ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇਣ ਦੀ ਜਗ੍ਹਾ ਕੁਰਸੀ ਬਚਾਉਣ ਵਿੱਚ ਹੀ ਲੱਗੇ ਰਹੇ ਮੇਅਰ- ਸੰਧਿਆ ਸਿੱਕਾ,ਅਨੁਜ ਸਿੱਕਾ

0
15

ਕਿਹਾ,ਮਾਣ ਬਖਸ਼ਣ ਵਾਲੀ ਕਾਂਗਰਸ ਨੂੰ ਛੱਡ ਕੇ ਆਪ ਦਾ ਪੱਲਾ ਫੜ ਕੇ ਸਮਾਂ ਕੀਤਾ ਬਰਬਾਦ

ਅੰਮ੍ਰਿਤਸਰ,4 ਅਕਤੂਬਰ (ਰਾਜਿੰਦਰ ਧਾਨਿਕ)- ਸਾਲ 2017 ਦੀਆਂ ਨਗਰ ਨਿਗਮ ਚੋਣਾਂ ਦੇ ਦੌਰਾਨ ਕਾਂਗਰਸੀ ਕੌਂਸਲਰਾਂ ਨੂੰ ਬਹੁਮਤ ਮਿਲਣ ਤੋਂ ਬਾਅਦ ਵਿਰੋਧਤਾ ਦੇ ਬਾਵਜੂਦ ਮੇਅਰ ਦੀ ਕੁਰਸੀ ਤੇ ਬੈਠੇ ਕਰਮਜੀਤ ਸਿੰਘ ਰਿੰਟੂ ਪਿਛਲੇ ਕਰੀਬ ਪੌਣੇ ਪੰਜ ਸਾਲ ਸ਼ਹਿਰ ਵਾਸੀਆਂ, ਨਗਰ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹੂਲਤਾਂ ਦੇਣ ਦੀ ਜਗ੍ਹਾ ਆਪਣੀ ਕੁਰਸੀ ਬਚਾਉਣ ਵਿੱਚ ਹੀ ਲੱਗੇ ਰਹੇ। ਉਨ੍ਹਾਂ ਦੀ ਮੇਅਰਸ਼ਿਪ ਦੋਰਾਂਨ ਸਾਲ 2022 ਵਿੱਚ ਹੁਣ ਤੱਕ ਇਕ ਵੀ ਹਾਉਸ ਦੀ ਮੀਟਿੰਗ ਨਾ ਹੋਣਾ ਨਿਮੋਸ਼ੀ ਵਾਲੀ ਗੱਲ ਹੈ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਨਿਗਮ ਹਾਊਸ ਦੀ ਵਿਰੋਧੀ ਧਿਰ ਭਾਜਪਾ ਦੀ ਨੇਤਾ ਸੰਧਿਆ ਸਿੱਕਾ,ਭਾਜਪਾ ਪੰਜਾਬ ਦੇ ਕਾਰਜਕਾਰਨੀ ਮੈਂਬਰ ਅਤੇ ਲੋਕਲ ਬਾਡੀ ਸੈਲ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਨੁਜ ਸਿੱਕਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਟਿਕਟ ਤੇ ਕੌਂਸਲਰ ਦੀ ਚੋਣ ਜਿੱਤਣ ਤੋਂ ਬਾਅਦ ਆਪਣੀ ਹੀ ਪਾਰਟੀ ਦੀ ਵਿਰੋਧਤਾ ਦੇ ਵਿੱਚ ਮੇਅਰ ਦੀ ਕੁਰਸੀ ਤਾਂ ਸੰਭਾਲ ਲਈ ਪਰ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹਵਾ ਹੋਣ ਦੇ ਕਾਰਨ ਆਪਣੀ ਕੁਰਸੀ ਦੀ ਫਿਕਰ ਕਰਦਿਆਂ ਮਾਣ ਬਖਸ਼ਣ ਵਾਲੀ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਆਪ ਦਾ ਦਾਮਨ ਫੜ ਲਿਆ। ਜਿਸ ਤੋਂ ਬਾਅਦ ਕਾਂਗਰਸੀ ਅਤੇ ਆਪ ਦੇ ਕੌਂਸਲਰਾਂ ਦੀ ਆਪਸੀ ਖਹਿਬੜਬਾਜੀ ਦੇ ਚੱਲਦਿਆਂ ਨਗਰ ਨਿਗਮ ਹਾਊਸ ਦੀ ਮੀਟਿੰਗ ਤੱਕ ਨਹੀਂ ਕਰਵਾ ਸਕੇ। ਹੁਣ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹਾਊਸ ਦੀ ਮੀਟਿੰਗ ਤਾਂ ਬੁਲਾ ਰਹੇ ਹਨ। ਪਰ ਪਿਛਲੇ ਕਈ ਮਹੀਨਿਆਂ ਦੌਰਾਨ ਹਾਊਸ ਦੀ ਮੀਟਿੰਗ ਨਾ ਕਰਵਾਉਣ ਦੇ ਜ਼ਿੰਮੇਦਾਰ ਵੀ ਹਨ। ਕਿਉਂਕਿ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇਣ ਦੀ ਜਗ੍ਹਾ ਉਹ ਵਿਰੋਧੀ ਪਾਰਟੀਆਂ ਦੇ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਲਿਆਉਣ ਵਿੱਚ ਹੀ ਲੱਗੇ ਰਹੇ ਤਾਂ ਕੇ ਮੇਅਰ ਦੀ ਕੁਰਸੀ ਨੂੰ ਬਚਾਇਆ ਜਾ ਸਕੇ। ਸਹੂਲਤਾਂ ਦੇਣ ਦੀ ਜਗ੍ਹਾ ਉਹਨਾਂ ਦਾ ਸਾਰਾ ਫੋਕਸ ਆਪਣੀ ਕੁਰਸੀ ਬਚਾਉਣ ਵੱਲ ਹੀ ਲੱਗਾ ਰਿਹਾ।
ਸਿੱਕਾ ਨੇ ਕਿਹਾ ਕਿ ਵਾਰਡਾਂ ਦੇ ਲੋਕਾਂ ਨੂੰ ਸਹੂਲਤਾਂ ਨਾ ਮਿਲਣ ਦੇ ਕਾਰਨ ਕੌਂਸਲਰ ਜਵਾਬਦੇਹ ਹਨ। ਇਹ ਕੌਂਸਲਰ ਹਾਉਸ ਦੇ ਵਿੱਚ ਆਪਣੇ ਵਾਰਡ ਵਾਸੀਆਂ ਦੇ ਹੱਕ ਵਿਚ ਆਵਾਜ ਬੁਲੰਦ ਕਰਣ ਲਈ ਤਰਸਦੇ ਰਹੇ ਹਨ। ਕਿਉਂਕਿ ਸਾਲ 2018 ਵਿੱਚ 5, ਸਾਲ 2019 ਵਿੱਚ 2, ਸਾਲ 2020 ਵਿਚ 2, ਸਾਲ 2021 ਵਿੱਚ 3 ਹਾਉਸ ਦੀਆਂ ਬੈਠਕਾਂ ਕੀਤੀਆਂ ਗਈਆਂ। ਜਦ ਕੇ ਸਾਲ 2022 ਵਿਚ ਹੁਣ ਤੱਕ ਇਕ ਬੈਠਕ ਨਾ ਹੋਣ ਕਰਕੇ ਉਸ ਦਾ ਨੁਕਸਾਨ ਆਮ ਜਨਤਾ ਅਤੇ ਕਰਮਚਾਰੀਆਂ ਦਾ ਹੋਇਆ ਹੈ। ਕਿਉਂਕਿ ਸ਼ਹਿਰ ਦੇ 85 ਕੌਂਸਲਰਾਂ ਦੀ ਹਾਜ਼ਰੀ ਵਿੱਚ ਸ਼ਹਿਰ ਵਾਸੀਆਂ ਦੇ ਹੱਕ ਵਿਚ ਕਰਵਾਏ ਜਾਣ ਵਾਲੇ ਵਿਕਾਸ ਦੇ ਕੰਮ ਨਹੀਂ ਹੋ ਸਕੇ। ਸਿੱਕਾ ਨੇ ਕਿਹਾ ਪੰਜ ਸਾਲਾਂ ਦੇ ਦੌਰਾਨ ਸੀਵਰੇਜ ਦੀ ਸਫ਼ਾਈ ਨੂੰ ਦੇਖਦਿਆਂ ਪੂਰੇ ਸ਼ਹਿਰ ਵਿੱਚ ਡੀ ਸਿਲਟਿੰਗ ਤੱਕ ਨਹੀਂ ਕਰਵਾਈ ਗਈ। ਜਿਸ ਦੇ ਚੱਲਦਿਆਂ ਜ਼ਰਾ ਕੁ ਬਰਸਾਤ ਤੋਂ ਬਾਅਦ ਸੜਕਾਂ ਤੇ ਕਈ ਕਈ ਘੰਟੇ ਪਾਣੀ ਦੇ ਛੱਪੜ ਲੱਗੇ ਰਹੇ। ਟੁੱਟੀਆਂ ਸੜਕਾਂ ਅਤੇ ਗਲੀਆਂ ਦੀ ਰਿਪੇਅਰ ਤੱਕ ਵੀ ਨਹੀਂ ਹੋ ਸਕੀ। ਲੋਕ ਪੀਣ ਯੋਗ ਪਾਣੀ, ਸੀਵਰੇਜ ਦੀ ਨਿਕਾਸੀ, ਸਟਰੀਟ ਲਾਇਟ ਅਤੇ ਹੋਰ ਸਹੂਲਤਾਂ ਨੂੰ ਤਰਸਦੇ ਰਹੇ ਹਨ। ਕਰੀਬ 3-4 ਕੌਂਸਲਰਾਂ ਦੀ ਹਾਜ਼ਰੀ ਵਿੱਚ ਐਫ ਐਂਡ ਸੀ ਸੀ ਦੀਆਂ 32 ਬੈਠਕਾਂ ਕਰਵਾ ਦਿੱਤੀਆਂ ਗਈਆਂ। ਪਰ ਇਨ੍ਹਾਂ ਬੈਠਕਾਂ ਦੇ ਕੰਮ ਵੀ ਸ਼ਹਿਰ ਵਿਚ ਨਜ਼ਰ ਨਹੀਂ ਆ ਰਹੇ ਹਨ। ਸਿੱਕਾ ਨੇ ਕਿਹਾ ਕਿ ਹਿਚਕੋਲੇ ਖਾਂਦੀ ਮੇਅਰ ਦੀ ਕੁਰਸੀ ਨੂੰ ਬਚਾਉਣ ਤੋਂ ਇਲਾਵਾ ਕੋਈ ਖਾਸ ਕੰਮ ਨਹੀਂ ਕੀਤੇ ਗਏ। ਜੱਦ ਕਿ ਰੌਲਾ ਜਿਆਦਾ ਅਤੇ ਕੰਮ ਨਾ ਬਰਾਬਰ ਹੀ ਰਿਹਾ। ਸਿੱਕਾ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਸ਼ਹਿਰ ਵਾਸੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮਾੜੇ ਕੰਮਾਂ ਨੂੰ ਦੇਖਦੇ ਹੋਏ ਮੂੰਹ ਨਹੀਂ ਲਗਾਉਣਗੇ। ਚੋਣਾਂ ਦੌਰਾਨ ਭਾਜਪਾ ਉਮੀਦਵਾਰ ਇੱਕ ਤਰਫਾ ਜਿੱਤ ਪ੍ਰਾਪਤ ਕਰਨਗੇ।

NO COMMENTS

LEAVE A REPLY