ਬੁਢਲਾਡਾ, 7 ਨਵੰਬਰ ( ਦਵਿੰਦਰ ਸਿੰਘ ਕੋਹਲੀ) : ਪਿੰਡ ਘਰਾਗਣਾਂ ਬਲਾਕ ਮਾਨਸਾ ਦਾ ਅਗਾਂਹਵਧੂ ਕਿਸਾਨ ਹਰਦੀਪ ਸਿੰਘ ਵੱਲੋਂ 2012 ਤੋ ਲਗਾਤਾਰ 28 ਏਕੜ ਵਿੱਚ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਹੈ। ਅਗਾਂਹਵਧੂ ਕਿਸਾਨ ਵੱਲੋ ਆਤਮਾ ਸਕੀਮ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਦੀਆਂ ਗਤੀਵਿਧੀਆਂ ਅਤੇ ਕਿਸਾਨ ਸਿਖਲਾਈ ਕੈਂਪਾਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਦੀ ਹੈ। ਕਿਸਾਨ ਦੇ ਦੱਸਣ ਮੁਤਾਬਿਕ ਉਸਨੇ ਆਪਣੀ 28 ਏਕੜ ਜ਼ਮੀਨ ਵਿੱਚੋਂ 10 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਜਿਸ ਨਾਲ ਪਾਣੀ ਦੀ ਬੱਚਤ ਤਾਂ ਹੁੰਦੀ ਹੀ ਹੈ ਪ੍ਰੰਤੂ ਟਰੈਕਟਰ ਨਾਲ ਕੱਦੂ ਕਰਨ ਅਤੇ ਲੇਬਰ ਦਾ ਖਰਚਾ ਵੀ ਬਚਦਾ ਹੈ।
ਸਫ਼ਲ ਕਿਸਾਨ ਹਰਦੀਪ ਸਿੰਘ ਝੋਨੇ ਦੀ ਕਟਾਈ ਤੋਂ ਬਾਅਦ ਬੇਲਰ ਦੀ ਮਦਦ ਨਾਲ ਗੰਢਾਂ ਬਣਾਕੇ ਝੋਨੇ ਦੇ ਪਰਾਲ ਦੀ ਸੁਚੱਜੇ ਢੰਗ ਨਾਲ ਪ੍ਰਬੰਧ ਕਰ ਰਿਹਾ ਹੈ ਅਤੇ ਹੁੁਣ 4 ਸਾਲ ਤੋਂ ਸੁਪਰ ਐਸ.ਐਮ.ਐਸ ਨਾਲ ਝੋਨੇ ਦੀ ਕਟਾਈ ਕਰਕੇ ਹੈਪੀ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰਦਾ ਹੈ। ਕਿਸਾਨ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤ ਵਿੱਚ ਬੀਜੀ ਕਣਕ ਨੂੰ ਖਾਦ ਵੀ ਘੱਟ ਲੋੜ ਪੈਦੀ ਹੈ ਅਤੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਹਰਦੀਪ ਸਿੰਘ ਨੇ ਕਿਹਾ ਕਿ ਉਸ ਵੱਲੋਂ ਸਮੇਂ-ਸਮੇ ’ਤੇ ਖੇਤੀਬਾੜੀ ਮਹਿਰਾਂ ਤੋਂ ਸਲਾਹ ਲੈ ਕੇ ਹੀ ਫਸਲ ਉਪਰ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਲਗਾਏ ਜਾਣ ਵਾਲੇ ਪਿੰਡ ਪੱਧਰੀ ਕੈਂਪਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ ਜਾਦਾ ਹੈ।
ਕਿਸਾਨ ਹਰਦੀਪ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉਥੇ ਇਸ ਨਾਲ ਜਿਹੜੇ ਸੂਖਮ ਜੀਵ ਨਾਈਟ੍ਰ੍ਰੋਜ਼ਨ ਨੂੰ ਫਸਲ ਦੇ ਵਰਤਣ ਯੋਗ ਬਣਾਉਦੇ ਹਨ ਉਹ ਵੀ ਮਰ ਜਾਦੇ ਹਨ ਅਤੇ ਬਾਅਦ ਵਿੱਚ ਖਾਦਾਂ ਦੀ ਵਰਤੋ ਵੀ ਜ਼ਿਆਦਾ ਕਰਨੀ ਪੈਂਦੀ ਹੈ। ਇਸ ਕਰਕੇ ਕਿਸਾਨ ਝੋਨੇ ਦੇ ਪਰਾਲ ਨੂੰ ਅੱਗ ਨਾ ਲਗਾਉਣ ਅਤੇ ਪਰਾਲ ਦੀ ਸੁਚੱਜੇ ਢੰਗ ਨਾਲ ਪ੍ਰਬੰਧ ਕਰਨ। ਕਿਸਾਨ ਵੱਲੋਂ ਕਿਹਾ ਗਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋ ਮੰਨਜੂਰਸ਼ੁਦਾ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ ਕਿਉਕਿ ਇਹਨਾਂ ਕਿਸਮਾਂ ਦਾ ਪਰਾਲ ਬਹੁਤ ਘੱਟ ਹੁੰਦਾ ਹੈ। ਹਰਦੀਪ ਸਿੰਘ ਨੇ ਕਿਹਾ ਕਿ ਉਹ ਆਪਣੀ 28 ਏਕੜ ਜ਼ਮੀਨ ਵਿੱਚ ਝੋਨੇ ਦੀ ਪਰਾਲ ਨੂੰ ਬਿਨ੍ਹਾਂ ਅੱਗ ਲਗਾਏ ਹੈਪੀ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰੇਗਾ।