ਅਕਾਲ ਤਖ਼ਤ ਤੋਂ ਗੁਰਮਤ ਦੀ ਰੌਸ਼ਨੀ ’ਚ ਲਏ ਗਏ ਸਿਧਾਂਤਕ ਫ਼ੈਸਲਿਆਂ ’ਤੇ ਕਿੰਤੂ ਮੰਦਭਾਗਾ : ਪ੍ਰੋ:ਸਰਚਾਂਦ ਸਿੰਘ
ਅੰਮ੍ਰਿਤਸਰ 28 ਨਵੰਬਰ (ਪਵਿੱਤਰ ਜੋਤ ) ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ 14 ਮਾਰਚ 2023 ਨੂੰ ਆ ਰਹੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਰਾਸ਼ਟਰੀ ਪੱਧਰ ’ਤੇ ਮਨਾਉਣ ਅਤੇ ਇਸ ਪ੍ਰਤੀ ਪੁਖ਼ਤਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਨੌਸ਼ਿਹਰੇ ਦੀ ਲੜਾਈ ਵਿਚ ਜੂਝਦਿਆਂ ਸ਼ਹੀਦੀ ਪਾਉਣ ਵਾਲੇ ’ਖਾਲਸਾ ਪੰਥ ਦੇ ਮਹਾਨ ਜਰਨੈਲ’ ਅਤੇ ’ਖਾਲਸਾ ਰਾਜ ਦੇ ਰਾਖੇ’ ਨੇ ਕਸੂਰ, ਹੁਨੈਸੀਆਂ, ਕਸ਼ਮੀਰ, ਖਾਨਗੜ, ਮੁਲਤਾਨ ਅਤੇ ਹਜ਼ਾਰੇ ਦੀਆਂ ਮੁਹਿੰਮਾਂ ਵਿਚ ਬਹਾਦਰੀ ਦੇ ਜੌਹਰ ਦਿਖਾਉਂਦਿਆਂ ਮਾਤ ਭੂਮੀ ਦੀ ਵੱਡੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿਚ ਅਕਾਲੀ ਬਾਬਾ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ’ਮੋਰਾਂ’ ਦੇ ਮੁਕੱਦਮੇ ਵਿਚ ਕੋਰੜੇ ਮਾਰਨ ਦੀ ਇਤਿਹਾਸਕ ਸਜਾ ਸੁਣਾਈ ਸੀ, ਭਾਵੇਂ ਕਿ ਬਾਅਦ ਵਿਚ ਸਜਾ ਮੁਆਫ਼ ਕਰ ਦਿੱਤੀ ਗਈ ਸੀ।
ਪ੍ਰੋ: ਸਰਚਾਂਦ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਵੱਲੋਂ ਲਏ ਗਏ ਫ਼ੈਸਲਿਆਂ ਪ੍ਰਤੀ ਕੁਝ ਅਕਾਲੀ ਹਲਕਿਆਂ ਵੱਲੋਂ ਰਾਜਸੀ ਹਿਤ ਅਹਿਤ ਦੇਖ ਕੇ ਕੀਤੀ ਜਾ ਰਹੀ ਕਿੰਤੂ ਪ੍ਰੰਤੂ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਜਥੇਦਾਰ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸਤਾ ਨੂੰ ਸਮਰਪਿਤ ਆਜ਼ਾਦਾਨਾ ਅਤੇ ਸਿਧਾਂਤਕ ਫ਼ੈਸਲਾ ਚੰਮ ਦੀਆਂ ਚਲਾਉਣ ਵਾਲੇ ਉਨ੍ਹਾਂ ਅਕਾਲੀਆਂ ਨੂੰ ਰਾਸ ਨਹੀਂ ਆ ਰਿਹਾ ਹੈ, ਜਿਨ੍ਹਾਂ ਨੇ ਸੌਦਾ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਭਾਵਨਾਵਾਂ ਦੇ ਵਿਪਰੀਤ ਜਾ ਕੇ ਮੁਆਫ਼ੀ ਦਿਵਾਈ । ਆਪਣੇ ਇਸ ਕਦਮ ਨੂੰ ਸਹੀ ਸਿੱਧ ਕਰਨ ਲਈ ਗੁਰੂ ਕੀ ਗੋਲਕ ਵਿਚੋਂ ਨਾ ਕੇਵਲ 90 ਲੱਖ ਦੇ ਇਸ਼ਤਿਹਾਰ ਜਾਰੀ ਕੀਤੇ ਸਗੋਂ ਪੰਥ ਦੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਵਿਚ ਮੈਂਬਰਾਂ ਦੀਆਂ ਬਾਂਹਾਂ ਖੜੀਆਂ ਕਰਵਾ ਕੇ ਉਨ੍ਹਾਂ ਨੂੰ ਜਬਰੀ ਹਮਾਇਤ ਲਈ ਮਜਬੂਰ ਕੀਤਾ। ਉਨ੍ਹਾਂ ਆਪਣੀਆਂ ਕਰਤੂਤਾਂ ਸਦਕਾ ਧਾਰਮਿਕ ਚੁਨੌਤੀਆਂ ਦਾ ਸਾਹਮਣਾ ਕਰ ਰਹੀ ਅਕਾਲੀ ਲੀਡਰਸ਼ਿਪ ਨੂੰ ਸਿੱਖ ਭਾਵਨਾਵਾਂ ਦੀ ਸਹੀ ਤਰਜਮਾਨੀ ਪ੍ਰਤੀ ਚਿੰਤਤ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਸੰਗਤ ਨੂੰ ਅਕਾਲ ਤਖ਼ਤ ਨੂੰ ਸਮਰਪਿਤ ਹੋਣ ਅਤੇ ਇੱਥੋਂ ਜਾਰੀ ਆਦੇਸ਼ਾਂ ਨੂੰ ਇਲਾਹੀ ਹੁਕਮ ਮੰਨ ਕੇ ਪਾਲਣਾ ਕਰਨ ਦੀ ਦੁਹਾਈ ਦੇਣ ਵਾਲੇ ਬਾਦਲਕਿਆਂ ਵੱਲੋਂ ਅੱਜ ਜਥੇਦਾਰ ਦੇ ਫ਼ੈਸਲਿਆਂ ਪਿੱਛੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਹੱਥ ਨਜ਼ਰ ਆ ਰਿਹਾ ਹੈ। ਅੱਜ ਆਪਣੇ ਵੱਲੋਂ ਥਾਪੇ ਗਏ ਜਥੇਦਾਰ ਦੀ ਸੁਹਿਰਦਤਾ ’ਤੇ ਹੀ ਪ੍ਰਸ਼ਨ ਚਿੰਨ੍ਹ ਨਹੀਂ ਲਾ ਦਿੱਤਾ ਗਿਆ ਸਗੋਂ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਸਿਧਾਂਤਕ ਅਤੇ ਗੁਰਮਤਿ ਦੀ ਰੌਸ਼ਨੀ ਵਿਚ ਲਏ ਗਏ ਫ਼ੈਸਲਿਆਂ ’ਤੇ ਵੀ ਸ਼ੰਕੇ ਖੜੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲਕਿਆਂ ਵੱਲੋਂ ਜਥੇਦਾਰ ਦੇ ਫ਼ੈਸਲਿਆਂ ਪਿੱਛੇ ਉਨ੍ਹਾਂ ਦਾ ਕੋਈ ਹੱਥ ਨਾ ਹੋਣ ਬਾਰੇ ਜ਼ੋਰਦਾਰ ਖੰਡਨ ਅਤੇ ਪੱਲਾ ਝਾੜਨਾ ਇਹ ਸਾਫ਼ ਕਰਦਾ ਹੈ ਕਿ ਉਨ੍ਹਾਂ ’ਤੇ ਆਪਣੇ ਸਹੂਲਤ ਮੁਤਾਬਿਕ ਕਿਸੇ ਆਦੇਸ਼ ਨੂੰ ਮੰਨਣ ਜਾਂ ਨਾ ਮੰਨਣ ਦੀ ਸਿਆਸਤ ਭਾਰੂ ਹੋ ਚੁੱਕੀ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਬਾਦਲਕਿਆਂ ਲਈ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਤੇ ਕਿਸੇ ਨੂੰ ਤਨਖ਼ਾਹ ਲਾਉਣੀ ਜਾਂ ਬਰੀ ਕਰਨਾ ਆਮ ਸੰਸਥਾਈ ਫ਼ੈਸਲਿਆਂ ਵਾਂਗ ਲੱਗਣ ਲੱਗੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀ ਬੁੱਧੀ ਇੱਥੋਂ ਤਕ ਭ੍ਰਿਸ਼ਟ ਹੋ ਚੁੱਕੀ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਗੁਰਮਤੇ ਨੂੰ ਚੈਲੰਜ ਕਰਨ ਚਲੇ ਗਏ ਹਨ। ਅਜਿਹੀ ਸਥਿਤੀ ਵਿੱਚ ਕਿਸੇ ਸਿਆਸਤਦਾਨ ਨਾਲ ਗੱਠਜੋੜ ਦਾ ਹਿੱਸਾ ਬਣੇ ਬਿਨਾਂ ਕਿਸੇ ਵੀ ਜਥੇਦਾਰ ਲਈ ਜਥੇਦਾਰੀ ਕਰਨੀ ਔਖੀ ਹੋ ਗਈ ਹੈ।