ਕਈਆਂ ਦੀਆਂ ਮੁਸ਼ਕਲਾਂ ਸੁਣਕੇ ਮੌਕੇ ਤੇ ਨਿਪਟਾਰਾ ਕੀਤਾ
__________
ਅੰਮ੍ਰਿਤਸਰ,16 ਸਤੰਬਰ (ਅਰਵਿੰਦਰ ਵੜੈਚ)- ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਵੱਲੋਂ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਨਿਪਟਾਰੇ ਨੂੰ ਲੈ ਕੇ ਸ਼ੁਰੂ ਕੀਤੇ ਗਏ ਜਨਤਾ ਦਰਬਾਰ ਦੇ ਤਹਿਤ ਸ਼ੁੱਕਰਵਾਰ ਨੂੰ ਜਨਤਾ ਦਰਬਾਰ ਲਗਾਇਆ ਗਿਆ। ਜਿਸ ਵਿੱਚ ਕਮਿਸ਼ਨਰ ਕੁਮਾਰ ਸੋਰਭ ਰਾਜ ਦੇ ਅਦੇਸ਼ਾਂ ਮੁਤਾਬਿਕ ਜਾਇੰਟ ਕਮਿਸ਼ਨਰ ਹਰਦੀਪ ਸਿੰਘ ਵੱਲੋਂ ਫਰਿਆਦੀਆਂ ਦੀਆਂ ਮੁਸ਼ਕਲਾਂ ਨੂੰ ਸੁਣਕੇ ਕਈਆਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ। ਬਾਕੀ ਰਹਿੰਦੀਆਂ ਮੁਸ਼ਕਲਾਂ ਦੇ ਨਿਪਟਾਰੇ ਦੇ ਲਈ ਵੱਖ ਵੱਖ ਕੇਸਾਂ ਨੂੰ ਵਿਭਾਗਾਂ ਦੇ ਮੁਖੀਆਂ ਕੋਲ ਭੇਜ ਦਿੱਤਾ ਗਿਆ। ਲੋਕਾਂ ਦੀਆਂ ਜ਼ਿਆਦਾਤਰ ਮੁਸ਼ਕਲਾਂ ਐਮ.ਟੀ.ਪੀ ਵਿਭਾਗ,ਸਿਹਤ ਵਿਭਾਗ,ਸੀਵਰੇਜ ਅਤੇ ਪਾਣੀ ਦੇ ਵਿਭਾਗ ਨਾਲ ਸਬੰਧਤ ਹਨ।
ਕਮਿਸ਼ਨਰ ਕੁਮਾਰ ਸੋਰਭ ਰਾਜ ਅਤੇ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਨੇ ਕਿਹਾ ਕਿ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਦੇ ਲਈ ਜਨਤਾ ਦਰਬਾਰ ਸ਼ੁਰੂ ਕੀਤਾ ਗਿਆ ਹੈ। ਤਾਂ ਕਿ ਕਿਸੇ ਵੀ ਸ਼ਹਿਰਵਾਸੀ ਨੂੰ ਦਫ਼ਤਰਾਂ ਵਿੱਚ ਖੱਜਲ-ਖੁਆਰ ਨਾ ਹੋਣਾ ਪਵੇ। ਉਨ੍ਹਾਂ ਨੇ ਕਿਹਾ ਕਿ ਕਿਸੇ ਕੰਮ ਦੇ ਵਿੱਚ ਦੇਰੀ ਜਾਂ ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਉਹ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤੇ ਸੁਪਰਡੈਂਟ ਸੱਤਪਾਲ,ਅਸਟੇਟ ਅਧਿਕਾਰੀ ਧਰਮਿੰਦਰ ਸਿੰਘ,ਸਿਹਤ ਅਧਿਕਾਰੀ ਡਾ.ਕਿਰਨ ਕੁਮਾਰ,ਐਸ.ਈ ਅਨੁਰਾਗ ਮਹਾਜਨ,ਪ੍ਰਾਪਰਟੀ ਟੈਕਸ ਦੇ ਨੋਡਲ ਅਧਿਕਾਰੀ ਦਲਜੀਤ ਸਿੰਘ,ਸੁਪਰਡੈਂਟ ਜਸਵਿੰਦਰ ਸਿੰਘ,ਏ.ਟੀ.ਪੀ ਪਰਮਜੀਤ, ਸੁਪਰਡੈਂਟ ਨੀਰਜ ਭੰਡਾਰੀ, ਰਾਜ ਸੇਠੀ,ਬਬੀਤਾ ਖੰਨਾ ਸਮੇਤ ਹੋਰ ਕਈ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।