ਅੰਮ੍ਰਿਤਸਰ,15 ਸਤੰਬਰ (ਰਾਜਿੰਦਰ ਧਾਨਿਕ)- ਅਡਵਾਂਸ ਪਿਡੀਐਟਿ੍ਕ ਸੈਂਟਰ ਆਡੀਟੋਰੀਅਮ ਪੀ.ਜੀ.ਆਈ ਚੰਡੀਗੜ੍ਹ ਵਿਖੇ ਚੋਥੀ ਨੈਸ਼ਨਲ ਕਾਨਫਰੰਸ ਵਿੱਚ ਦੇਸ਼-ਵਿਦੇਸ਼ਾਂ ਦੇ ਕਰੀਬ 150 ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰ ਸਰਜਨਾਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕਰਦਿਆਂ ਇੱਕ ਦੂਸਰੇ ਨੂੰ ਜਾਗਰੂਕ ਕੀਤਾ ਗਿਆ। ਕਾਨਫਰੰਸ ਦੇ ਵਿੱਚ ਚੇਅਰਮੈਨ ਵਜੋਂ ਭਾਗ ਲੈਣ ਵਾਲੇ ਮਿਗਲਾਨੀ ਹਸਪਤਾਲ ਬਟਾਲਾ ਰੋਡ ਦੇ ਡਾ.ਐਚ. ਪੀ.ਐਸ ਮਿਗਲਾਨੀ ਨੂੰ ਉਨ੍ਹਾਂ ਵੱਲੋਂ ਸਮਰਪਿਤ ਸੇਵਾਵਾਂ ਭੇਂਟ ਕਰਨ ਵਜੋਂ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਡਾ.ਮਿਗਲਾਨੀ ਨੂੰ ਪਹਿਲਾਂ ਵੀ ਆਪਣੀ ਕਾਬਲੀਅਤ ਤੇ ਚੱਲਦਿਆਂ ਦੇਸ਼-ਵਿਦੇਸ਼ਾਂ ਦੀਆਂ ਅਨੇਕਾਂ ਕਾਨਫਰੰਸਾਂ, ਪ੍ਰੋਗਰਾਮਾਂ ਵਿੱਚ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਗੁਰੂ ਨਗਰੀ ਵਾਪਸ ਪਰਤੇ ਡਾ.ਐਚ.ਪੀ.ਐਸ ਮਿਗਲਾਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਡੀਐਟਿ੍ਕ ਸਰਜਨ ਆਨਕੋਲੋਜੀ (ਕੈਂਸਰ) ਦੇ ਵਿਸ਼ੇ ਤੇ ਦੇਸ਼ ਵਿਦੇਸ਼ਾਂ ਦੇ ਅਨੇਕਾਂ ਸਰਜਨਾਂ ਵੱਲੋਂ ਲੈਕਚਰ ਪੜੇ ਗਏ। ਇੱਕ ਦੂਸਰੇ ਦੇ ਨਾਲ ਆਪਣੇ ਤਜਰਬੇ ਸਾਂਝੇ ਕਰਨੇ ਬੱਚਿਆਂ ਦੇ ਚੰਗੇ ਇਲਾਜ ਦੇ ਲਈ ਫਾਇਦੇਮੰਦ ਹੋਣਗੇ। ਅਜਿਹੀਆਂ ਕਾਨਫਰੰਸਾਂ ਜਿਥੇ ਡਾਕਟਰਾਂ ਦੇ ਤਜ਼ਰਬਿਆਂ ਲਈ ਲਾਭਦਾਇਕ ਹੁੰਦੀਆਂ ਹਨ ਉਥੇ ਬੱਚਿਆਂ ਦੇ ਇਲਾਜ ਕਰ ਕੇ ਤੰਦਰੁਸਤ ਕਰਨ ਲਈ ਵੀ ਫਾਇਦੇਮੰਦ ਹੁੰਦੀਆਂ ਹਨ। ਵੱਖ-ਵੱਖ ਬੀਮਾਰੀਆਂ ਦੇ ਇਲਾਜ ਲਈ ਨਵੀਆਂ ਜਾਣਕਾਰੀਆਂ ਵੀ ਪ੍ਰਾਪਤ ਹੁੰਦੀਆਂ ਹਨ ਅਤੇ ਸਾਥੀ ਸਰਜਨਾਂ ਦੇ ਆਪਸੀ ਸਬੰਧ ਵੀ ਮਜ਼ਬੂਤ ਹੁੰਦੇ ਹਨ। ਜਿਸ ਨਾਲ ਮਰੀਜ਼ ਦਾ ਇਲਾਜ ਕਰਨਾ ਹੋਰ ਆਸਾਨ ਹੁੰਦਾ ਹੈ। ਕਾਨਫਰੰਸ ਵਿੱਚ ਜਰਮਨੀ ਤੋਂ ਡਾ.ਇਸੋ ਹਜ਼ਾਮਾਂ,ਸਪੇਨ ਤੋਂ ਡਾ. ਅਲੈਗਜ਼ੈਂਡਰ ਹਾਇਨਸ,ਦਿੱਲੀ ਤੋਂ ਡਾ.ਸੰਦੀਪ ਅਗਰਵਾਲ, ਡਾ.ਯੂਗੇਸ ਸ਼ਰੀਕ,ਮੁੰਬਈ ਤੋਂ ਡਾ.ਰਮੀਕ ਸ਼ਾਹ,ਡਾ. ਸੁਮੀਤਾ ਭਟਨਾਗਰ,ਪ੍ਰੋਫੈਸਰ ਆਈ.ਸੀ ਪਾਠਕ,ਪ੍ਰੋਫੈਸਰ ਕੇ.ਐੱਲ.ਐੱਨ ਰਾਓ,ਪ੍ਰੋਫੈਸਰ ਪ੍ਰੇਮ ਮੈਨਨ,ਡਾ. ਸਾਜਿਦ ਕੁਰੈਸ਼ੀ,ਡਾ.ਰਾਮ ਸਮਜੂ,ਡਾ.ਜੇ.ਕੇ ਮਹਾਜਨ, ਡਾ.ਨੀਤਿਨ ਪੀਟਰ ਸਮੇਤ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਹੋਰ ਦਰਜਨਾਂ ਸਰਜਨ ਮੌਜੂਦ ਸਨ।