ਅੰਮਿ੍ਤਸਰ 28 ਸਤੰਬਰ (ਪਵਿੱਤਰ ਜੋਤ) : ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ, ਪੰਜਾਬ ਦੀ ਜਿਲ੍ਹਾ ਇਕਾਈ ਅੰਮਿ੍ਤਸਰ ਵਲੋਂ ਪਰਮਗੁਣੀ ਭਗਤ ਸਿੰਘ ਦਾ ਜਨਮ ਦਿਨ ਸਥਾਨਕ ਗੁਆਲਮੰਡੀ ਸਕੂਲ ਵਿਖੇ ਇੱਕ ਸੈਮੀਨਾਰ ਕਰਕੇ ਬਲਜਿੰਦਰ ਵਡਾਲੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਸੈਮੀਨਾਰ ਦਾ ਵਿਸ਼ਾ ਸੀ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਮੌਜੂਦਾ ਸਾਮਰਾਜੀ ਦੌਰ। ਇਸ ਸਮੇਂ ਆਪਣੇ ਵਿਚਾਰ ਦੱਸਦਿਆਂ ਯੂਨੀਅਨ ਆਗੂ ਧਰਮਿੰਦਰ ਸਿੰਘ ਛੀਨਾ ਨੇ ਕਿਹਾ ਕਿ ਮੌਜੂਦਾ ਕਾਰਪੋਰੇਟਸ ਦੀ ਅੰਨੀ ਲੁੱਟ ਨੇ ਮਿਹਨਤਕਸ਼ ਜਨਤਾ ਦਾ ਲਹੂ ਨਿਚੋੜ ਲਿਆ ਹੈ। ਭਗਤ ਸਿੰਘ ਨੇ ਇਹ ਗੱਲ ਜਵਾਨੀ ਵਿੱਚ ਹੀ ਸਾਫ਼ ਕਰ ਦਿੱਤੀ ਸੀ ਕਿ ਸਾਮਰਾਜੀ ਰਾਜ ਪ੍ਬੰਧ ਨੂੰ ਖਤਮ ਕੀਤਿਆਂ ਬਿਨਾ ਤੇ ਸਾਂਝੀਵਾਲ ਰਾਜ ਪ੍ਬੰਧ ਸਿਰਜਿਆਂ ਬਿਨਾ ਮਨੁੱਖਤਾ ਦਾ ਕਲਿਆਣ ਨਹੀਂ ਹੋਣਾ। ਇਹ ਦੁਨੀਆਂ ਦੇ ਹਰ ਦੇਸ਼ ਦੀ ਲੋੜ ਹੈ। ਇਸਲਈ ਸਾਨੂੰ ਸਾਰਿਆਂ ਨੂੰ ਸਾਂਝੀਵਾਲਤਾ ਦਾ ਰਾਜ ਪ੍ਬੰਧ ਸਥਾਪਿਤ ਕਰਨ ਲਈ ਜੱਦੋਜਹਿਦ ਕਰਨੀ ਹੋਵੇਗੀ। ਇਸ ਮੌਕੇ ਡਾਕਟਰ ਗੁਰਸ਼ਰਨ ਸੋਹਲ ਨੇ ਭਗਤ ਦੀ ਵਿਲੱਖਣ ਲੋਕ ਪੱਖੀ ਸਖਸ਼ੀਅਤ ਨੂੰ ਦਰਸਾਉਂਦੀ ਨਜਮ ਪੇਸ਼ ਕੀਤੀ। ਫੈਡਰੇਸ਼ਨ ਪ੍ਧਾਨ ਅਜੇ ਸਨੋਤਰਾ ਤੇ ਜਨਰਲ ਸਕੱਤਰ ਜਸਵੰਤ ਰਾਏ ਤੇ ਅਧਿਆਪਕ ਆਗੂ ਰਕੇਸ਼ ਧਵਨ, ਸੁਰਿੰਦਰ ਸਿੰਘ ਤੇ ਬਲਕਾਰ ਸਿੰਘ ਵਲਟੋਹਾ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕਿਰਤ ਦੀ ਧਿਰ ਨੂੰ ਨਿਆਂ ਲੈਣ ਲਈ ਤੇ ਅਡਾਨੀਆਂ ਅੰਬਾਨੀਆਂ ਜਿਹੇ ਕਾਰਪੋਰੇਟਸ ਘਰਾਣਿਆਂ ਤੋਂ ਮੁਕਤੀ ਲਈ ਭਗਤ ਸਿੰਘ ਦੀ ਵਿਚਾਰਧਾਰਾ ਹੀ ਅਪਣਾਉਣੀ ਪਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਸੋਖੀ, ਹਰਦੇਵ ਭਕਨਾ, ਸ਼ਰਨਜੀਤ ਸਿੰਘ, ਰਜੇਸ਼ ਕੁਮਾਰ ਸਮੇਤ ਕਈ ਅਧਿਆਪਕ ਹਾਜ਼ਰ ਸਨ।