਘ ਸੈਣੀ, ਡਾਇਰੈਕਟਰ ਸੈਕੰਡਰੀ ਸਿੱਖਿਆ ਸ: ਮਨਿੰਦਰ ਸਿੰਘ ਸਰਕਾਰੀਆ ਅਤੇ ਸਟੇਟ ਮੀਡੀਆ ਇੰਚਾਰਜ ਸ: ਗੁਰਮੀਤ ਸਿੰਘ ਬਰਾੜ ਸਮੇਤ ਵਿਭਾਗੀ ਅਧਿਕਾਰੀਆਂ ਦੀ ਪੂਰੀ ਟੀਮ ਦੌਰੇ ਦੌਰਾਨ ਨਾਲ ਰਹੀ। ਇਸ ਬਾਰੇ ਦੌਰੇ ਦਾ ਦਿਲਚਸਪ ਪਹਿਲੂ ਇਹ ਸੀ ਸਾਰੀ ਟੀਮ ਨੇ ਸਕੂਲ ਅਧਿਆਪਕਾਂ ਅਤੇ ਬੱਚਿਆਂ ਨਾਲ ਵੱਖਰੇ-ਵੱਖਰੇ ਗੱਲਬਾਤ ਕੀਤੀ ਅਤੇ ਉਨਾਂ ਕੋਲੋਂ ਸਕੂਲ ਪ੍ਰਬੰਧਨ ਅਤੇ ਸਿੱਖਿਆ ਬਾਰੇ ਸਵਾਲ ਕੀਤੇ। ਟੀਮ ਮੈਂਬਰਾਂ ਜਿਨਾਂ ਵਿੱਚ ਮੰਤਰੀ ਸਾਹਿਬਾਨ ਵੀ ਸ਼ਾਮਲ ਸਨ ਨੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨਾਲ ਤਲਖ ਲਹਿਜੇ ਵਿੱਚ ਸਵਾਲਾਤ ਨਹੀਂ ਕੀਤੇ ਬਲਕਿ ਸਿੱਖਿਆ ਸੁਧਾਰਾਂ ਨੂੰ ਲੈ ਕੇ ਸੁਝਾਅ ਲਏ। ਇਨਾਂ ਸਵਾਲਾਂ ਵਿੱਚ ਸਿੱਖਿਆ ਕਿਵੇਂ ਦੀ ਹੋਵੇ, ਸਿੱਖਿਆ ਨੂੰ ਕਿੱਤਾ ਮੁੱਖੀ ਕਿਵੇਂ ਕੀਤਾ ਜਾਵੇ, ਬੱਚਿਆਂ ਨੂੰ ਰੋਜ਼ਗਾਰ ਦਾਤਾ ਕਿਵੇਂ ਬਣਾਇਆ ਜਾਵੇ ਅਤੇ ਸਕੂਲਾਂ ਦੇ ਬਿਹਤਰ ਪ੍ਰਬੰਧ ਲਈ ਕੀ ਕੁੱਝ ਕਰਨ ਦੀ ਲੋੜ ਹੈ, ਬਾਰੇ ਮਸ਼ਵਰੇ ਲਏ।
ਅੱਜ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਲ ਰੋਡ, ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਕਬੂਲਪੁਰਾ ਦਾ ਦੌਰਾ ਕੀਤਾ। ਇਸ ਮਗਰੋਂ ਮੰਤਰੀ ਸਾਹਿਬਾਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਮੁੱਖੀਆਂ ਨਾਲ ਮੀਟਿੰਗ ਕੀਤੀ। ਉਨਾਂ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਸਿੱਖਿਆ ਅਤੇ ਸਿਹਤ ਵਿੱਚ ਵਿਆਪਕ ਸੁਧਾਰਾਂ ਨੂੰ ਲੈ ਕੇ ਸੱਤਾ ਵਿੱਚ ਆਈ ਹੈ ਅਤੇ ਜਨਤਾ ਨਾਲ ਕੀਤਾ ਗਿਆ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਣਾ ਹੈ। ਸੋ ਇਸ ਉੱਤੇ ਸਾਰੀਆਂ ਧਿਰਾਂ ਨੂੰ ਵਿਸ਼ੇਸ਼ ਤਵੱਜੋ ਦੇਣੀ ਪਵੇਗੀ। ਟੀਮ ਨੂੰ ਜਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਦੇ ਚੌਗਿਰਦੇ ਦੀ ਸਫ਼ਾਈ ਨੂੰ ਲੈ ਕੇ ਤਸੱਲੀ ਨਾ ਹੋਈ ਤਾਂ ਮੰਤਰੀ ਸ: ਹਰਜੋਤ ਸਿੰਘ ਬੈਂਸ ਨੇ ਮੇਅਰ ਸ: ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੰਦੀਪ ਰਿਸ਼ੀ ਨੂੰ ਮੌਕੇ ਤੇ ਸੱਦਿਆ ਅਤੇ ਸਕੂਲ ਦਾ ਆਲ੍ਹਾ ਦੁਆਲਾ ਵਿਖਾਉਂਦਿਆਂ ਸਾਰੇ ਸਕੂਲਾਂ ਦੇ ਚੌਗਿਰਦੇ ਨੂੰ ਸਾਫ਼ ਕਰਨ ਲਈ ਸਹਿਯੋਗ ਦੀ ਮੰਗ ਕਰਦੇ ਕਿਹਾ ਕਿ ਸਰਕਾਰ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਅਤੇ ਇਸ ਲਈ ਸਕੂਲ ਕੰਪਲੈਕਸਾਂ ਦੇ ਨਾਲ-ਨਾਲ ਸਕੂਲਾਂ ਦੇ ਚੌਗਿਰਦੇ ਨੂੰ ਤੁਹਾਡੇ ਵਲੋਂ ਸਾਫ਼ ਸੁਥਰਾ ਕੀਤਾ ਜਾਣਾ ਵੀ ਜ਼ਰੂਰੀ ਹੈ।