ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਬਲਾਕ ਬੁਢਲਾਡਾ ਨੇ ਸਥਾਨਕ ਸਮੱਸਿਆਵਾਂ ਦਾ ਹੱਲ ਲਈ ਦਿੱਤਾ ਮੰਗ ਪੱਤਰ

0
35

ਬੁਢਲਾਡਾ, 5 ਸਤੰਬਰ-(ਦਵਿੰਦਰ ਸਿੰਘ ਕੋਹਲੀ)-ਅੱਜ ਇੱਥੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋੋਂ ਜਥੇਬੰਦੀ ਦੀ ਸੀਨੀਅਰ ਆਗੂ ਰਣਜੀਤ ਕੌਰ ਬਰੇਟਾ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਬੁਢਲਾਡਾ ਨੂੰ ਸੌਂਪ ਕੇ ਮੰਗ ਕੀਤੀ ਕਿ ਬਲਾਕ ਦੀਆਂ ਆਂਗਣਵਾੜੀ ਮੁਲਾਜ਼ਮਾਂ ਨੂੰ ਦਰਪੇਸ਼ ਸਥਾਨਕ ਸਮੱਸਿਆਵਾਂ ਦਾ ਫੌਰੀ ਹੱਲ ਕੀਤਾ ਜਾਵੇ। ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਪਾਸੇ ਵੱਲ ਧਿਆਨ ਨਾ ਦਿੱਤਾ ਤਾਂ ਆਂਗਣਵਾੜੀ ਮੁਲਾਜ਼ਮ ਮਜਬੂਰਨ ਸੰਘਰਸ਼ ਆਰੰਭ ਦੇਣਗੀਆਂ।
ਅੱਜ ਦੇ ਵਫਦ ਵਿੱਚ ਰਣਜੀਤ ਕੌਰ ਬਰੇਟਾ ਤੋਂ ਇਲਾਵਾ ਜਥੇਬੰਦੀ ਦੀਆਂ ਬਲਾਕ ਆਗੂਆਂ ਤੇਜਿੰਦਰ ਕੌਰ , ਮਨਜੀਤ ਕੌਰ ਬੀਰੋਕੇ ਕਲਾਂ , ਸ਼ਿੰਦਰ ਕੌਰ , ਰਜਨੀ ਬਰੇ , ਪਰਮਜੀਤ ਕੌਰ ਅਤੇ ਰਾਜ ਰਾਣੀ ਸ਼ਾਮਲ ਸਨ।
ਆਂਗਣਵਾੜੀ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪੋਸ਼ਣ ਟਰੈਕਰ ਐਪ ਦਾ ਉਦੋਂ ਤੱਕ ਬਾਈਕਾਟ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਆਂਗਣਵਾੜੀ ਮੁਲਾਜ਼ਮਾਂ ਨੂੰ ਮੋਬਾਇਲ ਫ਼ੋਨ ਅਤੇ ਮੋਬਾਇਲ ਫੋਨ ਭੱਤਾ ਨਹੀਂ ਦੇ ਦਿੰਦੀ।
ਵਫਦ ਨੇ ਇਹ ਵੀ ਮੰਗ ਕੀਤੀ ਕਿ ਬਲਾਕ ਬੁਢਲਾਡਾ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣਭੱਤਾ ਹਰ ਮਹੀਨੇ ਦੀ 7 ਤਾਰੀਖ ਤੱਕ ਖਾਤਿਆਂ ਵਿੱਚ ਪਾਉਣਾ ਯਕੀਨੀ ਬਣਾਇਆ ਜਾਵੇ। ਰਾਸ਼ਨ ਆਦਿ ਸਮੱਗਰੀ ਦਫਤਰ ਤੋਂ ਆਂਗਣਵਾੜੀ ਸੈਂਟਰਾਂ ਤੱਕ ਪਹੁੰਚਦੀ ਕੀਤੀ ਜਾਵੇ। ਆਂਗਣਵਾੜੀ ਮੁਲਾਜ਼ਮਾਂ ਨੂੰ ਦਫਤਰੀ ਕੰਮ ਕਰਨ ਦੇ ਹੁਕਮ ਜੁਬਾਨੀ ਅਤੇ ਫੋਨ ਦੇ ਜ਼ਰੀਏ ਨਾ ਕੀਤੇ ਜਾਣ। ਦਫਤਰੀ ਕੰਮ ਕਾਜ ਦੇ ਲਿਖਤੀ ਪੱਤਰ ਦੀ ਇੱਕ ਹਾਰਡ ਕਾਪੀ ਸਬੰਧਤ ਆਂਗਣਵਾੜੀ ਮੁਲਾਜ਼ਮਾਂ ਨੂੰ ਭੇਜੀ ਜਾਵੇ। ਰਾਸ਼ਣ ਸੈਂਟਰ ਟੂ ਸੈਂਟਰ ਭੇਜਿਆ ਜਾਣਾ ਯਕੀਨੀ ਬਣਾਇਆ ਜਾਵੇ। ਭਵਿੱਖ ਵਿੱਚ ਕੋਈ ਵੀ ਆਂਗਣਵਾੜੀ ਵਰਕਰ ਜਾਂ ਹੈਲਪਰ ਰਾਸ਼ਣ ਆਦਿ ਸਮਾਨ ਦਫਤਰ ਜਾਂ ਹੈੱਡਕੁਆਰਟਰ ਵਿੱਚੋਂ ਨਹੀਂ ਚੁੱਕੇਗੀ।

NO COMMENTS

LEAVE A REPLY