ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ਮਲੇਰੀਆ ਤੋਂ ਬਚਾਅ ਲਈ ਘਰ ਘਰ ਜਾ ਕੇ ਕੀਤੀ ਜਾ ਰਹੀ ਹੈ ਜਾਂਚ

0
18

ਬੁਢਲਾਡਾ, 28 ਅਕਤੂਬਰ  (ਦਵਿੰਦਰ ਸਿੰਘ ਕੋਹਲੀ) : ਸਿਵਲ ਸਰਜਨ ਡਾ. ਹਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਡੇਂਗੂ, ਮਲੇਰੀਆ ਦੇ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਡੇਂਗੂ ਦੇ 29 ਅਤੇ ਮਲੇਰੀਏ ਦੇ 13 ਕੇਸ ਹਨ। 75 ਘਰ੍ਹਾਂ ਵਿੱਚੋਂ ਡੇਂਗੂ, ਮਲੇਰੀਏ ਦਾ ਲਾਰਵਾ ਮਿਲਿਆ ਅਤੇ ਉਸਨੂੰ ਨਸ਼ਟ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਅਤੇ ਡੇਂਗੂ, ਮਲੇਰੀਆ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾ ਦੱਸਿਆ ਕਿ ਤੇਜ਼ ਬੁਖਾਰ, ਸਿਰ ਦਰਦ, ਉਲਟੀ ਆਉਣਾ, ਮਾਸ ਪੇਸ਼ੀਆਂ ਵਿੱਚ ਦਰਦ,ਚਮੜੀ ’ਤੇ ਲਾਲ ਦਾਣੇ, ਨੱਕ ਮੂੰਹ ਜਾਂ ਮਸੂੜਿਆਂ ਚੋਂ ਖੂਨ ਵਗਣਾ ਡੇਂਗੂ ਬੁਖਾਰ ਦੀਆਂ ਮੁੱਖ ਨਿਸ਼ਾਨੀਆਂ ਹਨ। ਡੇਂਗੂ ਬੁਖਾਰ ਏਡੀਜ਼ ਇਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਆਮ ਤੌਰ ’ਤੇ ਦਿਨ ਵੇਲੇ ਕੱਟਦਾ ਹੈ। ਬੁਖਾਰ ਮੱਛਰ ਦੇ ਕੱਟਣ ਤੋਂ ਤੁਰੰਤ ਬਾਅਦ ਨਹੀਂ ਹੁੰਦਾ ਬਲਕਿ 5 ਤੋਂ 7 ਦਿਨਾਂ ਬਾਅਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਮੌਸਮ ਵਿੱਚ ਆਪਣੇ ਸਰੀਰ ਨੂੰ ਪੂਰਾ ਢਕ ਕੇ ਰੱਖਣਾ ਚਾਹੀਦਾ ਹੈ ਅਤੇ ਮੱਛਰ ਤੋਂ ਬਚਣ ਲਈ ਮੱਛਰਦਾਨੀਆਂ ਤੇ ਮੱਛਰ ਭਜਾਓੁ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਘਰ ਵਿੱਚ ਨਾ ਵਰਤਣਯੋਗ ਵਾਲੀਆਂ ਥਾਵਾਂ ਅਤੇ ਪਰਦਿਆਂ ਦੇ ਪਿੱਛੇ ਕੀਟਨਾਸ਼ਕ ਸਪਰੇਅ ਦੀ ਵਰਤੋਂ ਕਰਨੀ ਚਾਹੀਦੀ ਹੈ। ਡੇਂਗੂ ਬੁਖਾਰ ਹੋਣ ਦੀ ਸੂਰਤ ਵਿੱਚ ਮਾਹਿਰ ਡਾਕਟਰ ਤੋਂ ਆਪਣਾ ਇਲਾਜ ਕਰਵਾਇਆ ਜਾਵੇ। ਡੇਂਗੂ ਦੇ ਸਾਰੇ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤੇ ਜਾਂਦੇ ਹਨ।

NO COMMENTS

LEAVE A REPLY