ਮਾਈਨਾਰਟੀਜ ਕਮਿਸ਼ਨ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਯੋਗਦਾਨ ਪਾਵੇ – ਅਦਲੀਵਾਲ

0
23

ਅੰਮ੍ਰਿਤਸਰ : 30 ਅਗਸਤ ( ਪਵਿੱਤਰ ਜੋਤ ) ਸ਼੍ਰੋਮਣੀ ਗੁ ਪ੍ਰ ਕਮੇਟੀ ਦੇ ਰਿਟਾਇਰਡ ਕਰਮਚਾਰੀਆਂ ਤੇ ਅਧਾਰਤ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ( ਰਜਿ) ਨੇ ਚੇਅਰਮੈਨ ,ਨੈਸ਼ਨਲ ਕਮਿਸ਼ਨ ਫਾਰ ਮਾਈਨਾਰਟੀਜ , ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸਜ਼ਾਵਾਂ ਭੁਗਤ ਚੁੱਕੇ,ਦਹਾਕਿਆਂ ਤੋਂ ਜੇਲ੍ਹਾਂ ਅੰਦਰ ਡੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਕਮਿਸ਼ਨ ਆਪਣਾ ਬਣਦਾ ਯੋਗਦਾਨ ਪਾਵੇ ।
ਐਸੋਸੀਏਸ਼ਨ ਦੇ ਪ੍ਰਧਾਨ ਸ ਜੋਗਿੰਦਰ ਸਿੰਘ ਅਦਲੀਵਾਲ ਨੇ ਮਾਈਨਾਰਟੀਜ ਕਮਿਸ਼ਨ ਦੇ ਚੇਅਰਮੈਨ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲਿਆਂ ਵਿੱਚੋਂ ਜੇਕਰ 97% ਸਿੱਖ ਸਨ ਤਾਂ ਦੇਸ਼ ਦੀ ਆਜ਼ਾਦੀ ਦੀ ਰਾਖੀ ਕਰਦਿਆਂ ਸਰਹੱਦਾਂ ਤੇ ਦੁਸ਼ਮਣ ਦੀਆਂ ਗੋਲੀਆਂ ਸਾਹਮਣੇ ਆਪਣੀਆਂ ਹਿੱਕਾਂ ਡਾਹੁਣ ਵਾਲਿਆਂ ਵਿੱਚੋਂ ਵੀ ਸਿੱਖ ਕਿਸੇ ਨਾਲੋਂ ਦੂਜੇ ਨੰਬਰ ਤੇ ਕਦੀ ਨਹੀਂ ਰਹੇ, ਬਾਵਜੂਦ ਇਸਦੇ ਕਿ ਉਹਨਾਂ ਨੂੰ ਉੱਤਰ ਭਾਰਤ ਵਿੱਚ ਇੱਕ ਆਜ਼ਾਦ ਖ਼ਿੱਤਾ ਦੇਣ ਦਾ ਵਿਸ਼ਵਾਸ ਦੁਆਉਣ ਵਾਲਿਆਂ ਦਾ ਅਸਲ ਚਿਹਰਾ ਉਸ ਵੇਲੇ ਹੀ ਨੰਗਾ ਹੋ ਗਿਆ ਸੀ ਜਦੋਂ ਇੱਕ ਪਾਸੇ ਅਜੇ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ ਅਤੇ ਦੂਜੇ ਪਾਸੇ 1948 ਵਿੱਚ ਹੀ ਪੰਜਾਬ ਦੇ ਗਵਰਨਰ ਵੱਲੋਂ ਇੱਕ ਗਸ਼ਤੀ ਪੱਤਰ ਜਾਰੀ ਕਰ ਦਿੱਤਾ ਗਿਆ ਸੀ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਤੇ ਨਜ਼ਰ ਰੱਖੀ ਜਾਵੇ।
