ਅੰਮ੍ਰਿਤਸਰ, 16 ਸਤੰਬਰ (ਅਰਵਿੰਦਰ ਵੜੈਚ) : ਦਰਗਾਹ ਬਾਬਾ ਬੁਰਜ ਸ਼ਾਹ ਜੀ ਮਾਨਾਵਾਲਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬੁਰਜ ਸ਼ਾਹ ਜੀ ਅਤੇ ਬਾਬਾ ਸਾਈਂ ਮੀਆਂ ਮੀਰ ਜੀ ਦਾ ਸਾਲਾਨਾ ਮੇਲਾ ਮੁੱਖ ਸੇਵਾਦਾਰ ਸ੍ਰੀ ਸੁਦੇਸ਼ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਹੋਰ ਪਤਵੰਤਿਆਂ ਨੇ ਮੱਥਾ ਟੇਕਿਆ।
ਦਰਗਾਹ ਦੇ ਮੁੱਖ ਸੇਵਾਦਾਰ ਸੁਦੇਸ਼ ਸ਼ਰਮਾ ਜੀ ਨੇ ਦੱਸਿਆ ਕਿ ਹਰ ਸਾਲ ਦੂਰੋਂ-ਦੂਰੋਂ ਹਜ਼ਾਰਾਂ ਲੋਕ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ ਅਤੇ ਇਹ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਜਾਂਦਾ ਹੈ, ਜਿਸ ਦੀਆਂ ਤਿਆਰੀਆਂ ਦੋ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸ ਦਰਬਾਰ ਦੀ ਖਾਸ ਗੱਲ ਇਹ ਹੈ ਕਿ ਇੱਥੇ ਪਿਛਲੇ 20 ਸਾਲਾਂ ਤੋਂ ਇੱਥੇ ਹਰ ਵੀਰਵਾਰ ਨੂੰ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੇਲੇ ਤੋਂ ਇਕ ਦਿਨ ਪਹਿਲਾਂ ਝੰਡਾ ਚੜ੍ਹਾਉਣ ਦੀ ਰਸਮ ਹੁੰਦੀ ਹੈ, ਉਪਰੰਤ ਪੰਚਾਮ੍ਰਿਤ ਨਾਲ ਦਰਬਾਰ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਮੇਲੇ ਵਾਲੇ ਦਿਨ ਸਵੇਰੇ ਚਾਦਰ ਚੜ੍ਹਾਉਣ ਦੀ ਰਸਮ ਹੁੰਦੀ ਹੈ ।ਇਸ ਦਿਨ ਲੰਗਰ ਅਟੁੱਟ ਚਲਦਾ ਰਹਿੰਦਾ ਹੈ।
ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ ਅਤੇ ਅਜਿਹਾ ਹੀ ਇੱਕ ਪੀਰਾਂ ਦਾ ਅਸਥਾਨ ਮਾਨਵਾਲਾ ਵਿਖੇ ਹੈ। ਲੋਕ ਇੱਥੇ ਸਾਲਾਂ ਤੋਂ ਸ਼ਰਧਾ ਦੀ ਭਾਵਨਾ ਨਾਲ ਮੱਥਾ ਟੇਕਣ ਆਉਂਦੇ ਹਨ। ਉਨ੍ਹਾਂ ਸਮੂਹ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ, ਸਾਬਕਾ ਕੈਬਨਿਟ ਮੰਤਰੀ ਡਾ: ਰਾਜਕੁਮਾਰ ਦੇ ਨਿੱਜੀ ਸਹਾਇਕ ਬੌਬੀ ਚੌਹਾਨ ਅਤੇ ਵਿਜੇ ਕੁਮਾਰ, ਨਰੇਸ਼ ਸ਼ਰਮਾ ਸੇਵਾਮੁਕਤ ਚੀਫ਼ ਇੰਜੀਨੀਅਰ, ਅੰਮਿ੍ਤਸਰ ਕੈਮਿਸਟ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਾਜਨ ਮਹਿਰਾ, ਵਿਪਨ ਕੁਮਾਰ ਰਾਣਾ, ਸੀਡੀ ਮਹਿਰਾ ਐਂਡ ਸੰਨਜ਼ ਦੇ ਐਮਡੀ ਨੀਤਨ ਮਹਿਰਾ ਸੋਨੂੰ, ਵਿਸ਼ਾਲ. ਕੁੰਦਰਾ ਵੀ ਹਾਜ਼ਰ ਸਨ।