ਜੋਗਿੰਦਰ ਸਿੰਘ ਅਦਲੀਵਾਲ, ਸ. ਕੁਲਵੰਤ ਸਿੰਘ ਰੰਧਾਵਾ, ਸ. ਰਾਜ ਸਿੰਘ ਬਜਾਜ, ਸ. ਬਲਵਿੰਦਰ ਸਿੰਘ ਜੌੜਾ ਸਿੰਘਾ, ਸ. ਦਿਲਜੀਤ ਸਿੰਘ ਬੇਦੀ , ਸ. ਸਤਬੀਰ ਸਿੰਘ ਧਾਮੀ ਅਤੇ ਸ. ਜਗਜੀਤ ਸਿੰਘ ਜੱਗੀ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਮਸ਼ੀਰ ਚੋਂ ਜਨਮੀ ਇਸ ਸ਼ੇਰਾਂ ਦੀ ਕੌਮ ਨੇ ਹਮੇਸ਼ਾਂ ਸਿਰ ਝੁਕਾਉਣ ਨਾਲ਼ੋਂ ਸਿਰ ਕਟਵਾਉਣ ਨੂੰ ਤਰਜੀਹ ਦਿੱਤੀ ਹੈ, ਬੇਸ਼ੱਕ ਆਪਣੀ ਹੋਂਦ ਜਤਾਉਂਦਿਆ ਉਹਨਾਂ ਨੂੰ ਕਾਲ ਕੋਠੜੀਆਂ ਹੀ ਨਸੀਬ ਹੋਈਆਂ ਹਨ। ਉਹਨਾਂ ਕਿਹਾ ਹੈ ਕਿ ਹਰ ਮੁਲਕ ਦਾ ਆਪਣਾ ਸੰਵਿਧਾਨ , ਕਨੂੰਨ, ਨਿਆਪਾਲਕਾ ਅਤੇ ਪ੍ਰਸ਼ਾਸਨ ਹੁੰਦਾ ਹੈ ਜੋ ਭਾਰਤ ਦੇਸ਼ ਵਿੱਚ ਵੀ ਹੈ ਅਤੇ ਸਿੱਖ ਕੌਮ, ਜਿਸ ਨੂੰ ਗੁੜ੍ਹਤੀ ਹੀ ਦੇਸ਼ ਭਗਤੀ ਦੀ ਮਿਲੀ ਹੈ, ਦੇਸ਼ ਦੇ ਸੰਵਿਧਾਨ ਅਤੇ ਕਨੂੰਨ ਵਿਵਸਥਾ ਵਿੱਚ ਵਿਸ਼ਵਾਸ ਰੱਖਦੀ ਹੈ । ਅਫ਼ਸੋਸ ਦੀ ਗੱਲ ਹੈ ਕਿ ਸਮੇਂ ਸਮੇਂ ਦੀਆਂ ਦੇਸ਼ ਦੀਆਂ ਸਰਕਾਰਾਂ ਅਤੇ ਹਾਕਮਾਂ ਵੱਲੋਂ ਸਿੱਖਾਂ ਨਾਲ ਪੱਖਪਾਤ ਅਤੇ ਜ਼ੁਲਮ ਦਾ ਬੁਲਡੋਜ਼ਰ ਨਿਰੰਤਰ ਚੱਲਦਾ ਰਹਿੰਦਾ ਹੈ ।
ਉਹਨਾ ਕਿਹਾ ਹੈ ਕਿ ਆਪ ਭਲੀ ਭਾਂਤ ਜਾਣਦੇ ਹੋ ਕਿ ਇਸ ਸਮੇਂ ਵੱਡੀ ਗਿਣਤੀ ਵਿੱਚ ਸਿੱਖ, ਝੂਠੇ ਕੇਸਾਂ ਵਿੱਚ ਸਲਾਖਾਂ ਪਿੱਛੇ ਡੱਕੇ ਹੋਏ ਹਨ ਅਤੇ ਸਰਕਾਰੀ ਜ਼ੁਲਮ ਜਬਰ ਅਤੇ ਧੱਕੇ ਦੀ ਇੰਤਹਾਅ ਹੀ ਕਹੀ ਜਾ ਸਕਦੀ ਹੈ ਕਿ ਉਹ ਸਿੱਖ, ਜਿਨ੍ਹਾ ਨੇ ਮਾਨਯੋਗ ਅਦਾਲਤਾਂ ਵੱਲੋਂ ਕਨੂੰਨੀ ਪ੍ਰਕਿਰਿਆ ਤਹਿਤ ਦਿੱਤੀ ਗਈ ਸਜ਼ਾ ਪੂਰੀ ਭੁਗਤ ਵੀ ਲਈ ਹੈ ਅਤੇ ਸਜ਼ਾ ਖਤਮ ਹੋਏ ਨੂੰ ਵੀ ਦਹਾਕੇ ਬੀਤ ਚੁੱਕੇ ਹਨ, ਉਹਨਾਂ ਨੂੰ ਵੀ ਰਿਹਾਅ ਕਰਨ ਤੋਂ ਸਰਕਾਰਾਂ ਆਨਾਕਾਨੀ ਕਰ ਰਹੀਆਂ ਹਨ। ਇਹਨਾਂ ਵਿੱਚੋਂ ਕਈਆਂ ਦੀ ਸਿਹਤ ਬਹੁਤ ਹੀ ਖਰਾਬ ਹੋ ਚੁੱਕੀ ਹੈ, ਪਰ ਸਰਕਾਰਾਂ ਪਤਾ ਨਹੀਂ ਇਹਨਾਂ ਨਾਲ ਐਨਾ ਕਿਓ ਖਫਾ ਹਨ ਜਦਕਿ ਸਮੂਹਕ ਬਲਾਤਕਾਰ ਅਤੇ ਸਮੂਹਿਕ ਕਤਲਾਂ ਦੇ ਦੋਸ਼ੀਆਂ ਨੂੰ ਦੋਸ਼ ਮੁਕਤ ਕਰ ਕੇ ਰਿਹਾਅ ਕੀਤਾ ਜਾਂਦਾ ਹੈ ਅਤੇ ਕਿਸੇ ਹੋਰ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿੱਚ ਸਜ਼ਾਯਾਫਤਾ ਨੂੰ ਆਏ ਦਿਨ ਪੈਰੋਲ ਤੇ ਰਿਹਾਅ ਕਰ ਦਿੱਤਾ ਜਾਂਦਾ ਹੈ । ਦੇਸ਼ ਆਜ਼ਾਦੀ ਦੇ ਦਿਹਾੜੇ ਤੇ ਜਾਂ ਹੋਰ ਇਤਿਹਾਸਕ ਦਿਹਾੜਿਆਂ ਦੇ ਅਵਸਰ ਤੇ ਵੀ ਕੈਦੀਆਂ ਨੂੰ ਕੁਝ ਸਜ਼ਾ ਰਹਿੰਦੀ ਹੋਣ ਤੇ ਵੀ ਰਿਹਾਅ ਕੀਤਾ ਜਾਂਦਾ ਹੈ ਪਰ ਅਦਾਲਤਾਂ ਵੱਲੋਂ ਦੇਸ਼ ਦੇ ਕਨੂੰਨ ਅਨੁਸਾਰ ਸੁਣਾਈਆਂ ਸਜ਼ਾਵਾਂ ਤੋਂ ਦਸ- ਦਸ ਸਾਲ ਵੱਧ ਜੇਲਾਂ ਕੱਟਣ ਵਾਲਿਆਂ ਦੀ ਰਿਹਾਈ ਵੱਲੋਂ ਸਿਰ ਫੇਰ ਦਿੱਤਾ ਜਾਂਦਾ ਹੈ ਜੋ ਕਿ ਅਦਾਲਤਾਂ ਦੀ ਮਾਨਹਾਨੀ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਦੀ ਵੀ ਉਲ਼ੰਘਣਾ ਹੈ ।
ਆਪ ਇਸ ਸਮੇਂ ਨੈਸ਼ਨਲ ਕਮਿਸ਼ਨ ਫਾਰ ਮਾਈਨਾਰਟੀਜ ਦੇ ਚੇਅਰਮੈਨ ਹੋਣ ਦੇ ਨਾਲ ਨਾਲ ਇੱਕ ਗੁਰਸਿੱਖ ਵੀ ਹੋ ਅਤੇ ਕੌਮ ਪ੍ਰਤੀ ਦਰਦ ਵੀ ਰੱਖਦੇ ਹੋ ਇਸ ਲਈ ਸਮੁੱਚੀ ਸਿੱਖ ਕੌਮ ਆਪ ਜੀ ਪਾਸੋਂ ਆਸ ਰੱਖਦੀ ਹੈ ਕਿ ਆਪ ਆਪਣੇ ਅਹੁਦੇ ਦਾ ਅਸਰ ਰਸੂਖ ਵਰਤ ਕੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਉਪ੍ਰੰਤ ਵੀ ਦਹਾਕਿਆਂ ਤੋਂ ਕਾਲ ਕੋਠੜੀਆਂ ਅੰਦਰ ਡੱਕੇ ਆਪਣੇ ਸਿੱਖ ਵੀਰਾਂ ਨੂੰ ਰਿਹਾਅ ਕਰਵਾਉਣ ਲਈ ਆਹ ਦਾ ਨਾਅਰਾ ਮਾਰੋਗੇ ਜੋ ਆਪ ਜੀ ਦੀ ਵਡਮੁੱਲੀ ਕੌਮੀ ਸੇਵਾ ਹੋਵੇਗੀ।

NO COMMENTS

LEAVE A REPLY